ਮਾਨਸਾ ਦੇ ਦੁਕਾਨਦਾਰ ''ਤੇ ਗੋਲੀਬਾਰੀ ਮਾਮਲੇ ਦਾ ਪੂਰਾ ਸੱਚ ਜਲਦ ਹੋਵੇਗਾ ਸਾਹਮਣੇ: DIG, SSP

Tuesday, Nov 04, 2025 - 09:48 PM (IST)

ਮਾਨਸਾ ਦੇ ਦੁਕਾਨਦਾਰ ''ਤੇ ਗੋਲੀਬਾਰੀ ਮਾਮਲੇ ਦਾ ਪੂਰਾ ਸੱਚ ਜਲਦ ਹੋਵੇਗਾ ਸਾਹਮਣੇ: DIG, SSP

ਮਾਨਸਾ (ਮਿੱਤਲ) - ਮਾਨਸਾ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਸੰਘਰਸ਼ ਕਮੇਟੀ ਨੂੰ ਡੀ.ਆਈ.ਜੀ ਹਰਜੀਤ ਸਿੰਘ ਬੈਂਸ ਅਤੇ ਐੱਸ.ਐੱਸ.ਪੀ ਭਾਗੀਰਥ ਸਿੰਘ ਮੀਨਾ ਨੇ 7 ਦਿਨਾਂ ਦੇ ਅੰਦਰ-ਅੰਦਰ ਪੂਰੀ ਘੋਖ-ਪੜਤਾਲ, ਕਾਰਵਾਈ ਅਤੇ ਇਸ ਗੋਲੀਬਾਰੀ ਦੇ ਪਿੱਛੇ ਕੀ ਸਾਜਿਜ਼ ਜਾਂ ਕਹਾਣੀ ਸੀ ਇਸ ਦਾ ਖੁਲਾਸਾ ਕਰਨ ਦਾ ਭਰੋਸਾ ਦਿੱਤਾ। ਮਾਨਸਾ ਪੁਲਸ ਨੇ ਕਿਹਾ ਕਿ 7 ਦਿਨਾਂ ਦੇ ਅੰਦਰ-ਅੰਦਰ ਜਾਂਚ ਕਰਕੇ ਇਸ ਪੂਰੇ ਮਾਮਲੇ ਦਾ ਸੱਚ ਅਤੇ ਕਾਰਵਾਈ ਸਾਹਮਣੇ ਲਿਆਂਦੀ ਜਾਵੇਗੀ। 

ਪੁਲਸ ਇਸ ਵਿੱਚ ਬਾਰੀਕੀ ਨਾਲ ਟੀਮਾਂ ਬਣਾ ਕੇ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ-ਪੜਤਾਲ ਕਰਨ ਵਿੱਚ ਲੱਗੀ ਹੋਈ ਹੈ। ਪੁਲਸ ਦੇ ਇਸ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਨੇ ਸ਼ਹਿਰ ਦੇ ਬੱਸ-ਸਟੈਂਡ ਚੋਂਕ ਵਿੱਚ ਰੱਖੇ ਮੋਮਬੱਤੀ ਇਨਸਾਫ ਮਾਰਚ ਨੂੰ ਵੀ ਮੁਲਤਵੀ ਕਰ ਦਿੱਤਾ। ਸੰਘਰਸ਼ ਕਮੇਟੀ ਨੇ ਪੁਲਸ ਦੇ ਭਰੋਸੇ ਅਤੇ ਡੀ.ਆਈ.ਜੀ ਹਰਜੀਤ ਸਿੰਘ ਬੈਂਸ ਵੱਲੋਂ ਦਿੱਤੇ ਭਰੋਸੇ ਵਿੱਚ ਯਕੀਨ ਪ੍ਰਗਟਾਇਆ ਹੈ। 

ਦੁਕਾਨਦਾਰ ਤੇ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਅੱਜ ਸੰਘਰਸ਼ ਕਮੇਟੀ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ, ਰੁਲਦੂ ਸਿੰਘ, ਰਾਜਵਿੰਦਰ ਸਿੰਘ ਰਾਣਾ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੁਰੇਸ਼ ਨੰਦਗੜ੍ਹੀਆ, ਗੁਰਲਾਭ ਸਿੰਘ, ਸਤੀਸ਼ ਗੋਇਲ, ਮਾਨਿਕ ਗੋਇਲ, ਬਲਜੀਤ ਸ਼ਰਮਾ, ਸਮੀਰ ਛਾਬੜਾ, ਧੰਨਾ ਮੱਲ ਗੋਇਲ, ਜਤਿੰਦਰ ਆਗਰਾ, ਆਤਮਾ ਸਿੰਘ, ਡੀ.ਆਈ.ਜੀ ਹਰਜੀਤ ਸਿੰਘ ਬੈਂਸ ਅਤੇ ਐੱਸ.ਐੱਸ.ਪੀ ਭਾਗੀਰਥ ਸਿੰਘ ਮੀਨਾ ਨੂੰ ਮਿਲੇ ਅਤੇ ਮੰਗ ਕੀਤੀ ਕਿ ਇਸ ਮਾਮਲੇ ਦਾ ਅਸਲੀ ਦੋਸ਼ੀਆਂ ਨੂੰ ਫੜ ਕੇ ਖੁਲਾਸਾ ਕੀਤਾ ਜਾਵੇ ਅਤੇ ਸੱਚ ਸਾਹਮਣੇ ਲਿਆਂਦਾ ਜਾਵੇ। 

ਮਾਨਸਾ ਪੁਲਸ ਨੇ ਸੰਘਰਸ਼ ਕਮੇਟੀ ਦੇ ਆਗੂਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮਾਨਸਾ ਪੁਲਸ ਵੱਲੋਂ ਪਹਿਲਾਂ ਤੋਂ ਹੀ ਇਸ ਵਿੱਚ ਬਾਰੀਕੀ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੁਲਸ ਮਾਮਲੇ ਨੂੰ ਹੱਲ ਕਰਨ ਦੇ ਨੇੜੇ ਪਹੁੰਚ ਚੁੱਕੀ ਹੈ। ਇੱਕ ਹਫਤੇ ਦੇ ਅੰਦਰ-ਅੰਦਰ ਇਸ ਗੋਲੀਬਾਰੀ ਦੀ ਘਟਨਾ ਦਾ ਪੂਰਾ ਸੱਚ ਅਤੇ ਪੁਲਸ ਦੀ ਕਾਰਵਾਈ ਲੋਕਾਂ ਸਾਹਮਣੇ ਆਵੇਗੀ। ਡੀ.ਆਈ.ਜੀ ਹਰਜੀਤ ਸਿੰਘ ਬੈਂਸ ਅਤੇ ਐੱਸ.ਐੱਸ.ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਕਰਨ ਵਿੱਚ ਸਮਾਂ ਲੱਗਦਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਐੱਸ.ਐੱਸ.ਪੀ ਮੀਨਾ ਵੱਲੋਂ ਟੀਮਾਂ ਬਣਾ ਕੇ ਇਸ ਮਾਮਲੇ ਨਾਲ ਜੁੜੇ ਹੋਰ ਸੂਬਿਆਂ ਦੇ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। 

ਖਦਸ਼ਾ ਹੈ ਕਿ ਇਸ ਗੋਲੀਕਾਂਡ ਦੇ ਮਗਰ ਸ਼ੂਟਰਾਂ ਤੋਂ ਇਲਾਵਾ ਹੋਰ ਵੀ ਕਿਸੇ ਦਾ ਹੱਥ ਜਾਂ ਸਾਜਿਸ਼ ਹੋ ਸਕਦੀ ਹੈ। ਸੰਘਰਸ਼ ਕਮੇਟੀ ਦੀ ਇਸ ਮੰਗ ਨੂੰ ਮਾਨਸਾ ਪੁਲਸ ਨੇ ਸਵਿਕਾਰ ਕਰਦਿਆਂ ਇਸ ਪਹਿਲੂ ਤੋਂ ਵੀ ਪੜਤਾਲ ਕਰਨ ਦਾ ਵਿਸ਼ਵਾਸ਼ ਦਿੱਤਾ ਅਤੇ ਐੱਸ.ਐੱਸ.ਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਜਿਸ ਦਿਨ ਤੋਂ ਇਹ ਘਟਨਾ ਵਾਪਰੀ ਹੈ। ਮਾਨਸਾ ਪੁਲਸ ਨੇ ਇਸ ਨੂੰ ਪੂਰੀ ਗੰਭੀਰਤਾ ਅਤੇ ਆਪਣੀ ਡੂੰਘੀ ਜਾਂਚ ਦਾ ਹਿੱਸਾ ਬਣਾਇਆ ਹੋਇਆ ਹੈ। ਪੁਲਸ ਇਸ ਵਿੱਚ ਲਗਾਤਾਰ ਲੱਗੀ ਹੋਈ ਹੈ ਅਤੇ ਇਸ ਮਾਮਲੇ ਦਾ ਕੋਈ ਵੀ ਪਹਿਲੂ ਅਜਿਹਾ ਨਾ ਹੋਵੇਗਾ, ਜਿਸ ਤੋਂ ਮਾਨਸਾ ਪੁਲਸ ਜਾਂਚ-ਪੜਤਾਲ ਨਹੀਂ ਕਰ ਰਹੀ। 

ਉਨ੍ਹਾਂ ਦੱਸਿਆ ਕਿ ਕਮੇਟੀ ਅਤੇ ਜਥੇਬੰਦੀਆਂ ਦੀ ਮੰਗ ਪਹਿਲਾਂ ਤੋਂ ਇਨ੍ਹਾਂ ਸਾਰੇ ਪਹਿਲੂਆਂ ਤੋਂ ਦੁਕਾਨਦਾਰ ਤੇ ਗੋਲੀਬਾਰੀ ਕਰਨ ਦੀ ਘਟਨਾ ਦੀ ਪੜਤਾਲ, ਜਾਂਚ ਕਰ ਰਹੀ ਹੈ। ਪੁਲਸ ਨੇ ਟੀਮਾਂ ਬਣਾ ਕੇ ਇਸ ਉੱਤੇ ਕਾਰਵਾਈ ਆਰੰਭੀ ਹੋਈ ਹੈ। ਡੀ.ਆਈ.ਜੀ ਹਰਜੀਤ ਸਿੰਘ ਬੈਂਸ ਅਤੇ ਐੱਸ.ਐੱਸ.ਪੀ ਭਾਗੀਰਥ ਸਿੰਘ ਮੀਨਾ ਨੇ ਸੰਘਰਸ਼ ਕਮੇਟੀ ਅਤੇ ਸ਼ਹਿਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਵਿੱਚ ਇੱਕ ਹਫਤੇ ਦਾ ਸਮਾਂ ਦਿੱਤਾ ਜਾਵੇ ਮਾਨਸਾ ਪੁਲਸ ਇਸ ਗੋਲੀਬਾਰੀ ਮਾਮਲੇ ਦਾ ਪੂਰਾ ਸੱਚ ਜ਼ਿੰਮੇਵਾਰ ਅਤੇ ਮੁਲਜ਼ਮ ਵਿਅਕਤੀਆਂ ਨੂੰ ਸਭ ਦੇ ਸਾਹਮਣੇ ਲਿਆਵੇਗੀ। 
 


author

Inder Prajapati

Content Editor

Related News