ਮੇਅਰ ਦੇ ਸਮਰਥਕ ਸ਼ਾਮ ਲਾਲ ਜੈਨ ਬਣੇ ਬਠਿੰਡਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ
Tuesday, Nov 04, 2025 - 03:28 PM (IST)
ਬਠਿੰਡਾ (ਵਿਜੇ ਵਰਮਾ) : ਨਗਰ ਨਿਗਮ ਬਠਿੰਡਾ ਦੀ ਮੰਗਲਵਾਰ ਦੁਪਹਿਰ ਨੂੰ ਜਨਰਲ ਹਾਊਸ ਮੀਟਿੰਗ ਦੌਰਾਨ ਹੋਈ ਵੋਟਿੰਗ 'ਚ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਸਮਰਥਕ ਪਾਰਸ਼ਦ ਸ਼ਾਮ ਲਾਲ ਜੈਨ ਨੇ ਸਪੱਸ਼ਟ ਬਹੁਮਤ ਨਾਲ ਜਿੱਤ ਦਰਜ ਕੀਤੀ। ਜੈਨ ਨੂੰ ਕੁੱਲ 30 ਕੌਂਸਲਰਾਂ ਦਾ ਸਮਰਥਨ ਮਿਲਿਆ, ਜਦਕਿ ਵਿਰੋਧੀ ਉਮੀਦਵਾਰ ਕਾਂਗਰਸ ਕੌਂਸਲਰ ਹਰਵਿੰਦਰ ਸਿੰਘ ਲੱਡੂ ਨੂੰ ਸਿਰਫ 12 ਵੋਟਾਂ ਹੀ ਮਿਲੀਆਂ। ਚੋਣ ਪ੍ਰਕਿਰਿਆ ਦੌਰਾਨ ਨਾਟਕੀ ਮੋੜ ਉਸ ਸਮੇਂ ਆਇਆ, ਜਦੋਂ ਵੋਟਿੰਗ ਸ਼ੁਰੂ ਹੋਣ ਨਾਲ ਹੀ ਕਾਂਗਰਸ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਨੇ ਨਤੀਜਾ ਆਉਣ ਤੋਂ ਪਹਿਲਾਂ ਹੀ ਸਦਨ ਵਿੱਚ ਖੜ੍ਹ ਕੇ ਆਪਣਾ ਨਾਂ ਵਾਪਸ ਲੈ ਲਿਆ ਅਤੇ ਸ਼ਾਮ ਲਾਲ ਜੈਨ ਦੇ ਹੱਕ ਵਿੱਚ ਸਮਰਥਨ ਦਾ ਐਲਾਨ ਕਰ ਦਿੱਤਾ।
ਇਸ ਤੋਂ ਬਾਅਦ ਦੂਜੇ ਪਾਸੇ ਦੀ ਵੋਟਿੰਗ ਪ੍ਰਕਿਰਿਆ ਰੋਕ ਦਿੱਤੀ ਗਈ ਅਤੇ ਜੈਨ ਨੂੰ ਜੇਤੂ ਐਲਾਨ ਦਿੱਤਾ ਗਿਆ। ਮੇਅਰ ਸਮਰਥਕ ਗਰੁੱਪ ਨੇ ਇੱਕ ਵਾਰ ਫਿਰ ਵਿਰੋਧੀਆਂ 'ਤੇ ਬੜ੍ਹਤ ਹਾਸਲ ਕਰਦਿਆਂ ਨਿਗਮ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਨਤੀਜੇ ਆਉਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਬਣੇ ਸ਼ਾਮ ਲਾਲ ਜੈਨ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨਗੇ। ਜਨਰਲ ਹਾਊਸ ਦੀ ਮੀਟਿੰਗ ਦੀ ਅਗਵਾਈ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤੀ। ਉਨ੍ਹਾਂ ਨੇ ਮੀਟਿੰਗ ਦੌਰਾਨ ਕੌਂਸਲਰ ਸ਼ਾਮ ਲਾਲ ਜੈਨ ਦਾ ਨਾਂ ਸੀਨੀਅਰ ਡਿਪਟੀ ਮੇਅਰ ਅਹੁਦੇ ਲਈ ਪ੍ਰਸਤਾਵਿਤ ਕੀਤਾ, ਜਦਕਿ ਕਾਂਗਰਸ ਵੱਲੋਂ ਹਰਵਿੰਦਰ ਸਿੰਘ ਲੱਡੂ ਨੂੰ ਉਮੀਦਵਾਰ ਬਣਾਇਆ ਗਿਆ ਸੀ। ਮੀਟਿੰਗ ਵਿੱਚ ਕੁੱਲ 42 ਕੌਂਸਲਰ ਹਾਜ਼ਰ ਸਨ, ਜਦੋਂ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਸਮਰਥਕ 8 ਕੌਂਸਲਰ ਗੈਰ-ਹਾਜ਼ਰ ਰਹੇ।
ਨਤੀਜਿਆਂ ਅਨੁਸਾਰ ਮਨਪ੍ਰੀਤ ਬਾਦਲ ਗਰੁੱਪ ਨੇ ਵੀ ਪਹਿਲਾਂ ਵਾਂਗ ਮੇਅਰ ਮਹਿਤਾ ਦਾ ਹੀ ਸਮਰਥਨ ਕੀਤਾ। ਇਸੇ ਦੌਰਾਨ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਤਿੰਨ ਸਮਰਥਕ ਪਾਰਸ਼ਦ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਦੱਸਣਯੋ ਹੈ ਕਿ 6 ਫ਼ਰਵਰੀ 2025 ਨੂੰ ਸਾਬਕਾ ਮੇਅਰ ਰਮਨ ਗੋਯਲ ਦੇ ਅਸਤੀਫ਼ੇ ਤੋਂ ਬਾਅਦ ਹੋਈ ਚੋਣ ਵਿੱਚ ਪਦਮਜੀਤ ਸਿੰਘ ਮਹਿਤਾ ਨੇ 33 ਕੌਂਸਲਰਾਂ ਦਾ ਸਮਰਥਨ ਪ੍ਰਾਪਤ ਕਰਕੇ ਮੇਅਰ ਦਾ ਅਹੁਦਾ ਸੰਭਾਲਿਆ ਸੀ। ਉਸ ਵੇਲੇ ਆਮ ਆਦਮੀ ਪਾਰਟੀ ਦਾ ਕੋਈ ਕੌਂਸਲਰ ਉਨ੍ਹਾਂ ਦੇ ਨਾਲ ਨਹੀਂ ਸੀ, ਪਰ ਕਾਂਗਰਸ ਅਤੇ ਮਨਪ੍ਰੀਤ ਬਾਦਲ ਸਮਰਥਕ ਪਾਰਸ਼ਦਾਂ ਦੇ ਸਹਿਯੋਗ ਨਾਲ ਉਹ ਮੇਅਰ ਬਣੇ ਸਨ। ਇਸ ਤੋਂ ਬਾਅਦ 2 ਮਈ 2025 ਨੂੰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਹ ਅਹੁਦਾ ਖ਼ਾਲੀ ਸੀ। ਹੁਣ ਜਦ ਨਗਰ ਨਿਗਮ ਦਾ ਕਾਰਜਕਾਲ ਖ਼ਤਮ ਹੋਣ ਵਿੱਚ ਕੁੱਝ ਹੀ ਮਹੀਨੇ ਬਾਕੀ ਹਨ, ਇਸ ਚੋਣ ਨੂੰ ਮੇਅਰ ਮਹਿਤਾ ਲਈ ਇੱਕ ਸਿਆਸੀ ਪਰਖ ਮੰਨਿਆ ਜਾ ਰਿਹਾ ਸੀ। ਉਨ੍ਹਾਂ ਸਾਬਤ ਕੀਤਾ ਕਿ ਮੇਅਰ ਬਣਦੇ ਸਮੇਂ ਜਿਨ੍ਹਾਂ 30 ਕੌਂਸਲਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ, ਉਹ ਅੱਜ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ।
