ਕੈਪਟਨ ਦੇ ਬਿਆਨ ਨੇ ਕੱਢ ਦਿੱਤੀ ਭਾਜਪਾ ਦੀ ਸਿਆਸੀ ਫੂਕ!
Tuesday, Dec 02, 2025 - 11:56 AM (IST)
ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਵਿਚ ਭਾਜਪਾ ਦੀ ਲੀਡਰਸ਼ਿਪ ਪਿਛਲੇ ਸਮੇਂ ਤੋਂ ਇਕੱਲਿਆਂ ਚੋਣਾਂ ਲੜ ਕੇ ਵੇਖ ਚੁੱਕੀ ਹੈ। ਸਿਰਫ ਵਿਧਾਨ ਸਭਾ ਵਿਚ 2 ਵਿਧਾਇਕ ਬਣੇ ਬਾਕੀ ਜ਼ਮਾਨਤਾਂ ਜ਼ਬਤ ਵਾਲੇ ਹਾਲਾਤ ਰਹੇ ਪਰ ਭਾਜਪਾ ਅਜੇ ਵੀ ਆਪਣੇ ਪੁਰਾਣੇ ਬਿਆਨਾਂ ’ਤੇ ਕਿ ਅਸੀਂ ਇਕੱਲੇ ਚੋਣ ਲੜਾਂਗੇ ਤੇ ਹੁਣ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਜੋ ਪੇਂਡੂ ਹਲਕੇ ’ਚ ਹੋਈਆਂ ਹਨ, ਉਹ ਲੜ ਰਹੇ ਹਾਂ।
ਉਧਰ ਭਾਜਪਾ ’ਚ ਬੈਠੇ ਤੇ 2 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਬਿਆਨ ਦਾਗ ਕੇ ਭਾਜਪਾ ਦੇ ਆਗੂਆਂ ਦੀ ਇਕੱਲੇ ਚੋਣ ਲੜਨ ਦੇ ਬਿਆਨ ਦੀ ਫੂਕ ਕੱਢ ਦਿੱਤੀ ਹੈ ਤੇ ਕਿਹਾ ਕਿ ਅਕਾਲੀ ਦਲ ਦੇ ਗੱਠਜੋੜ ਤੋਂ ਬਿਨਾਂ ਭਾਜਪਾ ਸਰਕਾਰ 2035 ’ਚ ਆਵੇਗੀ। ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰੀ ਗਰਾਊਂਡ ਰਿਪੋਰਟ ਲੈ ਕੇ ਅਤੇ ਬੀ. ਜੇ. ਪੀ. ਦੇ ਹਾਲਾਤਾਂ ਨੂੰ ਦੇਖ ਕੇ ਤਾਂ ਇੰਨਾ ਵੱਡਾ ਬਿਆਨ ਦਿੱਤਾ ਹੈ।
ਕੈਪਟਨ ਦੇ ਉਕਤ ਬਿਆਨ ਨਾਲ ਭਾਜਪਾ ਵਿਚ ਬੈਠੇ ਕਈ ਨੇਤਾਵਾਂ ਨੂੰ ਸਿਆਸੀ ਮਿਰਚਾਂ ਲੱਗੀਆਂ ਹਨ ਤੇ ਉਨ੍ਹਾਂ ਨੇ ਮੀਡੀਆ ਦੇ ਇਕ ਹਿੱਸੇ ਵਿਚ ਕਿਹਾ ਹੈ ਕਿ ਭਾਜਪਾ ਇਕੱਲਿਆਂ ਚੋਣ ਲੜੇਗੀ, ਸਮਝੌਤਾ ਨਹੀਂ ਕਰੇਗੀ। ਜਦੋਂਕਿ ਦੂਜੇ ਪਾਸੇ ਅਕਾਲੀ ਦਲ ਦੇ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਤਾਂ ਇਹ ਆਖ ਦਿੱਤਾ ਹੈ ਕਿ ਭਾਜਪਾ ਤਾਂ ਆਏ ਦਿਨ ਚੰਡੀਗੜ੍ਹ ਤੇ ਹੋਰਨਾਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਉਲਝਾ ਰਹੀ ਹੈ ਤੇ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਸਾਡੇ ਨਾਲ ਸਮਝੌਤਾ ਕਿਵੇਂ ਹੋ ਸਕਦਾ ਹੈ। ਬਾਕੀ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਕੈਪਟਨ ਦੇ ਬਿਆਨ ’ਤੇ ਅਮਲ ਕਰਦੀ ਹੈ ਜਾਂ ਆਪਣੀ ਲੀਡਰਬਸ਼ਿਪ ਦੀ ਮੰਨਦੀ ਹੈ ਜਾਂ ਆਪਣੀ ਮੰਨਵਾਉਂਦੀ ਹੈ।
