ਬਠਿੰਡਾ-ਗੋਨਿਆਣਾ ਹਾਈਵੇ ''ਤੇ ਸਥਿਤ ਮਹਿੰਗਾ ਸਕੂਲ ਬਣਿਆ ਬੱਚਿਆਂ ਦੀ ਜਾਨ ਦਾ ਖੌਅ

Tuesday, Nov 18, 2025 - 06:22 PM (IST)

ਬਠਿੰਡਾ-ਗੋਨਿਆਣਾ ਹਾਈਵੇ ''ਤੇ ਸਥਿਤ ਮਹਿੰਗਾ ਸਕੂਲ ਬਣਿਆ ਬੱਚਿਆਂ ਦੀ ਜਾਨ ਦਾ ਖੌਅ

ਗੋਨਿਆਣਾ ਮੰਡੀ (ਗੋਰਾ ਲਾਲ) : ਬਠਿੰਡਾ-ਗੋਨਿਆਣਾ ਨੈਸ਼ਨਲ ਹਾਈਵੇ ਉੱਤੇ ਸਥਿਤ ਜ਼ਿਲ੍ਹਾ ਬਠਿੰਡਾ ਦਾ ਇਕ ਨਾਮੀ ਅਤੇ ਮਹਿੰਗਾ ਸਕੂਲ ਆਪਣੇ ਸ਼ਾਨਦਾਰ ਬਿਲਡਿੰਗ, ਹੈਰਾਨ ਕਰਨ ਵਾਲੀਆਂ ਫੀਸਾਂ ਅਤੇ ਮੋਡਰਨ ਫੈਸਿਲਟੀਜ਼ ਦੇ ਕਾਰਨ ਭਾਵੇਂ “ਵੱਡੇ ਸਕੂਲਾਂ” ਦੀ ਲਿਸਟ ਵਿਚ ਆਉਂਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਇਹ ਸਕੂਲ ਪੂਰੀ ਤਰ੍ਹਾਂ ਫੇਲ ਹੈ, ਇਹ ਖੁਲਾਸਾ ਮਾਪਿਆਂ ਅਤੇ ਪ੍ਰਾਈਵੇਟ ਵੈਨ ਚਾਲਕਾਂ ਵੱਲੋਂ ਕੀਤੇ ਗਏ ਖੁਲਾਸਿਆਂ ਦੁਆਰਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਸਕੂਲ ਆਪਣੇ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਲੈ ਕੇ ਹਰ ਮਹੀਨੇ ਕਰੋੜਾਂ ਰੁਪਏ ਇਕੱਠੇ ਕਰਦਾ ਹੈ ਪਰ ਬੱਚਿਆਂ ਦੀ ਜਾਨ ਸਬੰਧੀ ਲਾਪਰਵਾਹੀ ਇਸ ਕਦਰ ਹੈ ਕਿ ਸਕੂਲ ਮੈਨੇਜਮੈਂਟ ਜਾਣ ਬੁੱਝ ਕੇ ਉਨ੍ਹਾਂ ਬੱਚਿਆਂ ਨੂੰ ਸਕੂਲ ਦੇ ਬਾਹਰ ਸੜਕ ’ਤੇ ਉਤਾਰਨ ਲਈ ਮਜਬੂਰ ਕਰ ਰਹੀ ਹੈ ਜੋ ਪ੍ਰਾਈਵੇਟ ਵੈਨਾਂ ਜਾਂ ਆਪਣੀਆਂ ਗੱਡੀਆਂ ਰਾਹੀਂ ਸਕੂਲ ਆਉਂਦੇ ਹਨ। ਦੂਜੇ ਪਾਸੇ ਸਕੂਲ ਦੇ ਆਪਣੀਆਂ ਮਹਿੰਗੀਆਂ ਬੱਸਾਂ ਵਿਚ ਲਿਜਾਏ ਜਾਣ ਵਾਲੇ ਬੱਚਿਆਂ ਨੂੰ ਸਕੂਲ ਦੇ ਅੰਦਰ ਗਰਾਊਂਡ ਜਾਂ ਸੁਰੱਖਿਅਤ ਜਗ੍ਹਾ ’ਤੇ ਉਤਾਰਿਆ ਜਾਂਦਾ ਹੈ। ਇਹ ਦੋਹਰਾ ਮਾਪਦੰਡ ਨਾ ਕੇਵਲ ਬੱਚਿਆਂ ਨਾਲ ਅਸਮਾਨਤਾ ਹੈ, ਸਗੋਂ ਬੱਚਿਆਂ ਦੀ ਜਾਨ ਨਾਲ ਖੁੱਲ ਖੇਡੀ ਜਾ ਰਹੀ ਆਮ ਖੇਡ ਹੈ।

ਸੂਤਰਾਂ ਅਨੁਸਾਰ, ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀ ਰਫਤਾਰ ਹਮੇਸ਼ਾਂ ਜ਼ਿਆਦਾ ਰਹਿੰਦੀ ਹੈ ਅਤੇ ਇੱਥੇ ਹਰ ਸਮੇਂ ਭਾਰੀ ਆਵਾਜਾਈ ਰਹਿੰਦੀ ਹੈ ਜਿਸ ਕਰਕੇ ਬੱਚਿਆਂ ਨੂੰ ਸੜਕ ’ਤੇ ਉਤਾਰਨਾ ਇਕ ਵੱਡੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਕਈ ਵਾਰੀ ਮਾਪਿਆਂ ਅਤੇ ਪ੍ਰਾਈਵੇਟ ਵੈਨ ਓਪਰੇਟਰਾਂ ਨੇ ਸਕੂਲ ਮੈਨੇਜਮੈਂਟ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਬੱਚਿਆਂ ਨੂੰ ਅੰਦਰ ਉਤਾਰਨ ਦੀ ਇਜਾਜ਼ਤ ਦਿੱਤੀ ਜਾਵੇ, ਪਰ ਸਕੂਲ ਮੈਨੇਜਮੈਂਟ ਦੀ “ਮਹਿੰਗੀਆਂ ਬੱਸਾਂ” ਮਹਿੰਗੇ ਕਿਰਾਏ ਦੀ ਲਾਲਚ ਇਨ੍ਹਾਂ ਬੱਚਿਆਂ ਦੀ ਜਾਨ ਤੋਂ ਵੀ ਵੱਧ ਮਹੱਤਵਪੂਰਨ ਬਣ ਚੁੱਕੀ ਹੈ। ਇੱਥੋ ਤੱਕ ਕਿ ਜਦੋਂ ਵੈਨ ਡਰਾਈਵਰਾਂ ਨੇ ਇਸ ਸਮੱਸਿਆ ਨੂੰ ਉਠਾਇਆ ਤਾਂ ਸਕੂਲ ਨੇ ਬੱਚਿਆਂ ਦੀ ਸੁਰੱਖਿਆ ਦੇ ਹੱਕ ’ਚ ਫੈਸਲਾ ਕਰਨ ਦੀ ਬਜਾਏ ਆਰ.ਟੀ.ਓ. ਨੂੰ ਚਿੱਠੀ ਲਿਖ ਕੇ ਪ੍ਰਾਈਵੇਟ ਵੈਨ ਚਾਲਕਾਂ ਖ਼ਿਲਾਫ ਕਾਰਵਾਈ ਦੀ ਮੰਗ ਕਰ ਦਿੱਤੀ, ਤਾਂ ਜੋ ਪ੍ਰਭਾਵਿਤ ਮਾਪੇ ਕਿਸੇ ਤਰੀਕੇ ਨਾਲ ਸਕੂਲ ਦੀਆਂ ਮਹਿੰਗੀਆਂ ਬੱਸਾਂ ਦੀ ਸੇਵਾ ਲੈਣ ਲਈ ਮਜਬੂਰ ਹੋਣ।

ਇਹ ਵੀ ਹੈਰਾਨ ਕਰਨ ਵਾਲੀ ਗਲ ਹੈ ਕਿ ਸਕੂਲ ਪ੍ਰਿੰਸੀਪਲ ਖੁਦ ਕਹਿੰਦਾ ਹੈ ਕਿ ਉਹ ਮਾਪਿਆਂ ਨੂੰ ਪੱਤਰ ਲਿਖ ਕੇ ਬੱਚੇ ਸਕੂਲ ਦੀਆਂ ਬੱਸਾਂ ’ਤੇ ਲਗਾਉਣ ਲਈ ਕਹਿੰਦੇ ਹਨ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਅੰਦਰ ਉਤਾਰਿਆ ਜਾ ਸਕੇ। ਇਸ ਬਿਆਨ ’ਤੇ ਲੋਕਾਂ ਦਾ ਤਿੱਖਾ ਰਿਐਕਸ਼ਨ ਆ ਰਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਸਾਰੇ ਬੱਚਿਆਂ ਦੀ ਹੁੰਦੀ ਹੈ, ਨਾ ਕਿ ਉਨ੍ਹਾਂ ਦੀ ਜੋ ਮੋਟੀ ਫੀਸ ਦੇ ਕੇ ਮਹਿੰਗੀ ਬੱਸ ਵਿਚ ਬਹਿਣ ਦੀ ਸਮਰੱਥਾ ਰੱਖਦੇ ਹਨ। ਜੇਕਰ ਸੁਰੱਖਿਆ ਜ਼ਰੂਰੀ ਹੈ ਤਾਂ ਉਹ ਹਰ ਬੱਚੇ ਲਈ ਹੈ। ਮਾਹਿਰਾਂ, ਪੁਲਸ ਅਧਿਕਾਰੀਆਂ ਅਤੇ ਹਾਈਵੇ ਸੇਫਟੀ ਡਿਪਾਰਟਮੈਂਟ ਦੇ ਅਧਿਕਾਰੀਆਂ ਅਨੁਸਾਰ, ਬੱਚਿਆਂ ਨੂੰ ਨੈਸ਼ਨਲ ਹਾਈਵੇ ਤੇ ਉਤਾਰਨਾ ਕਾਨੂੰਨੀ ਮਾਪਦੰਡਾਂ ਦੇ ਖ਼ਿਲਾਫ ਹੈ। ਸੁਰੱਖਿਆ ਨਿਯਮਾਂ ਮੁਤਾਬਕ ਜਿੱਥੇ ਭਾਰੀ ਟ੍ਰੈਫਿਕ ਹੋਵੇ, ਉੱਥੇ ਵਿਦਿਆਰਥੀਆਂ ਨੂੰ ਉਤਾਰਨ ਜਾਂ ਚੜ੍ਹਾਉਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਜੋ ਸਕੂਲ ਇਸ ਤਰ੍ਹਾਂ ਦੀ ਲਾਪਰਵਾਹੀ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਬਠਿੰਡਾ ਦਾ ਇਹ ਨਾਮੀ ਸਕੂਲ, ਜੋ ਆਪਣੇ ਆਪ ਨੂੰ “ਸਭ ਤੋਂ ਵਧੀਆ ਸਿੱਖਿਆ ਸੰਸਥਾ” ਕਹਿੰਦਾ ਹੈ, ਉਹ ਕਾਨੂੰਨੀ ਨਿਯਮਾਂ ਦੀ ਵੀ ਖੁੱਲ੍ਹੇਆਮ ਉਲੰਘਣਾ ਕਰ ਰਿਹਾ ਹੈ।

ਮਹਿੰਗੇ ਸਕੂਲ ਪ੍ਰਿੰਸੀਪਲ ਦਾ ਕੀ ਕਹਿਣਾ ਹੈ 

“ਅਸੀਂ ਬੱਚਿਆਂ ਦੀ ਸੁਰੱਖਿਆ ਲਈ ਹਮੇਸ਼ਾਂ ਚਿੰਤਤ ਰਹੀਦੇ ਹਾਂ। ਮਾਪਿਆਂ ਨੂੰ ਕਈ ਵਾਰੀ ਲਿਖਤੀ ਪੱਤਰ ਭੇਜੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦੀਆਂ ਬੱਸਾਂ ਵਿਚ ਲਗਾਓ ਤਾਂ ਜੋ ਉਨ੍ਹਾਂ ਨੂੰ ਅੰਦਰ ਸੁਰੱਖਿਅਤ ਜਗ੍ਹਾ ’ਤੇ ਉਤਾਰਿਆ ਜਾ ਸਕੇ। ਸੁਰੱਖਿਆ ਸਾਡੀ ਪ੍ਰਾਇਰਟੀ ਹੈ ਅਤੇ ਬੱਚੇ ਜੇਕਰ ਆਪਣੀ ਬੱਸਾਂ ’ਚ ਨਹੀਂ ਆਉਂਦੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ।” ਇਹ ਬਿਆਨ ਸਿਰਫ਼ ਇਹ ਦਰਸਾਉਂਦਾ ਹੈ ਕਿ ਸਕੂਲ ਅਨੁਸਾਰ ਸੁਰੱਖਿਆ ਮੌਜੂਦ ਹੈ ਪਰ ਸਿਰਫ਼ ਉਨ੍ਹਾਂ ਲਈ ਜੋ ਮਹਿੰਗੀ ਬੱਸ ਦਾ ਕਿਰਾਇਆ ਭਰ ਸਕਦੇ ਹਨ, ਬਾਕੀ ਬੱਚਿਆਂ ਦੀ ਜਾਨ ਦੀ ਕੋਈ ਕੀਮਤ ਨਹੀਂ।


author

Gurminder Singh

Content Editor

Related News