ਪ੍ਰੇਮਿਕਾ ਦੇ ਚਾਕੂ ਮਾਰਨ ਵਾਲੇ ਦੇ 2 ਸਾਥੀ ਗ੍ਰਿਫ਼ਤਾਰ
Friday, Dec 20, 2024 - 01:00 PM (IST)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-25 ’ਚ ਪ੍ਰੇਮਿਕਾ ਸੰਜਨਾ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਪ੍ਰੇਮੀ ਗੋਲੂ ਉਰਫ਼ ਗਾਂਧੀ ਨੂੰ ਪੁਲਸ ਫੜ੍ਹ ਨਹੀਂ ਸਕੀ। ਸੈਕਟਰ-11 ਥਾਣੇ ਦੀ ਪੁਲਸ ਨੇ ਮੁਲਜ਼ਮ ਨਾਲ ਆਏ ਨਾਬਾਲਗ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਤੇ ਨਾਬਾਲਗ ਵਜੋਂ ਹੋਈ ਹੈ। ਹਮਲੇ ਦੌਰਾਨ ਦੋਵੇਂ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਏ ਸਨ। ਸੈਕਟਰ-11 ਥਾਣੇ ਦੀ ਪੁਲਸ ਨੇ ਨਾਬਾਲਗ ਨੂੰ ਅਦਾਲਤ ’ਚ ਪੇਸ਼ ਕਰਕੇ ਬਾਲ ਸੁਧਾਰ ਘਰ ਭੇਜ ਦਿੱਤਾ, ਜਦੋਂ ਕਿ ਮੋਹਿਤ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਗੋਲੂ ਨੇ ਸੰਜਨਾ ’ਤੇ ਸਰੇ ਬਾਜ਼ਾਰ ਚਾਕੂਆਂ ਨਾਲ 10 ਵਾਰ ਕੀਤੇ ਸਨ। ਪੁਲਸ ਨੇ ਜ਼ਖ਼ਮੀ ਨੂੰ ਖੂਨ ਨਾਲ ਲੱਥਪੱਥ ਹਾਲਤ ’ਚ ਪੀ. ਜੀ. ਆਈ. ’ਚ ਦਾਖ਼ਲ ਕਰਵਾਇਆ। ਸੰਜਨਾ ਦੇ ਪਤੀ ਦੀ ਇਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਹਾਲਾਂਕਿ ਉਸ ਨੇ ਕਾਫ਼ੀ ਸਮਾਂ ਪਹਿਲਾਂ ਪਤੀ ਨੂੰ ਛੱਡ ਦਿੱਤਾ ਸੀ। ਉਸ ਦੇ 2 ਬੱਚੇ ਹਨ। ਹਮਲਾਵਰ ਗੋਲੂ ਵੀ ਵਿਆਹਿਆ ਹੈ। ਮੁਲਜ਼ਮ ਤੇ ਔਰਤ ਦਾ ਢਾਈ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਪੁਲਸ ਨੇ ਸੰਜਨਾ ਦੀ ਸ਼ਿਕਾਇਤ ’ਤੇ ਗੋਲੂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਗੋਲੂ ਨੇ ਇੰਸਟਾਗ੍ਰਾਮ ’ਤੇ ਵੀਡੀਓ ਜਾਰੀ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।