ਅਮਰੀਕੀ ਨਾਗਰਿਕ ਦੀ ਲਾਸ਼ ਲਾਹੌਲ-ਸਪੀਤੀ ''ਚ ਮਿਲੀ, 3 ਦਿਨ ਤੋਂ ਸੀ ਲਾਪਤਾ
Monday, Jun 17, 2024 - 12:38 PM (IST)
ਸ਼ਿਮਲਾ- ਅਮਰੀਕਾ ਦੇ ਇਕ ਨਾਗਰਿਕ ਦੇ ਲਾਪਤਾ ਹੋਣ ਦੇ ਤਿੰਨ ਦਿਨ ਬਾਅਦ ਐਤਵਾਰ ਨੂੰ ਉਸ ਦੀ ਲਾਸ਼ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ 'ਚ ਖੱਡ 'ਚੋਂ ਬਰਾਮਦ ਕੀਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 31 ਸਾਲਾ ਟ੍ਰੇਵਰ ਬੋਕਸਟਾਹਲਰ ਵੀਰਵਾਰ ਨੂੰ ਸਪੀਤੀ ਘਾਟੀ ਦੀ ਯਾਤਰਾ ਦੌਰਾਨ ਲਾਪਤਾ ਹੋ ਗਏ, ਜਿਸ ਤੋਂ ਬਾਅਦ ਇਕ ਖੋਜ ਟੀਮ ਦਾ ਗਠਨ ਕੀਤਾ ਗਿਆ।
ਪੁਲਸ ਮੁਤਾਬਕ ਫੌਜ ਦੀ ਡੋਗਰਾ ਰੈਜੀਮੈਂਟ ਦੀ ਸਹਾਇਤਾ ਨਾਲ ਇਕ ਡਰੋਨ ਨੇ ਜ਼ਿਲ੍ਹੇ ਵਿਚ ਇਕ ਡੂੰਘੀ ਖੱਡ ਵਿਚ ਫਸੇ ਇਕ ਪੈਰਾਸ਼ੂਟ ਦਾ ਪਤਾ ਲਗਾਇਆ। ਪੁਲਸ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਹਾਦਸਾ ਜਾਪਦਾ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਮਯੰਕ ਚੌਧਰੀ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਅਮਰੀਕੀ ਦੂਤਘਰ ਨਾਲ ਸਾਂਝੀ ਕੀਤੀ ਗਈ ਹੈ ਅਤੇ ਅਸੀਂ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਹਾਂ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇੰਡੋ ਤਿੱਬਤੀਅਨ ਬਾਰਡਰ ਪੁਲਸ (ਆਈ. ਟੀ. ਬੀ. ਪੀ) ਦੇ ਜਵਾਨਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਹਿਮਾਚਲ ਦੇ ਉੱਪਰਲੇ ਹਿੱਸੇ ਵਿਚ ਇਕ ਅਮਰੀਕੀ ਪੈਰਾਗਲਾਈਡਰ ਦੀ ਲਾਸ਼ ਬਰਾਮਦ ਕੀਤੀ।