ਯੋਗੀ ਆਦਿੱਤਿਆਨਾਥ ਦਾ ਹਸ਼ਰ ਵੀ ਕਿਤੇ ਸੁਰੇਸ਼ ਪ੍ਰਭੂ ਵਰਗਾ ਨਾ ਹੋਵੇ

09/05/2017 4:44:00 AM

ਜਿਵੇਂ ਕਿ ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਲੋਕਾਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਅਤੇ ਇਲਾਜ ਮੁਹੱਈਆ ਕਰਵਾਉਣਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਉਹ ਇਸ ਵਿਚ ਲਗਾਤਾਰ ਅਸਫਲ ਸਿੱਧ ਹੋ ਰਹੀਆਂ ਹਨ। ਯੂ. ਪੀ. ਵਿਚ ਗੋਰਖਪੁਰ ਦੇ ਬੀ. ਆਰ. ਡੀ. ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਿਰਫ 1 ਸਾਲ ਅੰਦਰ ਜ਼ੇਰੇ ਇਲਾਜ 1254 ਬੱਚਿਆਂ ਦੀਆਂ ਮੌਤਾਂ ਦੇ ਹੁਣੇ-ਹੁਣੇ ਹੋਏ ਖੁਲਾਸੇ ਤੋਂ ਬਾਅਦ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਤੁਰੰਤ ਹਰਕਤ ਵਿਚ ਆ ਕੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਪਰ ਸੂਬੇ ਦੀ ਹਸਪਤਾਲ ਮੈਨੇਜਮੈਂਟ 'ਚ ਲਾਪਰਵਾਹੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। 
ਇਸ ਦਾ ਇਕ ਹੋਰ ਸਬੂਤ 2 ਸਤੰਬਰ ਨੂੰ ਵਾਰਾਣਸੀ ਵਿਚ ਦੇਖਣ ਨੂੰ ਮਿਲਿਆ, ਜਿਥੇ ਸ਼ਨੀਵਾਰ ਨੂੰ ਜ਼ਿਲਾ ਮਹਿਲਾ ਹਸਪਤਾਲ 'ਚ 3 ਨਵਜੰਮੇ ਬੱਚੇ ਆਕਸੀਜਨ ਤੋਂ ਬਿਨਾਂ ਦੋ ਘੰਟੇ ਤੜਫਦੇ ਰਹੇ।
ਇਲਾਜ ਲਈ ਜਦੋਂ ਇਨ੍ਹਾਂ ਨਵਜੰਮੇ ਮਾਸੂਮਾਂ ਨੂੰ 'ਐੱਨ. ਐੱਨ. ਸੀ. ਯੂ.' (ਨਵਜੰਮੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਲਈ ਯੂਨਿਟ) ਵਿਚ ਰੈਫਰ ਕੀਤਾ ਗਿਆ, ਉਦੋਂ ਨਾ ਉਥੇ ਬਿਜਲੀ ਸੀ ਤੇ ਨਾ ਹੀ ਆਕਸੀਜਨ ਸਿਲੰਡਰ ਦੀ ਨੋਜ਼ਲ ਖੁੱਲ੍ਹ ਰਹੀ ਸੀ, ਜਿਸ ਕਾਰਨ ਮਾਸੂਮ 2 ਘੰਟਿਆਂ ਤਕ ਬਿਨਾਂ ਇਲਾਜ ਦੇ ਹੀ ਤੜਫਦੇ ਰਹੇ। 
ਆਕਸੀਜਨ ਦਾ ਪ੍ਰਬੰਧ ਨਾ ਹੋਣ ਵਰਗੀ ਗੰਭੀਰ ਸਮੱਸਿਆ ਦੀ ਸੂਚਨਾ ਤੁਰੰਤ ਹਸਪਤਾਲ ਦੀ ਚੀਫ ਮੈਡੀਕਲ ਸੁਪਰਡੈਂਟ ਨੂੰ ਦੇਣ ਦੀ ਕੋਸ਼ਿਸ਼ ਵੀ ਨਾਕਾਮ ਰਹੀ, ਜਿਸ ਨੇ ਅੱਧੇ ਘੰਟੇ ਤਕ ਫੋਨ ਹੀ ਨਹੀਂ ਚੁੱਕਿਆ।
ਅਜੇ ਇਸ ਘਟਨਾ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇਕ ਵਾਰ ਫਿਰ ਯੂ. ਪੀ. ਦੇ ਹੀ ਫਰੂਖਾਬਾਦ ਸ਼ਹਿਰ ਦੇ ਪ੍ਰਮੁੱਖ ਸਰਕਾਰੀ ਹਸਪਤਾਲ 'ਚ ਗੋਰਖਪੁਰ ਦੇ ਬੀ. ਆਰ. ਬੀ. ਹਸਪਤਾਲ ਵਰਗਾ ਕਾਂਡ ਵਾਪਰ ਗਿਆ।
20 ਜੁਲਾਈ 2017 ਤੋਂ 21 ਅਗਸਤ 2017 ਤਕ ਜ਼ਿਲਾ ਜੁਆਇੰਟ ਹਸਪਤਾਲ ਫਰੂਖਾਬਾਦ ਵਿਚ ਆਕਸੀਜਨ, ਦਵਾਈਆਂ ਦੀ ਘਾਟ ਤੇ ਇਲਾਜ ਵਿਚ ਲਾਪਰਵਾਹੀ ਕਾਰਨ ਸਿਰਫ 1 ਮਹੀਨੇ ਅੰਦਰ 49 ਨਵਜੰਮੇ ਬੱਚਿਆਂ ਦੀ ਮੌਤ ਹੋਣ ਦਾ ਖੁਲਾਸਾ 4 ਸਤੰਬਰ ਨੂੰ ਹੋਇਆ।
ਇਸ ਬਾਰੇ ਮਾਮਲਾ ਦਰਜ ਕਰਵਾਉਣ ਵਾਲੇ ਨਗਰ ਮੈਜਿਸਟ੍ਰੇਟ ਜੈਨੇਂਦਰ ਜੈਨ ਵਲੋਂ ਦਿੱਤੀ ਗਈ ਤਹਿਰੀਰ  ਅਨੁਸਾਰ ਮਰਨ ਵਾਲੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਜਾਂਚ ਅਧਿਕਾਰੀ ਨੂੰ ਫੋਨ 'ਤੇ ਦੱਸਿਆ ਸੀ ਕਿ ਡਾਕਟਰਾਂ ਨੇ ਬੱਚਿਆਂ ਨੂੰ ਸਮੇਂ ਸਿਰ ਆਕਸੀਜਨ ਨਹੀਂ ਲਗਾਈ ਅਤੇ ਨਾ ਹੀ ਕੋਈ ਦਵਾਈ ਦਿੱਤੀ, ਜਿਸ ਤੋਂ ਸਪੱਸ਼ਟ ਹੈ ਕਿ ਬਹੁਤੇ ਬੱਚਿਆਂ ਦੀ ਮੌਤ ਕਾਫੀ ਮਾਤਰਾ ਵਿਚ ਆਕਸੀਜਨ ਨਾ ਮਿਲਣ ਅਤੇ ਇਲਾਜ ਵਿਚ ਲਾਪਰਵਾਹੀ ਕਾਰਨ ਹੋਈ।
ਹਮੇਸ਼ਾ ਵਾਂਗ ਹੀ ਇਸ ਮਾਮਲੇ 'ਚ ਵੀ 'ਤੁਰੰਤ ਕਾਰਵਾਈ' ਕਰਦਿਆਂ ਯੂ. ਪੀ. ਸਰਕਾਰ ਨੇ ਹਸਪਤਾਲ ਦੇ ਸੀ. ਐੱਮ. ਓ., ਸੀ. ਐੱਮ. ਐੱਸ. ਅਤੇ ਹੋਰਨਾਂ ਡਾਕਟਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਇਲਾਵਾ ਹਸਪਤਾਲ ਦੀ ਚੀਫ ਮੈਡੀਕਲ ਸੁਪਰਡੈਂਟ ਦਾ ਤਬਾਦਲਾ ਕਰਦਿਆਂ ਅਗਾਂਹ ਜਾਂਚ ਜਾਰੀ ਰੱਖਣ ਦੀ ਗੱਲ ਕਹੀ ਹੈ। 
ਅਸੀਂ ਆਪਣੇ 31 ਅਗਸਤ ਦੇ ਸੰਪਾਦਕੀ 'ਯੂ. ਪੀ. 'ਚ ਬੱਚਿਆਂ ਦੀਆਂ ਮੌਤਾਂ ਬਾਰੇ ਯੋਗੀ ਆਦਿੱਤਿਆਨਾਥ ਦਾ ਅਟਪਟਾ ਬਿਆਨ' ਵਿਚ ਲਿਖਿਆ ਸੀ, ''19 ਮਾਰਚ 2017 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਦੇ ਸਰਕਾਰੀ ਦਫਤਰਾਂ ਅਤੇ ਹਸਪਤਾਲਾਂ 'ਚ ਛਾਪੇ ਮਾਰ ਕੇ ਸੰਬੰਧਿਤ ਸਟਾਫ ਨੂੰ ਮੁਸਤੈਦੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਉਨ੍ਹਾਂ ਦੀਆਂ ਨਸੀਹਤਾਂ ਬੋਲ਼ੇ ਕੰਨਾਂ ਵਿਚ ਪਈਆਂ ਤੇ ਸਥਿਤੀ ਅਜੇ ਵੀ ਜਿਉਂ ਦੀ ਤਿਉਂ ਹੈ।''
ਜਿਸ ਤਰ੍ਹਾਂ ਚੰਗਾ ਕੰਮ ਕਰਨ ਦੇ ਬਾਵਜੂਦ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਆਪਣੇ ਕਾਰਜਕਾਲ ਦੌਰਾਨ ਹੋਏ ਲੱਗਭਗ 20 ਛੋਟੇ-ਵੱਡੇ ਰੇਲ ਹਾਦਸਿਆਂ ਦਾ ਖਮਿਆਜ਼ਾ ਰੇਲ ਮੰਤਰੀ ਵਜੋਂ ਆਪਣੀ ਬਲੀ ਦੇ ਕੇ ਚੁਕਾਉਣਾ ਪਿਆ, ਉਸੇ ਤਰ੍ਹਾਂ ਕਿਤੇ ਯੂ. ਪੀ. ਦੇ ਸਰਕਾਰੀ ਹਸਪਤਾਲਾਂ 'ਚ ਸਟਾਫ ਦੀ ਲਾਪਰਵਾਹੀ ਕਾਰਨ ਹੋਣ ਵਾਲੀਆਂ ਬੇਹਿਸਾਬ ਮੌਤਾਂ ਨੂੰ ਦੇਖਦਿਆਂ ਯੋਗੀ ਆਦਿੱਤਿਆਨਾਥ ਨਾਲ ਵੀ ਇਹੋ ਕਹਾਣੀ ਨਾ ਦੁਹਰਾਈ ਜਾਵੇ।        
—ਵਿਜੇ ਕੁਮਾਰ


Vijay Kumar Chopra

Chief Editor

Related News