ਪ੍ਰਾਪਰਟੀ ਟੈਕਸ ਦੀ ਆਮਦਨ ਦਾ ਟੀਚਾ 50 ਕਰੋੜ, ਹੁਣ ਤੱਕ ਗੱਲੇ ’ਚ ਆਏ ਸਿਰਫ਼ 2.17 ਕਰੋੜ

Thursday, Jun 13, 2024 - 01:26 PM (IST)

ਪ੍ਰਾਪਰਟੀ ਟੈਕਸ ਦੀ ਆਮਦਨ ਦਾ ਟੀਚਾ 50 ਕਰੋੜ, ਹੁਣ ਤੱਕ ਗੱਲੇ ’ਚ ਆਏ ਸਿਰਫ਼ 2.17 ਕਰੋੜ

ਅੰਮ੍ਰਿਤਸਰ(ਰਮਨ)-ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਵਿੱਤੀ ਸਾਲ 2024-25 ਲਈ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੀ ਆਮਦਨ ਦਾ ਸਾਲਾਨਾ ਟੀਚਾ 50 ਕਰੋੜ ਰੁਪਏ ਰੱਖਿਆ ਗਿਆ ਹੈ।

ਇਸ ਵਿੱਤੀ ਸਾਲ ਵਿਚ ਹੁਣ ਤੱਕ ਵਿਭਾਗ ਨੇ ਸਿਰਫ਼ 2.17 ਕਰੋੜ ਰੁਪਏ ਹੀ ਇਕੱਠੇ ਕੀਤੇ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਸੁਪਰਡੈਂਟ ਪ੍ਰਾਪਰਟੀ ਟੈਕਸ ਦਵਿੰਦਰ ਸਿੰਘ ਬੱਬਰ, ਸੁਪਰਡੈਂਟ ਜਸਵਿੰਦਰ ਸਿੰਘ, ਸੁਪਰਡੈਂਟ ਹਰਬੰਸ ਲਾਲ, ਸੁਪਰਡੈਂਟ ਪ੍ਰਦੀਪ ਕੁਮਾਰ, ਸੁਪਰਡੈਂਟ ਧਰਮਿੰਦਰਜੀਤ ਸਿੰਘ ਅਤੇ ਸਮੂਹ ਇੰਸਪੈਕਟਰਾਂ ਨੇ ਸ਼ਮੂਲੀਅਤ ਕੀਤੀ।

ਛਬੀਲ ਪੀਣ ਲਈ ਸੜਕ ਪਾਰ ਕਰ ਰਹੇ ਮੁੰਡੇ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਅਧਿਕਾਰੀ ਅਤੇ ਕਰਮਚਾਰੀ ਚਾਲੂ ਵਿੱਤੀ ਸਾਲ ਦੀ ਵਸੂਲੀ ’ਤੇ ਦੇਣ ਧਿਆਨ

ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਵਸੂਲੀ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਮਿੱਥੇ ਟੀਚੇ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਾਲੀ ਸਾਲ 2024-25 ਦੇ ਸ਼ੁਰੂ ਵਿਚ ਲੋਕ ਸਭਾ ਚੋਣਾਂ 2024 ਕਾਰਨ ਪ੍ਰਾਪਰਟੀ ਟੈਕਸ ਅਤੇ ਇਸ ਦੇ ਬਕਾਏ ਦੀ ਵਸੂਲੀ ਵਿਚ ਵਿਘਨ ਪਿਆ ਹੈ, ਕਿਉਂਕਿ ਨਿਗਮ ਅਧਿਕਾਰੀ ਅਤੇ ਕਰਮਚਾਰੀ ਚੋਣ ਡਿਊਟੀ ਵਿਚ ਰੁੱਝੇ ਹੋਏ ਸਨ। ਹੁਣ ਚੋਣਾਂ ਸਿਰੇ ਚੜ੍ਹ ਗਈਆਂ ਹਨ ਅਤੇ ਹੁਣ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਾਲੂ ਵਿੱਤੀ ਸਾਲ ਦੀ ਵਸੂਲੀ ’ਤੇ ਧਿਆਨ ਦੇਣਾ ਹੋਵੇਗਾ।

ਇਹ ਵੀ ਪੜ੍ਹੋ- ਅਸਮਾਨ ਤੋਂ ਵਰ੍ਹ ਰਹੀ ਅੱਗ ਵਾਂਗ ਲੂ, ਤਾਪਮਾਨ 46 ਡਿਗਰੀ ਤੋਂ ਪਾਰ, ਲੋਕ ਘਰਾਂ ’ਚ ਰਹਿਣ ਲਈ ਹੋਏ ਮਜ਼ਬੂਰ

ਪ੍ਰਾਪਰਟੀ ਟੈਕਸ ਦੀਆਂ ਡਿਫਾਲਟਰ ਧਿਰਾਂ ਦੀ ਕੀਤੀ ਜਾਵੇ ਸਮੀਖਿਆ

ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ਦੀਆਂ ਡਿਫਾਲਟਰ ਧਿਰਾਂ ਦੀ ਸਮੀਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡਿਫਾਲਟਰ ਧਿਰਾਂ ਜਿਨ੍ਹਾਂ ਨੂੰ ਵਿਭਾਗ ਵੱਲੋਂ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਜਾਵੇ, ਜਿਨ੍ਹਾਂ ਧਿਰਾਂ ਨੂੰ ਜਾਇਦਾਦਾਂ ਸੀਲ ਕਰਨ ਲਈ ਨੋਟਿਸ ਦਿੱਤੇ ਗਏ ਹਨ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਵਿਭਾਗ ਦੇ ਪੜਤਾਲੀਆ ਕੇਸਾਂ ਦਾ ਨਿਪਟਾਰਾ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)

ਬਜਟ ਦਾ ਟੀਚਾ ਪੂਰਾ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਕੀਤੀ ਜਾਵੇਗੀ ਕਾਰਵਾਈ

ਉਨ੍ਹਾਂ ਨੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਨੂੰ ਕਿਹਾ ਕਿ ਉਹ ਜ਼ੋਨ ਵਾਰ ਉਨ੍ਹਾਂ (ਵਧੀਕ ਕਮਿਸ਼ਨਰ) ਨੂੰ ਰੋਜ਼ਾਨਾ ਦੋ ਕੇਸ ਭੇਜਣ ਤਾਂ ਜੋ ਹਰ ਰੋਜ਼ ਇਨ੍ਹਾਂ ਕੇਸਾਂ ਨਾਲ ਸਬੰਧਤ ਧਿਰਾਂ ਨੂੰ ਬੁਲਾ ਕੇ ਕੇਸਾਂ ਦਾ ਨਿਪਟਾਰਾ ਕਰ ਕੇ ਪ੍ਰਾਪਰਟੀ ਟੈਕਸ ਵਸੂਲਿਆ ਜਾਵੇ। ਵਰਨਣਯੋਗ ਹੈ ਕਿ ਇਸ ਸਮੇਂ ਵੀ ਵਿਭਾਗ ਕੋਲ 325 ਤੋਂ ਵੱਧ ਕੇਸ ਹਨ। ਇਨ੍ਹਾਂ ਕੇਸਾਂ ਰਾਹੀਂ ਨਿਗਮ 4 ਤੋਂ 5 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਵਸੂਲ ਸਕਦਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਰੇਕ ਜ਼ੋਨ ਦੇ ਅਧਿਕਾਰੀਆਂ ਲਈ ਮਹੀਨਾਵਾਰ ਟੀਚੇ ਤੈਅ ਕੀਤੇ ਜਾਣਗੇ ਤਾਂ ਜੋ ਅਧਿਕਾਰੀ ਚਾਲੂ ਵਿੱਤੀ ਸਾਲ ਲਈ ਤੈਅ ਕੀਤੇ ਬਜਟ ਨੂੰ ਪੂਰਾ ਕਰ ਸਕਣ। ਬਜਟ ਦਾ ਟੀਚਾ ਪੂਰਾ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਪ੍ਰਾਪਰਟੀ ਟੈਕਸ ਦੀ ਉਗਰਾਹੀ ਵਿੱਚ ਸੁਧਾਰ ਲਈ ਹਰ ਸੰਭਵ ਯਤਨ ਕਰਨਗੇ ਅਤੇ ਉਗਰਾਹੀ ਦੇ ਸਾਰੇ ਟੀਚਿਆਂ ਨੂੰ ਜ਼ਰੂਰ ਪੂਰਾ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News