ਹਿਮਾਚਲ ’ਚ 2 ਫੁੱਟ ਬਰਫਬਾਰੀ, ਪੰਜਾਬ ’ਚ ਬਦਲਿਆ ਮੌਸਮ ਦਾ ਮਿਜਾਜ਼
Tuesday, Apr 30, 2024 - 12:30 PM (IST)
ਸ਼ਿਮਲਾ- ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਵਿਚ ਮੌਸਮ ਦਾ ਮਿਜਾਜ਼ ਫਿਰ ਤੋਂ ਬਦਲ ਗਿਆ ਹੈ, ਜਿਸ ਨਾਲ ਜਨਤਾ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜੰਮੂ-ਕਸ਼ਮੀਰ ਤੇ ਹਿਮਾਚਲ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ’ਤੇ ਬਰਫਬਾਰੀ ਹੋਈ, ਜਦਕਿ ਪੰਜਾਬ ਵਿਚ ਹਨੇਰੀ-ਤੂਫਾਨ ਅਤੇ ਮੀਂਹ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਗਰਮੀਆਂ ਵਿਚ ਸੈਲਾਨੀਆਂ ਦੀ ਪਹਿਲੀ ਪਸੰਦ ਰਹਿਣ ਵਾਲੇ ਰੋਹਤਾਂਗ, ਸ਼ਿੰਕੁਲਾ, ਬਾਰਾਲਾਚਾ ਅਤੇ ਕੁੰਜੁਮ ਵਿਚ 2 ਫੁੱਟ ਤਾਜ਼ਾ ਬਰਫ਼ਬਾਰੀ ਹੋਈ ਹੈ। ਇਸ ਵਾਰ ਮੌਸਮ ਸੈਲਾਨੀਆਂ ਅਤੇ ਸੈਰ-ਸਪਾਟਾ ਕਾਰੋਬਾਰੀਆਂ ਲਈ ਸੁਹਾਵਨਾ ਹੋ ਗਿਆ ਹੈ।
ਹਿਮਾਚਲ 'ਚ ਲਾਹੌਲ ਦੇ ਲੇਡੀ ਆਫ ਕੇਲਾਂਗ, ਧੁੰਦੀ, ਹੂਨਮਾਨ ਟਿੱਬਾ, ਚੰਦਰਖਣੀ, ਭ੍ਰਿਗੂ ਆਦਿ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਈ। ਦੂਜੇ ਪਾਸੇ ਰੋਹਤਾਂਗ, ਸ਼ਿੰਕੁਲਾ, ਬਾਰਾਲਾਚਾ ਤੇ ਕੁੰਜਮ ਵਿਚ 2 ਫੁੱਟ ਤਕ ਬਰਫਬਾਰੀ ਹੋਣ ਦੇ ਨਾਲ-ਨਾਲ ਵੱਖ-ਵੱਖ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਪਿਆ। ਪਿਛਲੇ ਦਿਨਾਂ ਦੀ ਬਰਫਬਾਰੀ ਅਤੇ ਤਾਜ਼ਾ ਬਰਫਬਾਰੀ ਨਾਲ ਕਈ ਇਲਾਕਿਆਂ ਵਿਚ 3 ਫੁੱਟ ਤਕ ਬਰਫ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ।
ਅਟਲ ਟਨਲ ਵੱਲ ਬਰਫ਼ਬਾਰੀ ਤੇਜ਼ ਹੁੰਦੀ ਵੇਖ ਕੇ ਪੁਲਸ ਨੇ ਸੈਲਾਨੀਆਂ ਦੇ ਵਾਹਨਾਂ ਨੂੰ ਮਨਾਲੀ ਵਾਪਸ ਭੇਜਣਾ ਸ਼ੁਰੂ ਕੀਤਾ। ਬਰਫ਼ ਵਿਚ ਵਾਹਨ ਚਲਾਉਣ ਦਾ ਅਨੁਭਵ ਨਾ ਹੋਣ ਕਾਰਨ ਸੈਲਾਨੀਆਂ 'ਤੇ ਭਾਰੀ ਪਿਆ। ਇਸ ਦਰਮਿਆਨ ਕੁਝ ਵਾਹਨ ਆਪਸ ਵਿਚ ਭਿੜੇ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਵੀ ਹੋਇਆ। ਮਨਾਲੀ ਪੁਲਸ ਦੀ ਮਦਦ ਨਾਲ ਵਾਹਨ ਅਟਲ ਟਨਲ ਤੋਂ ਸੋਲੰਗਾਨਾਲਾ ਪਹੁੰਚੇ। ਮਨਾਲੀ-ਕੇਲਾਂਗ ਮਾਰਗ 'ਤੇ ਫੋਰ ਵੀਲਰ ਵਾਹਨਾਂ ਦੀ ਆਵਾਜਾਈ ਸੁਚਾਰੂ ਹੈ।