ਅੰਧਵਿਸ਼ਵਾਸਾਂ ਦੇ ਚੱਕਰ ’ਚ ਸੈਕਸ ਸ਼ੋਸ਼ਣ, ਠੱਗੀ ਅਤੇ ਹੱਤਿਆਵਾਂ

09/08/2023 4:13:16 AM

ਆਜ਼ਾਦੀ ਦੇ 76 ਸਾਲ ਬਾਅਦ ਵੀ ਦੇਸ਼ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਜਾਦੂ-ਟੂਣਿਆਂ ਤੋਂ ਮੁਕਤ ਨਹੀਂ ਹੋ ਸਕਿਆ ਅਤੇ ਲੋਕਾਂ ਦੀ ਇਕ ਵੱਡੀ ਗਿਣਤੀ ਅੰਧਵਿਸ਼ਵਾਸਾਂ ਦੇ ਜਾਲ ’ਚ ਫਸ ਕੇ ਸੈਕਸ ਸ਼ੋਸ਼ਣ, ਠੱਗੀ ਅਤੇ ਹਿੰਸਾ ਦਾ ਸ਼ਿਕਾਰ ਹੋ ਰਹੀ ਹੈ।

* 6 ਸਤੰਬਰ ਨੂੰ ਹਾਪੁ਼ੜ (ਉੱਤਰ ਪ੍ਰਦੇਸ਼) ਜ਼ਿਲੇ ਦੇ ਬਾਬੂਗੜ੍ਹ ’ਚ ਇਕ ਬਿਮਾਰ ਔਰਤ ’ਤੇ ਭੂਤ-ਪ੍ਰੇਤ ਦਾ ਅਕਸ ਦੱਸ ਕੇ ਝਾੜ-ਫੂਕ ਦੇ ਨਾਂ ’ਤੇ ਉਸ ਨੂੰ ਇਕੱਲੀ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਝਾੜ-ਫੂਕ ਕਰਨ ਦੇ ਨਾਂ ’ਤੇ ਪੀੜਤਾ ਦੇ ਮਾਪਿਆਂ ਕੋਲੋਂ ਲੱਖਾਂ ਰੁਪਏ ਠੱਗਣ ਦੇ ਦੋਸ਼ ’ਚ ਇਕ ਅਖੌਤੀ ਤਾਂਤਰਿਕ ਵਿਰੁੱਧ ਕੇਸ ਦਰਜ ਕੀਤਾ ਗਿਆ।

* 5 ਸਤੰਬਰ ਨੂੰ ਬਕਸਰ (ਬਿਹਾਰ) ਦੀ ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ 14 ਅਤੇ 16 ਸਾਲ ਦੀਆਂ 2 ਨਾਬਾਲਿਗਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਉਨ੍ਹਾਂ ਦੇ ਪਿਤਾ ਵਿਨੋਦ ਕੁਮਾਰ, ਮਾਂ ਨਿਰਮਲਾ ਦੇਵੀ, ਮਾਸੀ ਅੰਜੂ ਦੇਵੀ, ਤਾਂਤਰਿਕ ਅਜੇ ਕੁਮਾਰ ਤੇ ਇਕ ਹੋਰ ਵਿਅਕਤੀ ਜੈਲਾਲ ਸਿੰਘ ਸਮੇਤ 5 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ।

ਇਸ ਜੋੜੇ ਦੇ ਬੇਟਾ ਨਹੀਂ ਹੋ ਰਿਹਾ ਸੀ, ਜਿਸ ਲਈ ਉਹ ਉਕਤ ਤਾਂਤਰਿਕ ਕੋਲ ਗਏ। ਉਸ ਦੇ ਸੁਝਾਅ ’ਤੇ ਇਸ ਦੇ ਪਿਤਾ ਨੇ ਆਪਣੀ ਪਤਨੀ, ਸਾਲੀ ਅਤੇ ਹੋਰ ਮਾਪਿਆਂ ਦੀ ਸਹਿਮਤੀ ਨਾਲ ਆਪਣੀਆਂ ਦੋਵਾਂ ਧੀਆਂ ਨਾਲ ਨਾ ਸਿਰਫ ਖੁਦ ਜਬਰ-ਜ਼ਨਾਹ ਕੀਤਾ ਸਗੋਂ ਤਾਂਤਰਿਕ ਅਤੇ ਇਕ ਹੋਰ ਵਿਅਕਤੀ ਨੇ ਵੀ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

* 5 ਸਤੰਬਰ ਨੂੰ ਹੀ ਬੜਵਾਨੀ (ਮੱਧ ਪ੍ਰਦੇਸ਼) ਜ਼ਿਲੇ ’ਚ ਰਾਜਪੁਰ ਦੇ ‘ਓਝਾ’ ਕਸਬੇ ’ਚ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਜਿਊਂਦੇ ਵਿਅਕਤੀ ਦੀ ਅਰਥੀ ਕੱਢੀ ਗਈ ਅਤੇ ਸ਼ਮਸ਼ਾਨਘਾਟ ’ਚ ਅਰਥੀ ਰੱਖ ਕੇ ਇੰਦਰ ਦੇਵਤਾ ਨੂੰ ਮੀਂਹ ਲਈ ਪ੍ਰਾਰਥਨਾ ਕੀਤੀ ਗਈ।

* 5 ਸਤੰਬਰ ਨੂੰ ਹੀ ਬੋਕਾਰੋ (ਝਾਰਖੰਡ) ’ਚ 2 ਲੋਕਾਂ ਨੇ ਇਕ ਔਰਤ ਵੱਲੋਂ ਕੀਤੇ ਗਏ ਜਾਦੂ ਟੂਣੇ ਦੇ ਨਤੀਜੇ ਵਜੋਂ ਆਪਣੇ ਪਰਿਵਾਰ ਦੀ ਇਕ ਢਾਈ ਸਾਲਾ ਬੱਚੀ ਦੀ ਮੌਤ ਦੇ ਸ਼ੱਕ ’ਚ ਔਰਤ ਨੂੰ ਕੁਹਾੜੀ ਨਾਲ ਵੱਢ ਦਿੱਤਾ।

* 3 ਸਤੰਬਰ ਨੂੰ ਖੂੰਟੀ (ਝਾਰਖੰਡ) ਜ਼ਿਲੇ ਦੇ ਮੁਰਹੂ ਥਾਣਾ ਖੇਤਰ ’ਚ ‘ਰੌਕਨ ਨਾਗ’ ਨਾਂ ਦੇ ਇਕ ਨੌਜਵਾਨ ਨੇ ਗੁਆਂਢ ’ਚ ਰਹਿਣ ਵਾਲੀ ਮੋਨਿਕਾ ਨਾਗ ਅਤੇ ਉਸ ਦੀ ਮਾਂ ਸੁਕਰਮਨੀ ਨਾਗ ’ਤੇ ਕੁਹਾੜੀ ਨਾਲ ਵਾਰ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

ਗ੍ਰਿਫਤਾਰੀ ਪਿੱਛੋਂ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਕੁਝ ਸਮਾਂ ਪਹਿਲਾਂ ਸੁਕਰਮਨੀ ਨੇ ਉਸ ਦੇ ਘਰ ਦੇ ਭਾਂਡੇ ’ਤੇ ਹੱਥ ਫੇਰ ਦਿੱਤਾ ਸੀ ਜਿਸ ਪਿੱਛੋਂ ਉਸ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

* 2 ਸਤੰਬਰ ਨੂੰ ਪੂਰਨੀਆ (ਬਿਹਾਰ) ਜ਼ਿਲੇ ਦੇ ‘ਸੋਨਮਾ’ ਪਿੰਡ ’ਚ ਅੰਧਵਿਸ਼ਵਾਸ ਦੇ ਚੱਕਰ ’ਚ ਫਸੀ ਨਿਸ਼ਾ ਦੇਵੀ ਨਾਂ ਦੀ ਇਕ ਔਰਤ ਨੇ ਕਾਲੇ ਜਾਦੂ ਦੀ ਸਿੱਧੀ ਪਾਉਣ ਦੇ ਜਨੂੰਨ ’ਚ ਆਪਣੇ 5 ਸਾਲਾ ਬੇਟੇ ਆਨੰਦ ਨੂੰ ਗਲ਼ਾ ਘੁੱਟ ਕੇ ਮਾਰ ਿਦੱਤਾ।

* 27 ਅਗਸਤ ਨੂੰ ਉਮਰੀਆ (ਮੱਧ ਪ੍ਰਦੇਸ਼) ਜ਼ਿਲੇ ਦੇ ‘ਅੰਤਰੀਆ’ ਪਿੰਡ ’ਚ ਇਕ ਬਿਮਾਰ ਔਰਤ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਗੁੱਸੇ ’ਚ ਆਏ ਮ੍ਰਿਤਕਾ ਦੇ ਮਾਪਿਆਂ ਨੇ ਉਸ ਦਾ ਇਲਾਜ ਕਰਨ ਵਾਲੇ ਹਨੂੰਮਾਨ ਪ੍ਰਸਾਦ ਨਾਂ ਦੇ ਬਜ਼ੁਰਗ ਪੰਡਾ ਨੂੰ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ। ਮ੍ਰਿਤਕਾ ਦੇ ਮਾਪਿਆਂ ਨੇ ਕਿਹਾ ਕਿ ਪੰਡਾ ਦੇ ਤੰਤਰ-ਮੰਤਰ ਕਾਰਨ ਹੀ ਉਸ ਦੀ ਮੌਤ ਹੋਈ ਹੈ। ਉਨ੍ਹਾਂ ਨੇ ਮ੍ਰਿਤਕਾ ਦੀ ਲਾਸ਼ ਪੰਡਾ ਦੇ ਘਰ ’ਚ ਰੱਖ ਦਿੱਤੀ ਅਤੇ ਕਹਿਣ ਲੱਗੇ ‘‘ਜਿਸ ਤਰ੍ਹਾਂ ਇਸ ਨੂੰ ਮਾਰਿਆ ਹੈ, ਉਸੇ ਤਰ੍ਹਾਂ ਇਸ ਨੂੰ ਜਿਊਂਦਾ ਵੀ ਕਰੋ।’’

* 24 ਅਗਸਤ ਨੂੰ ਹਮੀਰਪੁਰ (ਉੱਤਰ ਪ੍ਰਦੇਸ਼) ਦੇ ਚਿਕਾਸੀ ਪਿੰਡ ’ਚ ਝਾੜ-ਫੂਕ ਕਰਨ ਵਾਲੇ ਤੋਂ ਇਲਾਜ ਕਰਵਾਉਣ ਆਈ ਇਕ ਅੱਲ੍ਹੜ ਨੂੰ ਨਸ਼ੀਲਾ ਪਦਾਰਥ ਖਵਾ ਕੇ ਵਾਰ-ਵਾਰ ਜਬਰ–ਜ਼ਨਾਹ ਕਰ ਕੇ ਗਰਭਵਤੀ ਕਰਨ ਅਤੇ ਫਿਰ ਦਵਾਈ ਖਵਾ ਕੇ ਉਸ ਦਾ ਗਰਭਪਾਤ ਕਰਾਉਣ ਦੇ ਯਤਨ ਦੇ ਦੋਸ਼ ’ਚ ਇਕ ਤਾਂਤਰਿਕ ਨੂੰ ਫੜਿਆ ਗਿਆ।

* 19 ਜੁਲਾਈ ਨੂੰ ਬੀਕਾਨੇਰ (ਰਾਜਸਥਾਨ) ਦੇ ‘ਖਾਜੂਵਾਲਾ’ ’ਚ ਸਰੀਰ ’ਚ ਦਰਦ ਅਤੇ ਵਾਰ-ਵਾਰ ਬਿਮਾਰ ਹੋ ਰਹੇ ਇਕ ਵਿਅਕਤੀ ਨੇ ਜਾਦੂ-ਟੂਣੇ ਦੇ ਖਦਸ਼ੇ ’ਚ ਸਹਾਇਤਾ ਲਈ ਮਹਿੰਦਰ ਨਾਂ ਦੇ ਤਾਂਤਰਿਕ ਨੂੰ ਸੱਦਿਆ ਜਿਸ ਨੇ ਉਸ ਦੀ ਨਾਬਾਲਿਗ ਧੀ ਦੇ ਸਰੀਰ ’ਚ ਭੂਤ ਦਾ ਸਾਇਆ ਦੱਸ ਕੇ ਇਲਾਜ ਦੇ ਨਾਂ ’ਤੇ ਬੰਦ ਕਮਰੇ ’ਚ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 16 ਜੁਲਾਈ ਨੂੰ ਕਬੀਰਧਾਮ (ਛੱਤੀਸਗੜ੍ਹ) ’ਚ ਰਾਤ ਨੂੰ ਸੌਂਦੇ ਸਮੇਂ ਇਕ ਔਰਤ ਨੂੰ ਸੱਪ ਨੇ ਡੱਸ ਲਿਆ ਤਾਂ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਦੀ ਝਾੜ-ਫੂਕ ਕਰਵਾਉਂਦੇ ਰਹੇ ਅਤੇ 10 ਘੰਟਿਆਂ ਤਕ ਇਹੀ ਸਭ ਕੁਝ ਚੱਲਦਾ ਰਿਹਾ ਅਤੇ ਵਿਧੀ ਅਨੁਸਾਰ ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੰਧਵਿਸ਼ਵਾਸਾਂ ਦਾ ਪ੍ਰਭਾਵ ਸਿਰਫ ਅਨਪੜ੍ਹ ਅਤੇ ਅਸਿੱਖਿਅਤ ਲੋਕਾਂ ’ਚ ਹੀ ਨਹੀਂ ਸਗੋਂ ਪੜ੍ਹੇ-ਲਿਖੇ ਲੋਕਾਂ ’ਚ ਵੀ ਪ੍ਰਚੱਲਿਤ ਹੈ ਅਤੇ ਸਮਾਜ ’ਚ ਕਈ ਅਜਿਹੇ ਲੋਕ ਮੌਜੂਦ ਹਨ, ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਕੇ ਉਨ੍ਹਾਂ ਦਾ ਅਣਉਚਿਤ ਲਾਭ ਉਠਾ ਰਹੇ ਹਨ।

ਇਸ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਹੋਣ ਤੇ ਅਜਿਹੇ ਤੱਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਓਧਰ ਇਨ੍ਹਾਂ ਦੇ ਵਿਰੁੱਧ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਨ ਤੇ ਵਹਿਮਾਂ-ਭਰਮਾਂ ਤੋਂ ਲੋਕਾਂ ਨੂੰ ਮੁਕਤ ਕਰਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਵੀ ਬੇਹੱਦ ਲੋੜ ਹੈ। - ਵਿਜੇ ਕੁਮਾਰ


Anmol Tagra

Content Editor

Related News