ਕੰਗਨਾ ਅਤੇ ਸ਼ਿਵ ਸੈਨਾ ਦਰਮਿਆਨ ਜ਼ੁਬਾਨੀ ਜੰਗ ਭੰਨ-ਤੋੜ ਤਕ ਪਹੁੰਚੀ

09/10/2020 3:38:16 AM

ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮਸ਼੍ਰੀ’ ਨਾਲ ਸਨਮਾਨਿਤ ਅਭਿਨੇਤਰੀ ਕੰਗਨਾ ਰਣੌਤ ਦੇ ਨਾਂ ਇਕ ਰਾਸ਼ਟਰੀ ਫਿਲਮ ਪੁਰਸਕਾਰ ਦੇ ਇਲਾਵਾ ਦਰਜਨਾਂ ਹੋਰ ਪੁਰਸਕਾਰ ਦਰਜ ਹਨ। ਉਹ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਫਿਲਮ ਇੰਡਸਟਰੀ ਦੇ ਇਕ ਧੜੇ ਵਲੋਂ ਨਸ਼ੀਲੀਅਾਂ ਦਵਾਈਅਾਂ ਦੀ ਵਰਤੋਂ ਦੇ ਬਾਰੇ ’ਚ ਬੋਲ ਕੇ ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਦੇ ਨਿਸ਼ਾਨੇ ’ਤੇ ਆ ਗਈ ਹੈ।

ਕੰਗਨਾ ਨੇ ਟਵੀਟ ਕੀਤਾ ਸੀ ਕਿ, ‘‘ਇਕ ਪ੍ਰਮੁੱਖ ਸਟਾਰ ਦੀ ਮੌਤ ਤੋਂ ਬਾਅਦ ਮੈਂ ਡਰੱਗ ਅਤੇ ਮੂਵੀ ਮਾਫੀਆ ਰੈਕੇਟ ਦੀ ਗੱਲ ਕਹੀ ਸੀ। ਮੈਂ ਮੁੰਬਈ ਪੁਲਸ ’ਤੇ ਯਕੀਨ ਨਹੀਂ ਕਰਦੀ ਕਿਉਂਕਿ ਉਨ੍ਹਾਂ ਨੇ ਸੁਸ਼ਾਂਤ ਦੀਅਾਂ ਸ਼ਿਕਾਇਤਾਂ ਨੂੰ ਅਣਡਿੱਠ ਕੀਤਾ। ਸੁਸ਼ਾਂਤ ਨੇ ਹਰ ਕਿਸੇ ਨੂੰ ਕਿਹਾ ਸੀ ਕਿ ਉਹ ਮੈਨੂੰ ਮਾਰ ਦੇਣਗੇ ਅਤੇ ਉਸ ਨੂੰ ਮਾਰ ਦਿੱਤਾ ਗਿਆ।’’

ਕੰਗਨਾ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਫਿਲਮ ਮਾਫੀਆ ਦੀ ਬਜਾਏ ਡਰ ਮੁੰਬਈ ਪੁਲਸ ਤੋਂ ਲੱਗਦਾ ਹੈ। ਕੰਗਨਾ ਜੋ ਉਨ੍ਹੀਂ ਦਿਨੀਂ ਹਿਮਾਚਲ ’ਚ ਸੀ, ਦੀ ਉਕਤ ਟਿੱਪਣੀ ਤੋਂ ਬਾਅਦ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਮੁੰਬਈ ਪੁਲਸ ਦਾ ਨਿਰਾਦਰ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਮੁੰਬਈ ਵਾਪਸ ਨਾ ਪਰਤਣ ਦੀ ਸਲਾਹ ਦੇ ਦਿੱਤੀ।

ਇਸ ਦੇ ਜਵਾਬ ’ਚ 3 ਸਤੰਬਰ ਨੂੰ ਕੰਗਨਾ ਨੇ ਟਵੀਟ ਕੀਤਾ ਕਿ, ‘‘ਸੰਜੇ ਰਾਉਤ ਨੇ ਮੈਨੂੰ ਮੁੰਬਈ ਨਾ ਆਉਣ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਮੈਨੂੰ ਅਜਿਹਾ ਕਿਉਂ ਮਹਿਸੂਸ ਹੋ ਰਿਹਾ ਹੈ ਕਿ ਮੁੰਬਈ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੋਵੇ!’’

ਇਸ ’ਤੇ ਸ਼ਿਵ ਸੈਨਾ ਦੀਅਾਂ ਮਹਿਲਾ ਵਰਕਰਾਂ ਨੇ ਕੰਗਨਾ ਦੇ ਵਿਰੁੱਧ ਰੋਸ ਵਿਖਾਵਾ ਕੀਤਾ ਅਤੇ ਉਨ੍ਹਾਂ ਦੇ ਪੋਸਟਰ ਸਾੜੇ ਅਤੇ 5 ਸਤੰਬਰ ਨੂੰ ਮੁੰਬਈ ਦੀ ਮੇਅਰ ਕਿਸ਼ੋਰੀ ਪੇਡਣੇਕਰ ਨੇ ਕਿਹਾ, ‘‘ਕੰਗਨਾ ਨੂੰ ਮੁੰਬਈ ’ਚ ਰਹਿਣ ਦਾ ਅਧਿਕਾਰ ਨਹੀਂ ਹੈ।’’

ਸੰਜੇ ਰਾਉਤ 6 ਸਤੰਬਰ ਨੂੰ ਬੋਲੇ, ‘‘ਅਸੀਂ ਸਾਰੇ ਮਿਲ ਕੇ ਉਸ ਨੂੰ ਰੋਕਾਂਗੇ। ਉਸ ਲੜਕੀ ਨੇ ਜੋ ਗੱਲ ਕੀਤੀ ਉਹ ਕਾਨੂੰਨ ਦਾ ਸਨਮਾਨ ਹੈ ਕੀ?’’ ਇਸ ਦੇ ਨਾਲ ਹੀ ਉਨ੍ਹਾਂ ਨੇ ਕੰਗਨਾ ਨੂੰ ‘ਹਰਾਮਖੋਰ’ ਲੜਕੀ ਦੱਸਿਆ।

ਜਿਥੇ ਸੰਜੇ ਰਾਉਤ ਦੇ ਉਕਤ ਬਿਆਨ ਦੀ ਵੱਖ-ਵੱਖ ਵਰਗ ਦੇ ਲੋਕਾਂ ਨੇ ਆਲੋਚਨਾ ਕੀਤਾ ਹੈ, ਉਥੇ ਅਭਿਨੇਤਰੀ ਦੀਆ ਮਿਰਜ਼ਾ ਨੇ ਟਵੀਟ ਕੀਤਾ ਕਿ, ‘‘ਸਰ, ਕੰਗਨਾ ਨੇ ਜੋ ਕੁਝ ਵੀ ਕਿਹਾ ਉਸ ਦਾ ਵਿਰੋਧ ਕਰਨ ਦਾ ਤੁਹਾਨੂੰ ਹੱਕ ਹੈ ਪਰ ਇਸ ਤਰ੍ਹਾਂ ਦੀ ਭਾਸ਼ਾ ਵਰਤਣ ਲਈ ਤੁਹਾਨੂੰ ਮੁਆਫੀ ਮੰਗਣੀ ਚਾਹੀਦੀ ਹੈ।’’

ਕੰਗਨਾ ਨੇ ਵੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘‘ਮਹਾਰਾਸ਼ਟਰ ਦਾ ਮਤਲਬ ਸੰਜੇ ਰਾਉਤ ਨਹੀਂ ਹੁੰਦਾ ਹੈ। ’’ ਉਨ੍ਹਾਂ ਨੇ ਇਹ ਖਦਸ਼ਾ ਵੀ ਪ੍ਰਗਟ ਕੀਤਾ ਸੀ ਕਿ ‘‘ਬੀ.ਐੱਮ.ਸੀ. ਵਾਲੇ ਮੇਰਾ ਦਫਤਰ ਤੋੜ ਦੇਣਗੇ।’’

8 ਸਤੰਬਰ ਨੂੰ ਬੀ.ਐੱਮ.ਸੀ. ਨੇ ਕੰਗਨਾ ਰਣੌਤ ਦੀ ਗੈਰ-ਹਾਜ਼ਰੀ ’ਚ ਪਾਲੀ ਹਿਲ ਸਥਿਤ ਕੰਗਨਾ ਦੇ ਦਫਤਰ ‘ਮਣੀਕਰਣਿਕਾ ਫਿਲਮਸ’ ਉਤੇ ਨਾਜਾਇਜ਼ ਉਸਾਰੀ ਦਾ ਨੋਟਿਸ ਚਿਪਕਾ ਕੇ 24 ਘੰਟਿਅਾਂ ’ਚ ਇਸ ਦਾ ਜਵਾਬ ਮੰਗਿਆ।

ਇਸੇ ਦਿਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਭਿਨੇਤਾ ਸ਼ੇਖਰ ਸੁਮਨ ਦੇ ਪੁੱਤਰ ਅਧਿਅਨ ਸੁਮਨ ਦੇ ਬਿਆਨ ਦੇ ਅਾਧਾਰ ’ਤੇ ਕੰਗਨਾ ਦੇ ਵਿਰੁੱਧ ਡਰੱਗਸ ਮਾਮਲੇ ਦੀ ਜਾਂਚ ਦਾ ਹੁਕਮ ਦੇ ਦਿੱਤੇ, ਜਿਸ ’ਚ ਅਧਿਅਨ ਨੇ ਕਿਹਾ ਸੀ ਕਿ, ‘‘ਕੰਗਨਾ ਡਰੱਗਸ ਲੈਂਦੀ ਹੈ।’’ ਇਸ ਦੇ ਜਵਾਬ ’ਚ ਕੰਗਨਾ ਰਣੌਤ ਨੇ ਕਿਹਾ ਹੈ ਕਿ ਡਰੱਗ ਪੈਡਲਰਸ ਦੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਮਿਲਣ ’ਤੇ ਉਹ ਹਮੇਸ਼ਾ ਲਈ ਮੁੰਬਈ ਛੱਡ ਦੇਵੇਗੀ।

ਉਨ੍ਹਾਂ ਨੇ ਇਹ ਵੀ ਕਿਹਾ , ‘‘ਦੁੱਖ ਦੀ ਗੱਲ ਹੈ ਕਿ ਮੈਨੂੰ ਮੇਰੇ ਹੀ ਮਹਾਰਾਸ਼ਟਰ ’ਚ ਆਉਣ ਤੋਂ ਰੋਕਿਆ ਜਾ ਰਿਹਾ ਹੈ। ਮੈਂ ਨਾ ਡਰਾਂਗੀ, ਨਾ ਝੁਕਾਂਗੀ, ਗਲਤ ਦੇ ਵਿਰੁੱਧ ਬੜਬੋਲੀ ਹੋ ਕੇ ਆਵਾਜ਼ ਉਠਾਉਂਦੀ ਰਹਾਂਗੀ। ਜੈ ਮਹਾਰਾਸ਼ਟਰ, ਜੈ ਸ਼ਿਵਾਜੀ। ਮੈਂ 9 ਸਤੰਬਰ ਨੂੰ ਮੁੰਬਈ ਆ ਰਹੀ ਹਾਂ। ਕਿਸੇ ਦੇ ਬਾਪ ’ਚ ਹਿੰਮਤ ਹੈ ਤਾਂ ਮੈਨੂੰ ਰੋਕ ਲਵੇ।’’

ਆਪਣੇ ਐਲਾਨ ਦੇ ਅਨੁਸਾਰ ਕੰਗਨਾ ਰਣੌਤ 9 ਸਤੰਬਰ ਨੂੰ ਮੁੰਬਈ ਪਹੁੰਚ ਗਈ। ਮੁੰਬਈ ਹਵਾਈ ਅੱਡੇ ’ਤੇ ਪਹੁੰਚਣ ’ਤੇ ਜਿਥੇ ਸ਼ਿਵ ਸੈਨਾ ਵਰਕਰਾਂ ਨੇ ਕੰਗਨਾ ਦੇ ਵਿਰੁੱਧ ਰੋਸ ਵਿਖਾਵਾ ਕੀਤਾ ਅਤੇ ਨਾਅਰੇ ਲਗਾਏ, ਉਥੇ ਕਰਣੀ ਸੈਨਾ ਅਤੇ ਆਰ.ਪੀ.ਆਈ. ਦੇ ਵਰਕਰਾਂ ਨੇ ਉਨ੍ਹਾਂ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ।

ਪਰ ਕੰਗਨਾ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਬੀ.ਐੱਮ.ਸੀ. ਨੇ ਪੁਲਸ ਦੀ ਸਹਾਇਤਾ ਨਾਲ ਉਨ੍ਹਾਂ ਦੀ ਕੰਪਨੀ ‘ਮਣੀਕਰਣਿਕਾ ਫਿਲਮਸ’ ਦੇ ਦਫਤਰ, ਜਿਸ ਦੀ ਮਾਰਕੀਟ ਵੈਲਿਊ 41 ਕਰੋੜ ਰੁਪਏ ਦੱਸੀ ਜਾਂਦੀ ਹੈ, ’ਤੇ ਛਾਪਾ ਮਾਰ ਕੇ 10 ਥਾਵਾਂ ’ਤੇ ਭੰਨ-ਤੋੜ ਕਰ ਦਿੱਤੀ ਅਤੇ ਨਾਜਾਇਜ਼ ਉਸਾਰੀ ਡੇਗ ਦਿੱਤੀ।

ਉਨ੍ਹਾਂ ਦੇ ਦਫਤਰ ’ਚ ਸਥਿਤ ਮੰਦਿਰ ਵੀ ਤੋੜ ਦਿੱਤਾ ਗਿਆ। ਕੰਗਨਾ ਦੇ ਵਕੀਲ ਨੇ ਹਾਈਕੋਰਟ ’ਚ ਇਸ ਦੇ ਵਿਰੁੱਧ ਅਪੀਲ ਲਗਾਈ, ਜਿਸ ’ਤੇ ਹਾਈਕੋਰਟ ਨੇ ਬੀ.ਐੱਮ.ਸੀ. ਵਲੋਂ ਕੰਗਨਾ ਦੇ ਦਫਤਰ ’ਚ ਕਥਿਤ ਨਾਜਾਇਜ਼ ਉਸਾਰੀ ਤੋੜਣ ’ਤੇ ਰੋਕ ਲਗਾ ਦਿੱਤੀ ਹੈ।

ਬੀ.ਐੱਮ.ਸੀ. ਵਲੋਂ ਕੀਤੀ ਗਈ ਭੰਨ-ਤੋੜ ’ਤੇ ਕੰਗਨਾ ਨੇ ਟਵੀਟ ਕੀਤਾ, ‘‘ਊਧਵ ਠਾਕਰੇ, ਤੈਨੂੰ ਕੀ ਲੱਗਦਾ ਹੈ ਕਿ ਤੂੰ ਮੂਵੀ ਮਾਫੀਆ ਨਾਲ ਮਿਲ ਕੇ ਮੇਰੇ ਕੋਲੋਂ ਵੱਡਾ ਬਦਲਾ ਲਿਆ ਹੈ। ਅੱਜ ਮੇਰਾ ਘਰ ਟੁੱਟਾ ਹੈ, ਕੱਲ ਤੇਰਾ ਘੁਮੰਡ ਟੁੱਟੇਗਾ।’’

ਇਸੇ ਦਰਮਿਆਨ ਕੰਗਨਾ ਦੇ ਸਮਰਥਨ ਅਤੇ ਵਿਰੋਧ ’ਚ ਕਈ ਸੰਸਥਾਵਾਂ ਉਤਰ ਆਈਅਾਂ ਹਨ। ਕਰਣੀ ਸੇਨਾ ਨੇ ਗੋਰਖਪੁਰ ’ਚ ਕੰਗਨਾ ਦੇ ਵਿਰੁੱਧ ਨਿਰਾਦਰਯੋਗ ਟਿੱਪਣੀ ਲਈ ਸੰਜੇ ਰਾਉਤ ਦੇ ਵਿਰੁੱਧ ਰੋਸ ਵਿਖਾਵਾ ਕੀਤਾ ਅਤੇ ਉਨ੍ਹਾਂ ਦਾ ਪੁਤਲਾ ਸਾੜਿਆ।

ਇਸ ਸਮੇਂ ਮੁੰਬਈ ’ਚ ਡਰੱਗਸ ਮਾਫੀਆ ਦੀ ਮੌਜੂਦਗੀ ਨੂੰ ਲੈ ਕੈ ਕੰਗਨਾ ਰਣੌਤ ਦੇ ਬਿਆਨ ਨਾਲ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ’ਤੇ ਅਾਧਾਰਿਤ ਮਹਾਰਾਸ਼ਟਰ ਦੀ ਗਠਜੋੜ ਸਰਕਾਰ ਅਤੇ ਕੰਗਨਾ ’ਚ ਖੜਕ ਜਾਣ ਨਾਲ ਇਕ ਭੈੜੀ ਸਥਿਤੀ ਪੈਦਾ ਹੋ ਗਈ।

ਇਸ ਘਟਨਾ ਨੇ ਮਹਾਰਾਸ਼ਟਰ ’ਚ ਊਧਵ ਠਾਕਰੇ ਦੀ ‘ਸ਼ਿਵ ਸੈਨਾ’ ਅਤੇ ‘ਮਨਸੇ’ ਵਲੋਂ ਦੂਸਰੇ ਸੂਬਿਅਾਂ ਦੇ ਲੋਕਾਂ ਦੇ ਨਾਲ ਸਮੇਂ-ਸਮੇਂ ’ਤੇ ਪੈਦਾ ਹੋਣ ਵਾਲੇ ਵਿਵਾਦਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ।

ਇਸ ਕਾਰਵਾਈ ਨਾਲ ਊਧਵ ਠਾਕਰੇ ਸਰਕਾਰ ਵਿਰੋਧੀ ਪਾਰਟੀਅਾਂ ਦੇ ਨਾਲ-ਨਾਲ ਆਪਣੇ ਹੀ ਸਹਿਯੋਗੀ ‘ਰਾਕਾਂਪਾ’ ਦੇ ਸੁਪਰੀਮੋ ਸ਼ਰਦ ਪਵਾਰ ਦੇ ਨਿਸ਼ਾਨੇ ’ਤੇ ਆ ਗਈ ਹੈ ਅਤੇ ਉਨ੍ਹਾਂ ਨੇ ਬੀ.ਐੱਮ.ਸੀ. ਦੀ ਕਾਰਵਾਈ ਨੂੰ ਗੈਰ-ਜ਼ਰੂਰੀ ਦੱਸ ਦਿੱਤਾ ਹੈ ਅਤੇ ਕਿਹਾ ਹੈ ਕਿ ਮੁੰਬਈ ’ਚ ਅਜਿਹੀਅਾਂ ਅਨੇਕਾਂ ਇਮਾਰਤਾਂ ਹਨ।

ਇਸ ਘਟਨਾ ਨਾਲ ਕੰਗਨਾ ਰਣੌਤ ਅਤੇ ਸਰਕਾਰ ਆਹਮੋ-ਸਾਹਮਣੇ ਆ ਗਏ ਹਨ। ਸੰਜੇ ਰਾਉਤ ਨੇ ਤਿੱਖੇ ਬਿਆਨ ਦੇ ਕੇ ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ ਸਰਕਾਰ ਨੇ ਕੰਗਨਾ ਰਣੌਤ ਦੇ ਦਫਤਰ ’ਤੇ ਕਾਰਵਾਈ ਕਰ ਕੇ ਸਿਆਸੀ ਅਪ੍ਰਪੱਕਤਾ ਦਾ ਸਬੂਤ ਹੀ ਦਿੱਤਾ ਹੈ।

–ਵਿਜੇ ਕੁਮਾਰ


Bharat Thapa

Content Editor

Related News