ਬਾਸਮਤੀ ਝੋਨੇ ਦੀ ਘੱਟ ਪੈਦਾਵਾਰ, ਕਿਸਾਨਾਂ ਵੱਲੋਂ ਭਾਅ ਵਧਾਉਣ ਦੀ ਮੰਗ
Tuesday, Nov 11, 2025 - 01:15 AM (IST)
ਬੁਢਲਾਡਾ (ਮਨਜੀਤ) - ਪੰਜਾਬ ਅੰਦਰ ਬਾਸਮਤੀ ਝੋਨੇ ਦੀ ਇਸ ਵਾਰ ਘੱਟ ਪੈਦਾਵਾਰ ਨੂੰ ਲੈ ਕੇ ਕਿਸਾਨ ਗੁਰਜੰਟ ਸਿੰਘ, ਕਿਸਾਨ ਹੁਸ਼ਿਆਰ ਸਿੰਘ, ਸੇਵਕ ਸਿੰਘ, ਜਤਿੰਦਰ ਸਿੰਘ ਨੇ ਸਰਕਾਰ ਤੋਂ ਇਸ ਦੇ ਭਾਅ ਵਿੱਚ ਪ੍ਰਤੀ ਕੁਇੰਟਲ 1 ਹਜ਼ਾਰ ਰੁਪਇਆ ਵਾਧਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਝੰਬਿਆ ਪਿਆ ਹੈ। ਉੱਪਰੋਂ ਬਾਸਮਤੀ ਝੋਨੇ ਦੀ ਘੱਟ ਪੈਦਾਵਾਰ, ਮੀਂਹ ਦੀ ਮਾਰ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਿਸ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਹ ਵਾਧਾ ਫੌਰੀ ਤੌਰ 'ਤੇ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਬਾਸਮਤੀ ਝੋਨਾ ਹੁਣ 3400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਹੈ, ਉਸ ਦੀ ਕੀਮਤ 4500 ਦੇ ਕਰੀਬ ਕਰਨੀ ਬਣਦੀ ਹੈ। ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਾਸਮਤੀ ਝੋਨੇ ਦਾ ਭਾਅ ਅਸਮਾਨ ਛੂਹੇਗਾ ਕਿਉਂਕਿ ਇਸ ਵਾਰ ਬਾਸਮਤੀ ਝੋਨੇ ਦੀ ਘੱਟ ਪੈਦਾਵਾਰ ਹੋਈ ਹੈ। ਜਿਸ ਨੂੰ ਲੈ ਕੇ ਕਿਸਾਨ ਇੱਕ ਪਾਸੇ ਕੇਂਦਰ ਸਰਕਾਰ ਤੋਂ ਭਾਅ ਦੇ ਵਿੱਚ ਵਾਧਾ ਕਰਨ ਦੀ ਮੰਗ ਕਰ ਰਹੇ ਹਨ ਅਤੇ ਦੂਸਰੇ ਪਾਸੇ ਭਾਅ ਵਧਦੇ ਨੂੰ ਦੇਖ ਕੇ ਕਿਸਾਨ ਬਾਸਮਤੀ ਝੋਨਾ ਵੀ ਆਪਣੇ ਸਟੋਰ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਗੱਗੀ ਕਲੀਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬਿਨ੍ਹਾਂ ਦੇਰੀ ਕਿਸਾਨਾਂ ਦੀ ਹਾਲਤ ਦੇਖਦੇ ਹੋਏ ਪ੍ਰਤੀ ਕੁਇੰਟਲ ਝੋਨੇ ਦਾ ਭਾਅ 1 ਹਜ਼ਾਰ ਰੁਪਏ ਵਧਾਉਣਾ ਚਾਹੀਦਾ ਹੈ ਤਾਂ ਜੋ ਆਰਥਿਕ ਤੌਰ 'ਤੇ ਝੰਬਿਆ ਮਹਿੰਗੀਆਂ ਖਾਦਾਂ ਅਤੇ ਰੇਹਾਂ-ਸਪਰੇਹਾਂ ਵਿੱਚ ਘਿਰਿਆ ਕਿਸਾਨ ਕੁਝ ਰਾਹਤ ਪਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਦਾ ਫੌਰੀ ਐਲਾਨ ਕਰੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸਮੇਂ-ਸਮੇਂ ਤੇ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕੀਤਾ ਅਤੇ ਹੁਣ ਪੰਜਾਬ ਅੰਦਰ ਹੜ੍ਹਾਂ ਦੀ ਵੱਡੀ ਮਾਰ ਪਈ ਹੈ। ਜਿਸ ਵਿੱਚ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਮਾਰੀ ਗਈ। ਇਸ ਦੇ ਨਾਲ ਉਪਜਾਊ ਜ਼ਮੀਨ ਦਾ ਵੀ ਨੁਕਸਾਨ ਹੋਇਆ। ਇਸ ਲਈ ਕੇਂਦਰ ਸਰਕਾਰ ਨੂੰ ਸਾਰੇ ਪਹਿਲੂਆਂ ਤੇ ਵਿਚਾਰ ਕਰਨ ਦੇ ਨਾਲ-ਨਾਲ ਇਹ ਵਾਧਾ ਕਰ ਦੇਣਾ ਚਾਹੀਦਾ ਹੈ।
