ISI-ਟ੍ਰੈਵਲ ਏਜੰਟ ਧੋਖਾਧੜੀ ਨੈੱਟਵਰਕ ਦਾ ਪਰਦਾਫ਼ਾਸ਼, ਹਲਵਾਰਾ ਤੋਂ ਅਜ਼ਰਬੈਜਾਨ ਤਕ ਜੁੜੇ ਤਾਰ
Monday, Feb 09, 2026 - 10:53 AM (IST)
ਹਲਵਾਰਾ (ਲਾਡੀ): ਪਾਕਿਸਤਾਨੀ ਖੁਫ਼ੀਆ ਏਜੰਸੀ ISI ਅਤੇ ਟ੍ਰੈਵਲ ਫ੍ਰੌਡ ਦੇ ਗੰਢਤੁੱਪ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸੁਰੱਖਿਆ ਏਜੰਸੀਆਂ ਨੂੰ ਚੁਕੰਨੇ ਕਰ ਦਿੱਤਾ ਹੈ। 'ਜਗ ਬਾਣੀ' ਵਿਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੇਂਦਰੀ ਅਤੇ ਪੰਜਾਬ ਦੀਆਂ ਖੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈਆਂ ਹਨ। ਹਲਵਾਰਾ ਦੇ ਅਕਾਲਗੜ੍ਹ ਦੀ ਰਹਿਣ ਵਾਲੀ ਕਾਂਗਰਸ ਦੀ ਸਾਬਕਾ ਸਰਗਰਮ ਲੀਡਰ ਰਾਣੀ ਕਾਕੜੇ ਅਤੇ ਰਾਜਸਥਾਨੀ ਏਜੰਟ ਰਵੀ ਕੁਮਾਰ ਵਿਰੁੱਧ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ਾਂ ਤਹਿਤ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਏਅਰਫੋਰਸ ਸਟੇਸ਼ਨ ਨਾਲ ਜੁੜਿਆ ਪਿਛੋਕੜ ਬਣਿਆ ਚਿੰਤਾ ਦਾ ਵਿਸ਼ਾ
ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਰਾਣੀ ਕਾਕੜੇ ਦਾ ਪਰਿਵਾਰਕ ਪਿਛੋਕੜ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਇੱਥੋਂ ਸਿਵਲ ਮੁਲਾਜ਼ਮ ਵਜੋਂ ਸੇਵਾਮੁਕਤ ਹੋਏ ਸਨ ਅਤੇ ਇਕ ਭਰਾ ਹਾਲੇ ਵੀ ਉੱਥੇ ਸਫ਼ਾਈ ਸੇਵਕ ਵਜੋਂ ਕੰਮ ਕਰ ਰਿਹਾ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਰਾਣੀ ਨੇ ਏਅਰਫੋਰਸ ਸਟੇਸ਼ਨ ਦੀਆਂ ਸੰਵੇਦਨਸ਼ੀਲ ਤਸਵੀਰਾਂ ਅਤੇ ਜਾਣਕਾਰੀਆਂ ISI ਏਜੰਟ ਮਹਮੂਦ ਭੱਟੀ ਤੱਕ ਪਹੁੰਚਾਈਆਂ ਹਨ।
ਅਜ਼ਰਬੈਜਾਨ ਦੇ ਰੈਸਟੋਰੈਂਟ ਤੋਂ ਚੱਲ ਰਿਹੈ ਨੈੱਟਵਰਕ
ਕਾਊਂਟਰ ਇੰਟੈਲੀਜੈਂਸ ਦੀ ਜਾਂਚ ਅਨੁਸਾਰ ਰਾਣੀ ਕਾਕੜੇ ਇਸ ਸਮੇਂ ਅਜ਼ਰਬੈਜਾਨ ਵਿੱਚ ISI ਏਜੰਟ ਮਹਿਮੂਦ ਭੱਟ ਦੇ ਰੈਸਟੋਰੈਂਟ 'ਸ਼ਾਹ-ਇਨ' ਵਿੱਚ ਕੰਮ ਕਰ ਰਹੀ ਹੈ। ਇੱਥੋਂ ਹੀ ਭਾਰਤੀ ਨੌਜਵਾਨਾਂ ਨੂੰ ਕੈਨੇਡਾ ਤੇ ਇੰਗਲੈਂਡ ਭੇਜਣ ਦੇ ਨਾਂ 'ਤੇ ਫਸਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ISI ਲਈ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਇਸ ਜਾਂਚ ਤਹਿਤ ਰਾਣੀ ਕਾਕੜੇ ਵਿਰੁੱਧ ਲੁੱਕਆਉਟ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਅਤੇ ਨੇਪਾਲ ਸਰਹੱਦ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਰਾਣੀ ਦੇ SBI, Axis, HDFC ਅਤੇ ICICI ਸਮੇਤ 5 ਬੈਂਕ ਖਾਤੇ ਸੀਜ਼ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਲੱਖਾਂ ਦੀ ਟ੍ਰਾਂਜੈਕਸ਼ਨ ਹੋਈ ਹੈ। ਜ਼ਿਕਰਯੋਗ ਹੈ ਕਿ ਰਾਣੀ ਨੂੰ ਪਹਿਲਾਂ ਹੀ ਲੁਧਿਆਣਾ ਅਦਾਲਤ ਵੱਲੋਂ ਭਗੌੜੀ ਐਲਾਨਿਆ ਗਿਆ ਹੈ। ਜਾਂਚ ਦੇ ਘੇਰੇ ਵਿੱਚ ਰਾਏਕੋਟ ਦੇ ਉਹ ਵੱਡੇ ਕਾਂਗਰਸੀ ਆਗੂ ਵੀ ਹਨ, ਜਿਨ੍ਹਾਂ ਦੀ ਰਾਣੀ ਬੇਹੱਦ ਨਜ਼ਦੀਕੀ ਰਹੀ ਹੈ।
ਲੱਖਾਂ ਦੀ ਠੱਗੀ ਤੇ ਮਨੁੱਖੀ ਤਸਕਰੀ
ਸੂਤਰਾਂ ਅਨੁਸਾਰ ਰਾਣੀ ਪਹਿਲਾਂ ਦੁਬਈ ਵਿਚ ਮਨੁੱਖੀ ਤਸਕਰੀ ਦਾ ਜਾਲ ਵਿਛਾ ਕੇ ਬੈਠੀ ਸੀ। ਸੁਧਾਰ ਬਾਜ਼ਾਰ ਦੇ ਇਕ ਦੁਕਾਨਦਾਰ ਨੇ ਖ਼ੁਲਾਸਾ ਕੀਤਾ ਕਿ ਰਾਣੀ ਨੇ ਉਸ ਨੂੰ ਵੀ ਵੱਡੀ ਰਕਮ ਦਾ ਲਾਲਚ ਦੇ ਕੇ ਇਸ ਕਾਲੇ ਧੰਦੇ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਏਜੰਸੀਆਂ ਹੁਣ ਇਸ ਗੱਲ ਦੀ ਤਹਿ ਤੱਕ ਜਾ ਰਹੀਆਂ ਹਨ ਕਿ ਰਾਣੀ ਨੇ ਕਿੰਨੇ ਭਾਰਤੀ ਨੌਜਵਾਨਾਂ ਨੂੰ ISI ਦੇ ਜਾਲ ਵਿੱਚ ਫਸਾਇਆ ਹੈ ਅਤੇ ਹਲਵਾਰਾ ਏਅਰਫੋਰਸ ਸਟੇਸ਼ਨ ਦੀ ਕਿਹੜੀ-ਕਿਹੜੀ ਜਾਣਕਾਰੀ ਸਰਹੱਦ ਪਾਰ ਭੇਜੀ ਹੈ।
