ਪਾਕਿ ਸਿਆਸੀ ਅਸਥਿਰਤਾ ਨਾਲ ਖਾਨਾਜੰਗੀ ਦੇ ਨੇੜੇ ਮਹਿੰਗਾਈ ਵਧਣ, ਵਿਦੇਸ਼ੀ ਮੁਦਰਾ ਘਟਣ ਨਾਲ ਅਰਥਵਿਵਸਥਾ ਚੌਪਟ

05/28/2022 12:09:16 AM

ਪਾਕਿਸਤਾਨ  ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਨ੍ਹੀਂ ਦਿਨੀਂ ਆਪਣੇ ‘ਆਜ਼ਾਦੀ ਮਾਰਚ’ ਦੇ ਲਈ ਚਰਚਾ ’ਚ ਹਨ, ਜਿਸ ਦੇ ਨਤੀਜੇ ਵਜੋਂ ਦੇਸ਼ ’ਚ  ਖਾਨਾਜੰਗੀ ਵਰਗੇ ਹਾਲਾਤ ਬਣ ਗਏ ਹਨ। ਇਮਰਾਨ ਖਾਨ ਵੱਲੋਂ25 ਮਈ ਨੂੰ ਪੇਸ਼ਾਵਰ ਤੋਂ ਇਸਲਾਮਾਬਾਦ ਤੱਕ ਕੱਢੇ ਗਏ ‘ਲਾਂਗ ਮਾਰਚ’ ਦੇ ਦੌਰਾਨ ਜ਼ਬਰਦਸਤ ਹਿੰਸਾ ਅਤੇ ਸਾੜ-ਫੂਕ ਹੋਈ ਅਤੇ ਵਿਖਾਵਾਕਾਰੀਆਂ ਨਾਲ ਨਜਿੱਠਣ ਲਈ ਪੁਲਸ ਨੂੰ  ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਪੁਲਸ ਨੇ ਇਸ  ਸੰਬੰਧ ’ਚ 150  ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ’ਚੋਂ 45 ਨੂੰ  ਇਸਲਾਮਾਬਾਦ  ਦੇ ਜਿੱਨਾਹ ਐਵੇਨਿਊ ’ਚ ਮੈਟਰੋ ਸਟੇਸ਼ਨਾਂ ਨੂੰ ਸਾੜਨ, ਐਕਸਪ੍ਰੈੱਸ ਚੌਕ ’ਤੇ ਇਕ ਸਰਕਾਰੀ ਵਾਹਨ ਨੂੰ ਨੁਕਸਾਨ ਪਹੁੰਚਾਉਣ ਅਤੇ ਡੀ ਚੌਕ ’ਚ ‘ਜਿਓ ਨਿਊਜ਼’ ਅਤੇ ‘ਜੰਗ’ ਦਫਤਰ  ਦੇ ਸ਼ੀਸ਼ੇ ਤੋੜਨ, ਜਿਸ ਦੇ ਦੌਰਾਨ ਕਈ ਮੁਲਾਜ਼ਮ ਜ਼ਖਮੀ ਹੋ ਗਏ, ਦੇ ਦੋਸ਼  ’ਚ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲਾਂ ਇਮਰਾਨ ਨੇ ਇਸ ਨੂੰ ਅਣਮਿੱਥੇ  ਸਮੇਂ ਦਾ ਧਰਨਾ ਦੱਸਿਆ ਸੀ ਪਰ ਬਾਅਦ ’ਚ 26 ਮਈ ਨੂੰ ਉਹ ਸਰਕਾਰ ਨੂੰ ਚਿਤਾਵਨੀ ਦੇ ਕੇ ਆਪਣੇ ਘਰ  ‘ਬਨੀ ਗਾਲਾ’ ਪਰਤ ਗਏ ਹਨ ਕਿ ਫੌਜ ਅਤੇ ਅਮਰੀਕਾ ਦੇ ਰਾਹੀਂ ਬਣਾਈ ਗਈ ਨਵੀਂ ਸਰਕਾਰ ਨੂੰ  ਸੱਤਾ ਤੋਂ ਹਟਾਉਣ ਅਤੇ ਨਵੀਆਂ ਚੋਣਾਂ ਦੇ ਐਲਾਨ ਤੱਕ ਸ਼ਾਂਤ ਨਹੀਂ ਬੈਠਣਗੇ ਅਤੇ ਜੇਕਰ  ਸਰਕਾਰ ਨੇ ਇਸ ਦੌਰਾਨ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਾ  ਕੀਤਾ ਤਾਂ ਉਹ ਫਿਰ ਪੂਰੇ ਦੇਸ਼  ’ਚ ਰੈਲੀ ਕਰਦੇ ਹੋਏ ਇਸਲਾਮਾਬਾਦ ਪਹੁੰਚਣਗੇ। 

ਦੂਜੇ ਪਾਸੇ  ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ 26 ਮਈ ਨੂੰ ਕਹਿ ਦਿੱਤਾ ਹੈ ਕਿ, ‘‘ਇਮਰਾਨ ਖਾਨ  ਸੰਸਦ ਨੂੰ ਧਮਕਾਉਣਾ ਬੰਦ ਕਰਨ। ਉਹ 6 ਦਿਨ ’ਚ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਦੀ ਮੰਗ  ਨਹੀਂ ਕਰ ਰਹੇ ਸਗੋਂ ਬਲੈਕਮੇਲ ਕਰ ਰਹੇ ਹਨ।’’‘‘ਉਨ੍ਹਾਂ ਨੂੰ  ਇਹ ਸਭ ਆਪਣੇ ਘਰ ’ਚ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਜ਼ਿੱਦ ਜਾਂ ਮਰਜ਼ੀ  ਅਨੁਸਾਰ ਚੋਣਾਂ  ਨਹੀਂ ਹੋਣਗੀਆਂ। ਇਨ੍ਹਾਂ ਦਾ ਫੈਸਲਾ ਨੈਸ਼ਨਲ ਅਸੈਂਬਲੀ ਹੀ ਕਰੇਗੀ।’’ ਵਰਨਣਯੋਗ  ਹੈ ਕਿ 11 ਅਪ੍ਰੈਲ ਨੂੰ ਦੇਸ਼ ਦੇ 23ਵੇਂ ਪ੍ਰਧਾਨ ਮੰਤਰੀ ਦੇ ਰੂਪ ’ਚ ਸ਼ਾਹਬਾਜ਼ ਸ਼ਰੀਫ ਨੇ  ਸਹੁੰ ਤਾਂ  ਚੁੱਕ ਲਈ ਪਰ ਇਸ ਸਮੇਂ ਪਾਕਿਸਤਾਨ ਜਿਹੜੇ ਹਾਲਾਤ  ’ਚੋਂ ਲੰਘ ਰਿਹਾ ਹੈ ਅਤੇ  ਸ਼ਾਹਬਾਜ਼ ਸ਼ਰੀਫ  ਨੂੰ ਇਮਰਾਨ ਖਾਨ ਆਰਥਿਕ ਅਤੇ ਸਿਆਸੀ ਸਮੱਸਿਆਵਾਂ ਦੀ ਜੋ ਵਿਰਾਸਤ ਸੌਂਪ  ਕੇ ਗਏ ਹਨ, ਉਨ੍ਹਾਂ ਤੋਂ ਸਪੱਸ਼ਟ ਹੈ ਕਿ ਸ਼ਾਹਬਾਜ਼ ਸ਼ਰੀਫ ਦਾ ਅੱਗੇ ਦਾ ਰਸਤਾ ਸੌਖਾ ਨਹੀਂ ਹੈ। ਸ਼ਾਹਬਾਜ਼ ਸ਼ਰੀਫ ਦੇ ਆਉਣ ਦੇ ਬਾਅਦ ਤੋਂ ਪਾਕਿਸਤਾਨ ਦੀ ਸਿਆਸਤ ’ਚ ਇਕ ਦਿਨ ਵੀ ਸ਼ਾਂਤੀਪੂਰਵਕ ਨਹੀਂ ਲੰਘਿਆ ਹੈ।

ਪਾਕਿਸਤਾਨੀ ਪੱਤਰਕਾਰ ਮਰਿਆਨਾ ਬਾਬਰ ਦੇ ਅਨੁਸਾਰ : ‘‘ਸ਼ਾਹਬਾਜ਼  ਸਰਕਾਰ  ਨੂੰ ਅਸਥਿਰ ਕਰਨ ਦੇ ਯਤਨਾਂ ’ਚ ਇਮਰਾਨ ਖਾਨ ਇਕ ਅਜਿਹੇ ਸਿਆਸਤਦਾਨ ਵਾਂਗ  ਸਲੂਕ  ਕਰ ਰਹੇ ਹਨ ਜਿਸ ਨੂੰ ਕੁਝ ਲੋਕ ‘ਪਾਗਲ’ ਕਹਿੰਦੇ ਹਨ। ਇਮਰਾਨ ਨੇ ਸ਼ਾਂਤ ਬੈਠ ਕੇ ਇਹ ਸੋਚਣ  ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਪਣੇ 3 ਸਾਲਾਂ ਦੇ ਸ਼ਾਸਨ ਦੇ ਦੌਰਾਨ ਉਨ੍ਹਾਂ ਦੀ ਸਰਕਾਰ ਨੇ  ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ।’’‘‘ਆਪਣੇ ਸ਼ਾਸਨਕਾਲ  ਦੌਰਾਨ ਇਮਰਾਨ ਖਾਨ ਨੇ ਚੀਨ ਵੀ ਸਿਵਾਏ ਕੂਟਨੀਤਕ ਅਤੇ ਆਰਥਿਕ ਤੌਰ ’ਤੇ ਸਹਾਇਤਾ ਦੇਣ ਵਾਲੇ  ਆਪਣੇ ਕਰੀਬੀ ਦੇਸ਼ਾਂ ਦੇ ਨਾਲ ਦਹਾਕਿਆਂ ਪੁਰਾਣੇ ਸਬੰਧ ਖਤਮ ਕਰ ਦਿੱਤੇ।’’ਵਿਦੇਸ਼ੀ ਮੁਦਰਾ ਦੀ ਭਾਰੀ ਕਮੀ ਦੇ ਕਾਰਨ ਵਿਦੇਸ਼ੀ ਕਰਜ਼ਾ  ਮੋੜਨ ’ਚ  ਅਸਫਲ ਰਹਿਣ ਕਾਰਨ ਪਾਕਿਸਤਾਨ  ਦੇ ਡਿਫਾਲਟਰ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਵਿਦੇਸ਼ੀ ਬੈਂਕਾਂ ਨੇ ਤੇਲ ਦਰਾਮਦ ਕਰਨ  ਲਈ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ  ਨਾਂਹ ਕਰ ਦਿੱਤੀ ਹੈ ਅਤੇ ਉਹ ਨਵਾਂ ਕਰਜ਼ਾ ਦੇਣ ਤੋਂ  ਪਹਿਲਾਂ ਪਿਛਲਾ ਭੁਗਤਾਨ ਮੰਗ ਰਹੇ ਹਨ। ਮੁਦਰਾ ਦੀ  ਕੀਮਤ  ਘਟਣ  ਅਤੇ ਆਕਾਸ਼ ਛੂੰਹਦੀ ਮਹਿੰਗਾਈ ਦਾ ਅੰਕੜਾ ਬੀਤੇ ਸਾਲ ਦੇ 9.5 ਫੀਸਦੀ ਦੇ ਮੁਕਾਬਲੇ ਇਸ  ਸਾਲ ਅਪ੍ਰੈਲ ’ਚ 13.4 ਫੀਸਦੀ ਤੱਕ ਪਹੁੰਚ ਜਾਣ ਨਾਲ ਹਰ ਤਰ੍ਹਾਂ ਦੀਆਂ ਖੁਰਾਕੀ ਵਸਤੂਆਂ  ਤੋਂ ਲੈ ਕੇ ਪੈਟਰੋਲ-ਡੀਜ਼ਲ ਤੱਕ ਦੇ ਭਾਅ ਵਧ ਜਾਣ ਕਾਰਨ ਲੋਕਾਂ ਦਾ ਘਰੇਲੂ ਬਜਟ ਅਸਤ-ਵਿਅਸਤ ਹੋ ਗਿਆ ਹੈ। ਇਮਰਾਨ  ਨੇ ਦੇਸ਼ ਦੀ ਅਰਥਵਿਵਸਥਾ  ਨਸ਼ਟ ਕਰਨ ਦੀ ਜੋ ਭੁੱਲ ਕੀਤੀ ਹੈ ਉਸ ਦੇ  ਮੱਦੇਨਜ਼ਰ ਲੋਕ ਕਹਿ ਰਹੇ ਹਨ ਕਿ ਕਿਤੇ ਪਾਕਿਸਤਾਨ  ਸ਼੍ਰੀਲੰਕਾ ਦੇ ਰਸਤੇ ’ਤੇ ਹੀ ਨਾ ਚੱਲ ਪਵੇ। 

ਇਸ ਦਰਮਿਆਨ  ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਕੁਝ ਮਜ਼ਬੂਤੀ ਦੇਣ ਲਈ ਸਾਊਦੀ ਸਰਕਾਰ ਨੇ ਇਸ  ਦੇ ਕੇਂਦਰੀ ਬੈਂਕ ’ਚ 3 ਅਰਬ ਡਾਲਰ ਜਮ੍ਹਾ ਕਰਵਾਏ ਹਨ ਓਧਰ ਪਾਕਿਸਤਾਨ ਦੇ ਵਿੱਤ ਮੰਤਰੀ  ਮਿਫਤਾਹ ਇਸਮਾਈਲ ਕੌਮਾਂਤਰੀ ਮੁਦਰਾ ਫੰਡ ਦੇ ਇਕ ਵੱਡੇ ਸਹਾਇਤਾ ਪੈਕੇਜ ਨੂੰ ਅੰਤਿਮ ਰੂਪ  ਦੇਣ ਦੋਹਾ ਗਏ ਹਨ। ਇਸ ਦੇ ਇਲਾਵਾ ਸ਼ਾਹਬਾਜ਼ ਸਰਕਾਰ ਦੇ ਰਸਤੇ ’ਚ ਇਕ ਰੋੜਾ ਉਨ੍ਹਾਂ ਦੀ ਭਤੀਜੀ ਮਰੀਅਮ ਨਵਾਜ਼ (ਨਵਾਜ਼   ਸ਼ਰੀਫ ਦੀ ਧੀ) ਨੇ ਵੀ ਅਟਕਾ ਰੱਖਿਆ ਹੈ। ਸ਼ਾਹਬਾਜ਼ ਸਰਕਾਰ ’ਚ ਸ਼ਾਮਲ  ਦਲ ਅਤੇ ਉਨ੍ਹਾਂ  ਦੀ ਪਾਰਟੀ ਪੀ. ਐੱਮ. ਐੱਲ. (ਐੱਨ.) ਵੀ ਉਨ੍ਹਾਂ  ਤੋਂ ਜਲਦੀ ਚੋਣਾਂ ਕਰਾਉਣ ਦੀ ਮੰਗ ਕਰ ਰਹੀ  ਹੈ ਜਿਸ ’ਚ ਮਰੀਅਮ ਸ਼ਾਮਲ ਹੈ।ਜਿੱਥੇ ਸ਼ਾਹਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਇਮਰਾਨ  ਖਾਨ ਦੇ ਵਿਰੋਧ ਮਾਰਚ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਰਕਾਰ ਨੂੰ 149 ਮਿਲੀਅਨ ਰੁਪਏ ਖਰਚ ਕਰਨੇ ਪਏ ਉਥੇ ਹੀ ਇਮਰਾਨ ਖਾਨ ਦਾ ਕਹਿਣਾ ਹੈ ਕਿ : ‘‘ਅਸੀਂ  ਆਪਣੇ ਫੈਸਲੇ ਤੋਂ ਕਿਸੇ ਵੀ ਹਾਲਤ ’ਚ ਪਿੱਛੇ ਹਟਣ ਵਾਲੇ ਨਹੀਂ ਹਾਂ ਅਤੇ ਸ਼ਾਹਬਾਜ਼  ਸ਼ਰੀਫ ਦੀ ਸਰਕਾਰ ਜੇਕਰ 6 ਦਿਨਾਂ ’ਚ ਚੋਣਾਂ ਦਾ ਐਲਾਨ ਨਹੀਂ ਕਰ ਦਿੰਦੀ ਤਾਂ ਅਸੀਂ ਇਸ  ਵਾਰ ਡਾਂਗਾਂ-ਸੋਟਿਆਂ ਨਾਲ ਲੈਸ ਹੋ ਕੇ ਸਾਰੇ ਪਾਕਿਸਤਾਨੀਆਂ ਨੂੰ ਲੈ ਕੇ ਦੁਬਾਰਾ ਰਾਜਧਾਨੀ  ’ਚ ਵਾਪਸ ਆਵਾਂਗੇ। ਅਸੀਂ ਇੱਥੇ ਜੇਹਾਦ ਦੇ ਲਈ ਹਾਂ।’’ ਇਮਰਾਨ ਖਾਨ ਦੇ ਉਕਤ ਬਿਆਨ ਤੋਂ ਲੱਗਦਾ ਹੈ ਕਿ ਉਹ  ਆਪਣੀ  ਗੱਲ ਤੋਂ ਪਿੱਛੇ ਨਹੀਂ ਹਟਣਗੇ ਜਿਸ ਨਾਲ ਪਾਕਿਸਤਾਨ  ਖਾਨਾਜੰਗੀ ਵੱਲ ਵਧ ਸਕਦਾ ਹੈ।
ਵਿਜੇ ਕੁਮਾਰ


Karan Kumar

Content Editor

Related News