16 ਸਾਲ ਬਾਅਦ ਸੁਖਨਾ ਝੀਲ ’ਤੇ ਬਣੇਗਾ ਰੋਇੰਗ ਟਾਵਰ
Monday, Apr 08, 2024 - 11:08 AM (IST)
ਚੰਡੀਗੜ੍ਹ (ਲਲਨ) : ਸੁਖਨਾ ਝੀਲ ’ਤੇ ਰੋਇੰਗ ਟਾਵਰ ਬਣਾਉਣ ਦੀ ਪ੍ਰਕਿਰਿਆ ਹੁਣ ਅੱਗੇ ਵੱਧਦੀ ਦਿਖਾਈ ਦੇ ਰਹੀ ਹੈ। ਇਹ ਰੋਇੰਗ ਟਾਵਰ ਬਣਾਉਣ ਲਈ ਖੇਡ ਵਿਭਾਗ ਦਾ ਜੰਗਲਾਤ ਤੇ ਵਾਤਾਵਰਣ ਵਿਭਾਗ ਨੂੰ ਭੇਜਿਆ ਗਿਆ ਮਤਾ ਵੇਟਲੈਂਡ ਅਥਾਰਟੀ ਨੂੰ ਭੇਜ ਦਿੱਤਾ ਹੈ। ਵੇਟਲੈਂਡ ਅਥਾਰਟੀ ਹੀ ਇਸ ਬਾਰੇ ਆਖ਼ਰੀ ਫ਼ੈਸਲਾ ਲਵੇਗੀ। ਵੈਟਲੈਂਡ ਅਥਾਰਟੀ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਜੰਗਲਾਤ ਤੇ ਵਾਤਾਵਰਣ ਵਿਭਾਗ ਖੇਡ ਵਿਭਾਗ ਦੇ ਇਸ ਮਤੇ ਨੂੰ ਮਨਜ਼ੂਰ ਕਰ ਕੇ ਭੇਜ ਦੇਵੇਗਾ।
ਇਹ ਮਨਜ਼ੂਰੀ ਮਿਲਣ ਤੋਂ ਬਾਅਦ ਰੋਇੰਗ ਟਾਵਰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਹ ਬੈਠਕ ਰੁਕੀ ਹੋਈ ਹੈ ਪਰ ਵੇਟਲੈਂਡ ਅਥਾਰਟੀ ਦੀ ਪਹਿਲੀ ਬੈਠਕ ’ਚ ਇਸ ਬਾਰੇ ਫ਼ੈਸਲਾ ਹੋਵੇਗਾ। ਵੇਟਲੈਂਡ ਅਥਾਰਟੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਰੋਇੰਗ ਕੋਰਸ ’ਚ ਬਣਿਆ ਹੋਇਆ ਪੁਲ਼ ਵੀ ਤੋੜਿਆ ਜਾਵੇਗਾ। ਸ਼ਹਿਰ ਦੇ ਰੋਵਰ ਪੂਰਾ ਕੋਰਸ ਕਰ ਸਕਣਗੇ। ਇਸ ਸਮੇਂ ਝੀਲ ’ਚ ਪਾਣੀ ਵਾਲੇ ਪੌਦੇ ਵੀ ਜ਼ਿਆਦਾ ਹੋ ਗਏ ਹਨ ਅਤੇ ਜੇ ਇਹ ਮਨਜ਼ੂਰੀ ਮਿਲਦੀ ਹੈ ਤਾਂ ਇਨ੍ਹਾਂ ਪੌਦਿਆਂ ਨੂੰ ਵੀ ਕੱਢ ਦਿੱਤਾ ਜਾਵੇਗਾ।
16 ਸਾਲ ਬਾਅਦ ਸੁਖਨਾ ਦੀ ਪਛਾਣ ਤੇ ਰੋਇੰਗ ਦੁਬਾਰਾ ਆਉਣਗੇ ਵਾਪਸ
ਦੇਸ਼ ਦੇ ਨੰਬਰ-1 ਰੋਇੰਗ ਕੋਰਸ ਸੁਖਨਾ ਝੀਲ ਦੀ ਸ਼ਾਨ ਨੂੰ ਵਾਪਸ ਲਿਆਉਣ ’ਚ ਖੇਡ ਵਿਭਾਗ ਦੁਬਾਰਾ ਲੱਗ ਗਿਆ ਹੈ। ਰੋਇੰਗ ਟਾਵਰ 8 ਅਕਤੂਬਰ 2008 ਨੂੰ ਸ਼ਾਰਟ ਸਰਕਟ ਕਾਰਨ ਸੜ ਗਿਆ ਸੀ। 2008 ਤੋਂ ਬਾਅਦ ਇੱਥੇ ਰੋਇੰਗ ਕੋਰਸ ’ਤੇ ਕੋਈ ਵੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਨਹੀਂ ਕਰਵਾਈ ਗਈ। ਇਸ ਕਾਰਨ ਰੋਇੰਗ ਫੈਡਰੇਸ਼ਨ ਵੱਲੋਂ ਚੰਡੀਗੜ੍ਹ ਨੂੰ ਨੈਸ਼ਨਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਵੀ ਮਿਲਣੀ ਬੰਦ ਹੋ ਗਈ ਸੀ। ਐਸੋਸੀਏਸ਼ਨ ਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਰੋਇੰਗ ਟਾਵਰ ਦਾ ਨਕਸ਼ਾ ਵੀ ਬਣਾ ਲਿਆ ਸੀ। ਇਸ ਨਕਸ਼ੇ ਮੁਤਾਬਕ ਪਹਿਲਾਂ ਦੇ ਮੁਕਾਬਲੇ ਰੋਇੰਗ ਟਾਵਰ ਦੀ ਉੱਚਾਈ ਘੱਟ ਕੀਤੀ ਗਈ ਹੈ।