ਰਾਸ਼ਟਰਮੰਡਲ ਖੇਡਾਂ ਲਈ ਆਸਟ੍ਰੇਲੀਆ ਆਏ 50 ਐਥਲੀਟ ਲਾਪਤਾ

05/24/2018 11:51:55 AM

ਮੈਲਬਰਨ— ਆਸਟ੍ਰੇਲੀਆ ਦੇ ਗੋਲਡ ਕੋਸਟ ਸ਼ਹਿਰ 'ਚ ਹਾਲ ਹੀ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਆਏ 50 ਐਥਲੀਟ ਇੱਥੇ ਲਾਪਤਾ ਹੋ ਗਏ। ਉਹ ਹਾਲੇ ਤੱਕ ਆਪੋ-ਆਪਣੇ ਮੁਲਕ ਨਹੀਂ ਪਰਤੇ। ਇਹ ਪੁਸ਼ਟੀ ਸਰਕਾਰੀ ਬੁਲਾਰੇ ਨੇ ਕੀਤੀ ਹੈ। ਇਮੀਗ੍ਰੇਸ਼ਨ ਅਨੁਸਾਰ ਇਨ੍ਹਾਂ ਤੋਂ ਇਲਾਵਾ ਖੇਡਾਂ ਦੇ ਮਕਸਦ ਨਾਲ ਇੱਥੇ ਆਏ ਕਰੀਬ 200 ਲੋਕਾਂ ਨੇ ਇਥੇ ਸ਼ਰਨ ਲੈਣ ਲਈ ਅਰਜ਼ੀਆਂ ਵੀ ਦਿੱਤੀਆਂ ਹਨ, ਜਿਨ੍ਹਾਂ ਨੂੰ ਕੇਸਾਂ ਦੇ ਫੈਸਲੇ ਤੱਕ ਵੀਜ਼ੇ ਦਿੱਤੇ ਗਏ ਹਨ। ਖੇਡਾਂ ਦੌਰਾਨ ਆਏ ਐਥਲੀਟਾਂ ਨੂੰ ਆਸਟ੍ਰੇਲੀਆ ਨੇ ਪਹਿਲਾਂ ਦੇਸ਼ ਨਿਕਾਲਾ ਦੇਣ ਦੀ ਚਿਤਾਵਨੀ ਦਿੱਤੀ ਹੋਈ ਹੈ ਕਿਉਂਕਿ ਕੌਮਾਂਤਰੀ ਸਮਾਗਮਾਂ ਦੇ ਮੁਕਾਬਲੇ  ਰਾਸ਼ਟਰਮੰਡਲ ਖੇਡਾਂ 'ਚ ਰਫੂਚੱਕਰ ਹੋਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਨ੍ਹਾਂ 'ਚ ਅਫਰੀਕੀ ਲੋਕ ਜ਼ਿਆਦਾ ਹਨ। ਯੁਗਾਂਡਾ ਤੇ ਰਵਾਡਾ ਦੇਸ਼ 'ਚ ਸਬੰਧਤ ਤਾਂ ਪੂਰੇ ਵਫਦ ਹੀ 14 ਅਪ੍ਰੈਲ ਨੂੰ ਇੰਮੀਗ੍ਰੇਸ਼ਨ ਤੋਂ ਅੱਖੋਂ-ਪਰੋਖੇ ਹੋ ਗਏ। ਜਾਣਕਾਰੀ ਅਨੁਸਾਰ ਇਹ ਖੇਡਾਂ 15 ਅਪ੍ਰੈਲ ਨੂੰ ਖਤਮ ਹੋਈਆਂ ਸਨ। ਉਕਤ ਐਥਲੀਟਾਂ ਬਾਰੇ ਸੈਨੇਟ ਕਮੇਟੀ ਨੂੰ ਦੱਸਦਿਆਂ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਦੇ ਇਕ ਨੁਮਾਇੰਦੇ ਨੇ ਕਿਹਾ ਕਿ ਇਨ੍ਹਾਂ ਨੇ ਹਾਲੇ ਮੁਲਕ ਨਹੀਂ ਛੱਡਿਆ। ਸਥਾਨਕ ਮੀਡੀਆ ਨੇ ਪਹਿਲਾਂ ਇਹ ਗਿਣਤੀ ਸੌ ਦੇ ਕਰੀਬ ਦੱਸੀ ਸੀ।


Related News