ਵਿਅਕਤੀ ਨਾਲ ਫਰੈਂਡਲੀ ਲੋਨ ਦੇ ਨਾਂ ’ਤੇ 31 ਲੱਖ ਰੁਪਏ ਦੀ ਠੱਗੀ
Wednesday, Dec 11, 2024 - 02:11 PM (IST)
ਚੰਡੀਗੜ੍ਹ (ਸੁਸ਼ੀਲ) : ਫਰੈਂਡਲੀ ਲੋਨ ਦੇ ਨਾਂ ’ਤੇ ਫਿਰੋਜ਼ਪੁਰ ਨਿਵਾਸੀ ਇਕ ਵਿਅਕਤੀ ਨੇ 31 ਲੱਖ ਰੁਪਏ ਦੀ ਠੱਗੀ ਕਰ ਲਈ। ਸ਼ਿਕਾਇਤਕਰਤਾ ਭਗਵਾਨ ਜਿੰਦਲ ਨੇ ਮੁਲਜ਼ਮ ਵੱਲੋਂ ਦਿੱਤਾ ਚੈੱਕ ਬੈਂਕ ਵਿਚ ਜਮ੍ਹਾਂ ਕਰਵਾਇਆ ਤਾਂ ਖ਼ਾਤਾ ਬੰਦ ਸੀ। ਜਿੰਦਲ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਸੈਕਟਰ-36 ਥਾਣੇ ਦੀ ਪੁਲਸ ਨੇ ਭਗਵਾਨ ਜਿੰਦਲ ਦੀ ਸ਼ਿਕਾਇਤ ’ਤੇ ਬਲਵਿੰਦਰ ਸਿੰਘ ਗਿੱਲ ਵਾਸੀ ਫ਼ਿਰੋਜ਼ਪੁਰ ਖ਼ਿਲਾਫ਼ 31 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੈਕਟਰ-42 ਦੇ ਰਹਿਣ ਵਾਲੇ ਭਗਵਾਨ ਜਿੰਦਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਗਿੱਲ ਨੇ ਸਤੰਬਰ 2021 ਵਿਚ 25 ਲੱਖ ਰੁਪਏ ਦੇ ਫਰੈਂਡਲੀ ਲੋਨ ਲਈ ਸੰਪਰਕ ਕੀਤਾ ਸੀ। ਉਨ੍ਹਾਂ ਨੇ ਆਰ. ਟੀ. ਜੀ. ਐੱਸ. ਰਾਹੀਂ ਗਿੱਲ ਦੇ ਖ਼ਾਤੇ ਵਿਚ ਪੈਸੇ ਟਰਾਂਸਫਰ ਕਰ ਦਿੱਤੇ ਸਨ। ਬਲਵਿੰਦਰ ਗਿੱਲ ਨੇ 2 ਸਾਲਾਂ ਲਈ ਲੋਨ ਲਿਆ ਸੀ। ਜੂਨ 2022 ਵਿਚ, ਗਿੱਲ ਨੇ 6 ਲੱਖ ਰੁਪਏ ਲਈ ਸੰਪਰਕ ਕੀਤਾ, ਜੋ ਖ਼ਾਤੇ ਵਿਚ ਟਰਾਂਸਫਰ ਕਰ ਦਿੱਤੇ।
ਮੁਲਜ਼ਮ ਗਿੱਲ ਨੇ 30 ਜੂਨ 2023 ਨੂੰ 31 ਲੱਖ ਰੁਪਏ ਵਾਪਸ ਕਰਨੇ ਸਨ, ਪਰ ਬਹਾਨੇ ਬਣਾਉਣ ਲੱਗਾ। ਗਿੱਲ ਨੇ ਪੈਸੇ ਵਾਪਸ ਕਰਨ ਲਈ ਦੋ ਚੈੱਕ ਦਿੱਤੇ। ਜਦੋਂ ਚੈੱਕ ਕੈਸ਼ ਕਰਵਾਉਣ ਲਈ ਜਮ੍ਹਾਂ ਕਰਵਾਏ ਗਏ ਤਾਂ ਖ਼ਾਤਾ ਬੰਦ ਹੋਣ ਕਾਰਨ ਉਹ ਕਲੀਅਰ ਨਹੀਂ ਹੋਏ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਬਲਵਿੰਦਰ ਸਿੰਘ ਗਿੱਲ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਜਾਂਚ ਤੋਂ ਬਾਅਦ ਸੈਕਟਰ-36 ਥਾਣੇ ਦੀ ਪੁਲਸ ਨੇ ਮੁਲਜ਼ਮ ਬਲਵਿੰਦਰ ਸਿੰਘ ਵਾਸੀ ਫ਼ਿਰੋਜ਼ਪੁਰ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।