ਗੋਨਿਆਣਾ ਮੰਡੀ ''ਚ ਰਾਜਸਥਾਨੀ ਝੋਨੇ ਦਾ ਕਮਾਲ, ਹੋ ਰਹੀ ਜਾਅਲੀ ਵਿਕਰੀ! CBI ਖੋਲੇਗੀ ਕਰੋੜਾਂ ਦਾ ਘਪਲਾ
Thursday, Nov 06, 2025 - 06:06 PM (IST)
ਗੋਨਿਆਣਾ ਮੰਡੀ (ਗੋਰਾ ਲਾਲ)- ਖੇਤੀਬਾੜੀ ਦੇ ਸੀਜ਼ਨ ਵਿੱਚ ਜਿੱਥੇ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਝੋਨੇ ਦੀ ਫਸਲ ਤਿਆਰ ਕੀਤੀ, ਉਥੇ ਹੀ ਮਾਰਕੀਟ ਕਮੇਟੀ ਗੋਨਿਆਣਾ ਦੇ ਸੈਂਟਰਾਂ ਵਿੱਚ ਇਸ ਵਾਰ ਫਿਰ ਇਕ ਅਜਿਹਾ ਘੁਟਾਲਾ ਸਾਹਮਣੇ ਆ ਰਿਹਾ ਹੈ, ਜਿਸ ਨੇ ਪੂਰੇ ਇਲਾਕੇ ਦੀ ਰਾਜਨੀਤੀ, ਪ੍ਰਸ਼ਾਸਨ ਤੇ ਮਾਰਕੀਟ ਕਮੇਟੀ ਤੋਂ ਇਲਾਵਾ ਫੂਡ ਮਹਿਕਮੇ ਦੀ ਇਮਾਨਦਾਰੀ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ।
ਇਹ ਵੀ ਪੜ੍ਹੋ: Punjab:ਭਿਆਨਕ ਹਾਦਸੇ ਨੇ ਉਜਾੜ 'ਤਾ ਪਰਿਵਾਰ! ਮਾਂ-ਧੀ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਾਣਕਾਰੀ ਮੁਤਾਬਕ ਤਕਰੀਬਨ ਸਾਰੇ ਸੈਂਟਰਾਂ ‘ਤੇ ਕਿਸਾਨਾਂ ਦੀ ਆਪਣੀ ਫਸਲ ਤਕਰੀਬਨ 25 ਤੋਂ 30 ਫ਼ੀਸਦੀ ਘੱਟ ਰਹੀ ਪਰ ਅਜੀਬ ਤਰੀਕੇ ਨਾਲ ਉਨ੍ਹਾਂ ਹੀ ਸੈਂਟਰਾਂ ਵਿੱਚ ਸਰਕਾਰੀ ਖ਼ਰੀਦ 100 ਫ਼ੀਸਦੀ ਤੋਂ ਵੀ ਵੱਧ ਦਰਸਾਈ ਗਈ। ਇਹ ਗਿਣਤੀ ਸਿਰਫ਼ ਗਲਤ ਰਿਕਾਰਡ ਦੀ ਨਹੀਂ, ਸਗੋਂ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਦਾ ਨਾਇਕ ਮੰਡੀ ਦਾ ਇਕ ਬਹੁਤ ਹੀ ਲਾਲਚੀ ਅਤੇ ਪ੍ਰਭਾਵਸ਼ਾਲੀ ਵਪਾਰੀ ਦੱਸਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਪਾਰੀ ਨੇ ਮਹਿਕਮੇ ਦੇ ਕੁਝ ਅਧਿਕਾਰੀਆਂ ਨਾਲ ਵੱਡੀ ਸਾਂਝਗੱਠ ਕਰਕੇ ਰਾਜਸਥਾਨੀ ਝੋਨੇ ਦਾ ਪੂਰਾ ਖੇਡ ਖੇਡਿਆ ਹੈ। ਇਸ ਵਪਾਰੀ ਨੇ ਪਹਿਲਾਂ ਰਾਜਸਥਾਨ ਤੋਂ 1500 ਰੁਪਏ ਕੁਇੰਟਲ ਸਸਤੇ ਰੇਟਾਂ ਤੇ ਵੱਡੀ ਮਾਤਰਾ ਵਿੱਚ ਘਟੀਆ ਝੋਨਾ ਖਰੀਦਿਆ ਅਤੇ ਉਸ ਨੂੰ ਆਪਣੇ ਗੁਪਤ ਟਿਕਾਣਿਆਂ 'ਤੇ ਜਿਹੜੇ ਮੰਡੀ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਹਨ, ਉਥੇ ਉਤਾਰ ਲਿਆ। ਇਹ ਝੋਨਾ ਉਥੇ ਰਾਤਾਂ ਨੂੰ ਟਰੱਕਾਂ ਰਾਹੀਂ ਆਉਂਦਾ ਸੀ ਤਾਂ ਜੋ ਕਿਸੇ ਨੂੰ ਇਸ ਗੁਪਤ ਕਾਰਵਾਈ ਦਾ ਪਤਾ ਨਾ ਲੱਗੇ। ਫਿਰ ਹਰ ਰੋਜ਼ ਇਹ ਵਿਅਕਤੀ ਮਹਿਕਮੇ ਦੀ ਮਿਲੇ-ਭੁਗਤ ਵੱਡੇ ਅਧਿਕਾਰੀਆਂ ਦੀ ਮਦਦ ਨਾਲ ਇਹ ਮਾਲ ਮੰਡੀ ਦੇ ਵੱਖ-ਵੱਖ ਸੈਂਟਰਾਂ ਵਿੱਚ ਦਾਖ਼ਲ ਕਰਦਾ ਸੀ ਅਤੇ ਕਿਸਾਨਾਂ ਦੇ ਨਾਮਾਂ ‘ਤੇ ਜਾਲੀ ਬਿੱਲ ਬਣਾ ਕੇ ਉਸ ਦੀ ਸਰਕਾਰੀ ਖ਼ਰੀਦ ਦਰਸਾ ਦਿੰਦਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਕੁਝ ਡਾਟਾ-ਐਂਟਰੀ ਕਰਮਚਾਰੀਆਂ ਅਤੇ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਰਾਤਾਂ ਰਾਤ “ਸੈਟਿੰਗ ਰਕਮ” ਦੇ ਕੇ ਮਨਾਇਆ ਗਿਆ ਤਾਂ ਜੋ ਉਹ ਕਿਸਾਨਾਂ ਦੇ ਨਾਮ ‘ਤੇ ਇਹ ਫਰਜ਼ੀ ਖ਼ਰੀਦ ਦਰਜ ਕਰ ਸਕਣ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਕਿਸਾਨਾਂ ਨੇ ਦੱਸਿਆ ਕਿ ਜਦੋਂ ਉਹ ਆਪਣੀ ਅਸਲੀ ਫਸਲ ਲੈ ਕੇ ਆਏ, ਤਾਂ ਉਨ੍ਹਾਂ ਦੇ ਮਾਲ ਨੂੰ ਘੱਟ ਗੁਣਵੱਤਾ ਦਾ ਕਹਿ ਕੇ ਰੱਦ ਕਰ ਦਿੱਤਾ ਗਿਆ, ਪਰ ਇਹੀ ਝੋਨਾ ਜੋ ਰਾਜਸਥਾਨ ਤੋਂ ਆਇਆ ਸੀ, ਉਸਨੂੰ “ਫਰਸਟ ਗ੍ਰੇਡ” ਕਹਿ ਕੇ ਮੋਹਰ ਲਾ ਦਿੱਤੀ ਗਈ। ਇਸ ਪੂਰੇ ਘੁਟਾਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੁਝ ਸੈਂਟਰਾਂ ਵਿੱਚ ਸਰਕਾਰੀ ਖ਼ਰੀਦ 100 ਤੋਂ ਵੀ 110 ਫ਼ੀਸਦੀ ਤੱਕ ਪਹੁੰਚ ਗਈ, ਜਦਕਿ ਕਿਸਾਨਾਂ ਦੀ ਉਪਜ ਤਕਰੀਬਨ 25 ਤੋਂ 30 ਫ਼ੀਸਦੀ ਘੱਟ ਹੋਈ ਸੀ। ਸੂਤਰਾਂ ਦੇ ਅਨੁਸਾਰ ਇਹ ਵਪਾਰੀ ਹਰ ਟਰੱਕ ਉੱਤੇ 30 ਤੋਂ 50 ਹਜ਼ਾਰ ਰੁਪਏ ਤੱਕ ਦੀ ਸੈਟਿੰਗ ਕਰਦਾ ਸੀ ਅਤੇ ਇਹ ਰਕਮ ਉੱਪਰ ਤੱਕ ਵੰਡ ਦਿੱਤੀ ਜਾਂਦੀ ਸੀ ਤਾਂ ਜੋ ਕੋਈ ਵੀ ਇਸ ਗੈਰ-ਕਾਨੂੰਨੀ ਖੇਡ ਦੇ ਵਿਰੁੱਧ ਆਵਾਜ਼ ਨਾ ਚੁੱਕੇ।
ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਕੁਝ ਅਧਿਕਾਰੀਆਂ ਨੇ ਰਾਜਸਥਾਨੀ ਝੋਨੇ ਦੇ ਟਰੱਕਾਂ ਨੂੰ ਫੜਿਆ ਤਾਂ ਉਨ੍ਹਾਂ ਨੂੰ ਭਾਰੀ ਰਕਮ ਦੇ ਕੇ “ਫੜ ਕੇ ਛੱਡਣ” ਦਾ ਹੁਕਮ ਦਿੱਤਾ ਗਿਆ। ਇਸ ਨਾਲ ਇਹ ਵਪਾਰੀ ਨਿਰਭਯ ਹੋ ਕੇ ਆਪਣੀ ਰੋਜ਼ਾਨਾ ਦੀ ਰਾਤੀਂ ਆਵਾਜਾਈ ਜਾਰੀ ਰੱਖਦਾ ਰਿਹਾ। ਮਹਿਕਮੇ ਦੇ ਕੁਝ ਅਧਿਕਾਰੀ ਤਾਂ ਇੰਨੀ ਹੱਦ ਤੱਕ ਸ਼ਾਮਲ ਹੋ ਗਏ ਕਿ ਉਹ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਚੈੱਕਿੰਗ ਟੀਮਾਂ ਨੂੰ ਹੋਰ ਸੈਂਟਰਾਂ ਵੱਲ ਭੇਜ ਦਿੰਦੇ ਸਨ ਤਾਂ ਜੋ ਉਨ੍ਹਾਂ ਦੇ ਸਾਂਝਗੱਠ ਵਾਲੇ ਸੈਂਟਰਾਂ ‘ਤੇ ਕੋਈ ਜਾਂਚ ਨਾ ਹੋ ਸਕੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਏਅਰਪੋਰਟ 'ਚ ਬਦਲਿਆ ਗਿਆ ਫਲਾਈਟਸ ਦਾ ਸਮਾਂ, ਜਾਣੋ ਨਵੀਂ Timing
ਕਈ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਵੇ ਤਾਂ ਇਹ ਖੁਲਾਸਾ ਹੋ ਜਾਵੇਗਾ ਕਿ ਗੋਨਿਆਣਾ ਮੰਡੀ ਵਿੱਚ ਕਿੰਨੇ ਟਰੱਕ ਰਾਜਸਥਾਨੀ ਝੋਨੇ ਦੇ ਆਏ, ਕਿੰਨੇ ਜਾਲੀ ਬਿੱਲ ਬਣੇ ਅਤੇ ਕਿੰਨੇ ਕਰੋੜਾਂ ਰੁਪਏ ਦਾ ਮਾਲ ਕਿਸਾਨਾਂ ਦੇ ਨਾਮ ‘ਤੇ ਵੇਚਿਆ ਗਿਆ। ਮੰਡੀ ਵਿੱਚ ਹਰ ਕੋਈ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਇਹ “ਲਾਲਚੀ ਵਪਾਰੀ” ਹੁਣ ਆਪਣੇ ਆਪ ਨੂੰ ਬਚਾਉਣ ਲਈ ਵੱਡੀਆਂ ਸਿਫ਼ਾਰਸ਼ਾਂ ਲੱਭ ਰਿਹਾ ਹੈ, ਪਰ ਲੋਕਾਂ ਦੀ ਮੰਗ ਹੈ ਕਿ ਇਸ ਨੂੰ ਬਖ਼ਸ਼ਿਆ ਨਾ ਜਾਵੇ ਕਿਉਂਕਿ ਇਸ ਦੇ ਕਾਰਨ ਸੱਚੇ ਕਿਸਾਨਾਂ ਦੀ ਮਿਹਨਤ ਤੇ ਇਮਾਨਦਾਰੀ ਦੋਵੇਂ ਤੇ ਡਾਕਾ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਹੁਣ ਵੀ ਅੱਖਾਂ ਨਾ ਖੋਲ੍ਹੀਆਂ ਤਾਂ ਇਹ ਰਿਸ਼ਵਤਖੋਰੀ ਦਾ ਰੋਗ ਹੋਰ ਮੰਡੀਆਂ ਤੱਕ ਫੈਲ ਜਾਵੇਗਾ। ਇਸ ਲਈ ਜਨਤਕ ਮੰਗ ਹੈ ਕਿ ਗੋਨਿਆਣਾ ਮੰਡੀ ਦੇ ਇਸ ਪੂਰੇ ਮਾਮਲੇ ਦੀ ਤੁਰੰਤ ਸੀਬੀਆਈ ਜਾਂਚ ਹੋਵੇ, ਤਾਂ ਜੋ ਉਹ ਚਿਹਰੇ ਸਾਹਮਣੇ ਆ ਸਕਣ ਜਿਨ੍ਹਾਂ ਨੇ ਰਾਤ ਦੇ ਹਨੇਰੇ ਵਿੱਚ ਕਿਸਾਨਾਂ ਦੀ ਮਿਹਨਤ ਨੂੰ ਰਿਸ਼ਵਤ ਦੇ ਲਾਲਚ ਨਾਲ ਵੇਚ ਦਿੱਤਾ। ਹੁਣ ਦੇਖਣਾ ਇਹ ਹੈ ਕਿ ਕੀ ਸਰਕਾਰ ਇਸ ਗੰਭੀਰ ਮਾਮਲੇ ‘ਤੇ ਕਾਰਵਾਈ ਕਰਦੀ ਹੈ ਜਾਂ ਫਿਰ ਹਮੇਸ਼ਾਂ ਦੀ ਤਰ੍ਹਾਂ ਕੁਝ ਸਮੇਂ ਬਾਅਦ ਇਹ ਘੁਟਾਲਾ ਵੀ ਫਾਈਲਾਂ ਦੇ ਢੇਰ ਹੇਠਾਂ ਦਬ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ ਖ਼ੁਲਾਸੇ, ਬੱਸ ਤੋਂ ਉਤਰ ਕੇ ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
