ਹਿਮਾਚਲ ’ਚ ਭਾਜਪਾ ’ਚ ਸੰਕਟ, ਬਗਾਵਤ ਕਰ ਕੇ 3 ਨੇਤਾ ਜ਼ਿਮਨੀ ਚੋਣ ਲੜਨ ਲਈ ਤਿਆਰ

04/20/2024 11:39:48 AM

ਸ਼ਿਮਲਾ- ਕਾਂਗਰਸ ਦੇ 6 ਬਾਗੀਆਂ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਟਿਕਟ ਦੇਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਖੁਦ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਕਾਂਗਰਸ ਦੇ ਇਨ੍ਹਾਂ 6 ਬਾਗੀਆਂ ਵਿਚੋਂ 3 ਖਿਲਾਫ ਭਾਜਪਾ ਦੇ 3 ਨੇਤਾ ਰਾਕੇਸ਼ ਕਾਲੀਆ, ਡਾ. ਰਾਮਲਾਲ ਮਾਰਕੰਡਾ ਤੇ ਕੈਪਟਨ ਰਣਜੀਤ ਸਿੰਘ ਕ੍ਰਮਵਾਰ ਗਗਰੇਟ, ਲਾਹੌਲ ਤੇ ਸਪਿਤੀ ਅਤੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਤਿਆਰ ਹੋ ਗਏ ਹਨ।

ਸਾਬਕਾ ਮੰਤਰੀ ਮਾਰਕੰਡਾ ਵੀ ਹੋ ਸਕਦੇ ਹਨ ਕਾਂਗਰਸ ’ਚ ਸ਼ਾਮਲ

ਕਾਲੀਆ ਪਿਛਲੇ ਬੁੱਧਵਾਰ ਦਿੱਲੀ ’ਚ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ ਦੀ ਮੌਜੂਦਗੀ ’ਚ ਕਾਂਗਰਸ ਵਿਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੂੰ ਪਾਰਟੀ ਤੋਂ ਟਿਕਟ ਮਿਲਣ ਦੀ ਆਸ ਹੈ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਾਬਕਾ ਮੰਤਰੀ ਮਾਰਕੰਡਾ ਵੀ ਕਾਂਗਰਸ ’ਚ ਸ਼ਾਮਲ ਹੋ ਜਾਣਗੇ। ਕਾਲੀਆ ਨੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਗਗਰੇਟ ਵਿਧਾਨ ਸਭਾ ਸੀਟ ਤੋਂ ਕਾਂਗਰਸ ’ਚੋਂ ਬਾਗੀ ਹੋਏ ਭਾਜਪਾ ਦੇ ਉਮੀਦਵਾਰ ਚੈਤੰਨਿਆ ਸ਼ਰਮਾ ਦੀ ਉਮੀਦਵਾਰੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਲੋਕ ਉਨ੍ਹਾਂ 6 ਦਲ-ਬਦਲੂਆਂ ਤੋਂ ਨਾਰਾਜ਼ ਹਨ ਜਿਨ੍ਹਾਂ ਨੇ ਇਕ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰ ਦਿੱਤਾ।

ਡੈਮੇਜ ਕੰਟਰੋਲ ਦੇ ਯਤਨ ’ਚ ਭਾਜਪਾ

ਇਸ ਵਿਚਾਲੇ ਸੂਬਾ ਭਾਜਪਾ ਲੀਡਰਸ਼ਿਪ ਕਈ ਅਸੰਤੁਸ਼ਟਾਂ ਨੂੰ ਵੱਡੇ ਅਹੁਦੇ ਦੇ ਕੇ ਸ਼ਾਂਤ ਕਰਨ ’ਚ ਕਾਮਯਾਬ ਰਹੀ। ਲਖਵਿੰਦਰ ਰਾਣਾ ਨੂੰ ਪਾਰਟੀ ਦਾ ਸੂਬਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਸੰਸਦ ਮੈਂਬਰ ਕਿਸ਼ਨ ਕਪੂਰ ਦੇ ਬੇਟੇ ਸ਼ਾਸ਼ਵਤ ਕਪੂਰ ਨੂੰ ਪਾਰਟੀ ਦੀ ਯੁਵਾ ਸ਼ਾਖਾ ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਿਮਾਚਲ ’ਚ ਪੋਲਿੰਗ 1 ਜੂਨ ਨੂੰ ਹੋਣੀ ਹੈ। ਇਸ ਵਿਚਾਲੇ ਭਾਜਪਾ ਡੈਮੇਜ ਕੰਟਰੋਲ ਕਰਨ ਦਾ ਯਤਨ ਕਰ ਰਹੀ ਹੈ।


Tanu

Content Editor

Related News