ਹਿਮਾਚਲ ਪ੍ਰਦੇਸ਼ ''ਚ ''ਪੌਂਗ ਡੈਮ ਝੀਲ'' ਅਤੇ ''ਸ਼ਿਵ ਮੰਦਰ'' ਨੂੰ ਤੀਰਥ ਅਸਥਾਨ ਦਾ ਰੂਪ ਦਿੱਤਾ ਜਾਵੇ

06/22/2018 2:49:26 AM

ਪਿਛਲੇ ਐਤਵਾਰ ਮੈਨੂੰ ਜ਼ਿਲਾ ਕਾਂਗੜਾ ਦੇ ਪਿੰਡ ਘਮਰੂਰ ਵਿਚ ਤਪੋਮੂਰਤੀ ਬਾਬਾ ਹਰੀਓਮ ਨੂੰ ਸਮਰਪਿਤ ਭਾਗਵਤ ਕਥਾ ਦੇ ਸੰਦਰਭ 'ਚ ਪੌਂਗ ਡੈਮ ਵਿਚ ਸਥਿਤ ਇਤਿਹਾਸਿਕ ਸ਼੍ਰੀਕਲਿਆਣਕਾਰੀ ਸ਼ਿਵ ਮੰਦਰ ਵਿਚ ਜਾਣ ਦਾ ਮੌਕਾ ਮਿਲਿਆ। 
ਤਲਵਾੜਾ ਸ਼ਹਿਰ ਤੋਂ 10 ਕਿ. ਮੀ. ਦੀ ਦੂਰੀ 'ਤੇ ਸਥਿਤ ਇਹ ਮੰਦਰ ਰਾਜਾ ਸਲਵਾਨ ਦੀ ਰਾਣੀ ਲੂਣਾ ਵਲੋਂ ਪ੍ਰਾਚੀਨ ਕਾਲ ਤੋਂ ਸਥਾਪਿਤ ਹੈ ਅਤੇ ਇਥੇ ਪਰਮ-ਪੂਜਨੀਕ ਤਪੱਸਵੀ ਮਹਾਰਾਜ ਬਾਬਾ ਹਰੀਓਮ ਗਿਰੀ ਜੀ ਨੇ 125 ਸਾਲ ਦੀ ਉਮਰ ਤਕ ਸੰਗਤ ਦਾ ਮਾਰਗਦਰਸ਼ਨ ਕੀਤਾ। 
ਜਦੋਂ ਪੌਂਗ ਡੈਮ ਦਾ ਨਿਰਮਾਣ ਸ਼ੁਰੂ ਹੋਇਆ ਤਾਂ ਇਹ ਮੰਦਰ ਡੈਮ ਦੇ ਨਕਸ਼ੇ ਦੇ ਦਰਮਿਆਨ ਆ ਰਿਹਾ ਸੀ। ਇਸ ਨੂੰ ਹਟਾਉਣ ਲਈ ਵੱਡੀਆਂ-ਵੱਡੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਪਰ ਕਾਫੀ ਦਿਨਾਂ ਤਕ ਯਤਨ ਕਰਨ ਦੇ ਬਾਵਜੂਦ ਇਸ ਨੂੰ ਉਥੋਂ ਹਿਲਾਇਆ ਨਹੀਂ ਜਾ ਸਕਿਆ। 
ਆਖਿਰ ਵਿਚ ਡੈਮ ਦੇ ਮੁਲਾਜ਼ਮਾਂ ਨੂੰ ਉਹ ਜਗ੍ਹਾ ਛੱਡ ਕੇ ਡੈਮ ਦੇ ਨਕਸ਼ੇ ਵਿਚ ਕੁਝ ਤਬਦੀਲੀ ਕਰਨੀ ਪਈ। ਇਹ ਵੀ ਕਿਹਾ ਜਾਂਦਾ ਹੈ ਕਿ 'ਧੰਨਾ ਭਗਤ' ਜਿਸ ਸ਼ਾਲਿਗ੍ਰਾਮ ਦੀ ਪੂਜਾ ਕਰਦੇ ਸਨ, ਉਹ ਸ਼ਾਲਿਗ੍ਰਾਮ ਵੀ ਇਸੇ ਮੰਦਰ ਵਿਚ ਸਥਾਪਿਤ ਹੈ। 
PunjabKesari
ਜਿਸ ਤਰ੍ਹਾਂ ਮਲੇਸ਼ੀਆ ਵਿਚ ਸਥਿਤ 'ਪੇਨਾਂਗ' ਵਿਚ 'ਮੁਰੂਗਨ' ਦੇ ਮੰਦਰ ਵਿਚ 300 ਤੋਂ ਜ਼ਿਆਦਾ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ, ਉਸੇ ਤਰ੍ਹਾਂ ਇਸ ਮੰਦਰ ਵਿਚ ਵੀ ਭੋਲੇ ਬਾਬਾ ਦੇ ਸ਼ਿਵਲਿੰਗ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ 208 ਪੌੜੀਆਂ ਚੜ੍ਹ ਕੇ ਉਥੇ ਜਾਣਾ ਪੈਂਦਾ ਹੈ। 
ਮੰਦਰ ਤਕ ਪਹੁੰਚਣ ਵਿਚ ਆਉਣ ਵਾਲੀ ਮੁਸ਼ਕਿਲ ਨੂੰ ਦੇਖਦਿਆਂ ਲੋਕਾਂ ਦੀ ਮੰਗ ਹੈ ਕਿ ਇਕ ਸੌਖਾ ਰਸਤਾ ਵੀ ਬਣਾ ਦਿੱਤਾ ਜਾਵੇ, ਤਾਂ ਕਿ ਜੋ ਲੋਕ ਪੌੜੀਆਂ ਚੜ੍ਹ ਕੇ ਉਥੇ ਨਹੀਂ ਜਾ ਸਕਦੇ, ਉਹ ਉਸ ਰਸਤਿਓਂ ਜਾ ਕੇ ਭੋਲੇ ਬਾਬਾ ਦੇ ਸ਼ਿਵਲਿੰਗ ਦੇ ਦਰਸ਼ਨ ਕਰ ਸਕਣ।
ਇਸ ਕਲਿਆਣਕਾਰੀ ਸ਼ਿਵ ਮੰਦਰ ਨੂੰ ਦੇਖਣਯੋਗ ਤੀਰਥ ਅਸਥਾਨ ਵਜੋਂ ਉਭਾਰਨ ਦੇ ਨਾਲ-ਨਾਲ ਤਲਵਾੜਾ ਡੈਮ ਤੋਂ ਲੈ ਕੇ ਢਲਿਆਰਾ ਤਕ ਜਾਣ ਵਾਲੀ 42 ਕਿ. ਮੀ. ਲੰਮੀ ਝੀਲ (ਪੌਂਗ ਝੀਲ) ਵਿਚ ਜਲ ਸੈਰ-ਸਪਾਟਾ ਵੀ ਸ਼ੁਰੂ ਕੀਤਾ ਜਾ ਸਕਦਾ ਹੈ। 
ਹਿਮਾਚਲ ਦੇ ਮੁੱਖ ਮੰਤਰੀਆਂ ਨੂੰ ਮੈਂ ਇਹ ਸਲਾਹ ਦਿੱਤੀ ਸੀ ਕਿ ਇਸ ਝੀਲ ਵਿਚ ਜਲ-ਵਿਹਾਰ ਲਈ ਛੋਟੇ ਜਹਾਜ਼ ਚਲਾਏ ਜਾਣ, ਜੋ ਲੋਕਾਂ ਨੂੰ ਹਿਮਾਚਲ ਦੇ ਇਸ ਰਮਣੀਕ ਇਲਾਕੇ ਦੀ ਸੈਰ ਕਰਵਾ ਸਕਣ ਅਤੇ ਢਲਿਆਰਾ ਪਹੁੰਚ ਕੇ ਲੋਕ ਜਵਾਲਾਜੀ ਅਤੇ ਚਿੰਤਪੂਰਨੀ ਦੇ ਦਰਸ਼ਨ ਵੀ ਕਰ ਸਕਣ। 
ਦਰਮਿਆਨੇ ਆਮਦਨ ਵਰਗ ਦੇ ਲੋਕਾਂ ਲਈ ਤਲਵਾੜਾ ਅਤੇ ਪੌਂਗ ਝੀਲ ਦੇ ਕਿਨਾਰੇ ਉਸੇ ਤਰ੍ਹਾਂ ਹਨੀਮੂਨ ਹੱਟ ਅਤੇ ਹੋਰਨਾਂ ਲੋਕਾਂ ਲਈ ਸਸਤੇ ਹੋਟਲ ਬਣਾਏ ਜਾ ਸਕਦੇ ਹਨ, ਜਿਸ ਤਰ੍ਹਾਂ ਓਡਿਸ਼ਾ ਵਿਚ ਪੁਰੀ  ਨੇੜੇ ਭੁਵਨੇਸ਼ਵਰ ਵਿਚ ਹਨੀਮੂਨ ਮਨਾਉਣ ਆਏ ਜੋੜਿਆਂ ਵਾਸਤੇ ਸਮੁੰਦਰ ਕੰਢੇ ਹਨੀਮੂਨ ਹੱਟ ਅਤੇ ਹੋਰਨਾਂ ਲੋਕਾਂ ਦੇ ਠਹਿਰਨ ਲਈ ਸਸਤੇ ਹੋਟਲ ਬਣਾਏ ਗਏ ਹਨ। 
ਭੁਵਨੇਸ਼ਵਰ ਵਿਚ ਸਮੁੰਦਰ ਕੰਢੇ ਲੱਗਣ ਵਾਲੇ ਹਾਟ ਬਾਜ਼ਾਰਾਂ 'ਚ ਦੁਨੀਆ ਭਰ ਦੀਆਂ ਚੀਜ਼ਾਂ ਵਾਜਿਬ ਭਾਅ 'ਤੇ ਮੁਹੱਈਆ ਹੁੰਦੀਆਂ ਹਨ, ਜਿਨ੍ਹਾਂ ਨੂੰ ਇਥੇ ਆਉਣ ਵਾਲੇ ਹਨੀਮੂਨਰ ਜੋੜੇ ਤੇ ਹੋਰ ਸੈਲਾਨੀ ਖਰੀਦ ਕੇ ਲਿਜਾਂਦੇ ਹਨ। 
ਸਮੁੰਦਰ ਕੰਢੇ ਅਜਿਹੇ ਹੀ ਬਾਜ਼ਾਰ ਪੱਛਮੀ ਜਰਮਨੀ ਦੀ ਰਾਜਧਾਨੀ ਬਾਨ ਵਿਚ ਰਾਈਨ ਨਦੀ ਦੇ ਕੰਢੇ ਵੀ ਲੱਗਦੇ ਹਨ। ਨਦੀ ਵਿਚ ਚੱਲਣ ਵਾਲੇ ਜਹਾਜ਼ ਇਸ ਦੇ ਸੱਜੇ-ਖੱਬੇ ਕਿਨਾਰਿਆਂ 'ਤੇ ਸਥਿਤ ਪਿੰਡਾਂ ਨੇੜੇ ਲਿਜਾ ਕੇ ਖੜ੍ਹੇ ਕਰ ਦਿੱਤੇ ਜਾਂਦੇ ਹਨ। 
ਸੈਲਾਨੀ 30-40 ਕਿ. ਮੀ. ਦੇ ਇਸ ਸਫਰ ਵਿਚ ਨਦੀ ਕੰਢੇ ਪੈਂਦੇ ਪਿੰਡਾਂ ਦੇ ਲੋਕਾਂ ਵਲੋਂ ਬਣਾਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਨੂੰ ਦੇਖਦੇ ਹਨ, ਉਨ੍ਹਾਂ ਦਾ ਬਣਾਇਆ ਹੋਇਆ ਸਾਮਾਨ ਖਰੀਦਦੇ ਹਨ ਅਤੇ ਇਸ ਤਰ੍ਹਾਂ ਲੋਕਾਂ ਦੀ ਸੈਰ ਤੋਂ ਇਲਾਵਾ ਖਾਣਾ-ਪੀਣਾ ਤੇ ਮਨੋਰੰਜਨ ਵੀ ਹੋ ਜਾਂਦਾ ਹੈ। 
ਜੇ ਇਹ ਸਭ ਜਰਮਨੀ ਤੇ ਭੁਵਨੇਸ਼ਵਰ ਵਿਚ ਹੋ ਸਕਦਾ ਹੈ ਤਾਂ ਤਲਵਾੜਾ ਵਿਚ ਕਿਉਂ ਨਹੀਂ ਹੋ ਸਕਦਾ? ਇਥੇ ਵੀ ਹਨੀਮੂਨ ਹੱਟ ਤੇ ਹੋਟਲਾਂ ਤੋਂ ਇਲਾਵਾ ਮਨੋਰੰਜਨ ਲਈ ਪਿਕਨਿਕ ਸਥਾਨ ਆਦਿ ਬਣਾਏ ਜਾ ਸਕਦੇ ਹਨ ਤੇ ਇਨ੍ਹਾਂ ਸਭ ਦਾ ਪ੍ਰਬੰਧ ਨਿੱਜੀ ਹੱਥਾਂ ਵਿਚ ਦਿੱਤਾ ਜਾ ਸਕਦਾ ਹੈ। 
ਝੀਲ ਦੇ ਆਸਪਾਸ ਵਾਲੇ ਪਿੰਡਾਂ ਦੀਆਂ ਦਸਤਕਾਰੀ ਵਾਲੀਆਂ ਚੀਜ਼ਾਂ ਦੀ ਵਿਕਰੀ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਣ ਨਾਲ ਖੁਸ਼ਹਾਲੀ ਆਵੇਗੀ, ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਇਸ ਨਾਲ ਸੂਬਾ ਸਰਕਾਰ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। 
ਇਹ ਸਾਰਾ ਇਲਾਕਾ ਸੁੰਦਰ, ਮੌਸਮ ਬਹੁਤ ਸੁਹਾਵਣਾ ਅਤੇ ਕੁਦਰਤੀ ਦ੍ਰਿਸ਼ ਬਹੁਤ ਮਨਭਾਉਣਾ ਹੈ। ਇਸ ਲਈ ਜੇ ਇਸ ਜਗ੍ਹਾ ਨੂੰ ਵਿਕਸਿਤ ਕੀਤਾ ਜਾਵੇ ਤਾਂ ਇਹ ਇਕ ਨਵੇਂ ਸੈਰ-ਸਪਾਟਾ ਸਥਾਨ ਵਜੋਂ ਉਭਰੇਗੀ। ਇਸ ਦਾ ਨਾ ਸਿਰਫ ਹਿਮਾਚਲ ਅਤੇ ਪੰਜਾਬ, ਸਗੋਂ ਸਮੁੱਚੇ ਉੱਤਰ ਭਾਰਤ ਨੂੰ ਫਾਇਦਾ ਹੋਵੇਗਾ।            
—ਵਿਜੇ ਕੁਮਾਰ


Vijay Kumar Chopra

Chief Editor

Related News