''ਅਸਹਿਣਸ਼ੀਲਤਾ, ਬੇਸਬਰੀ ਅਤੇ ਅਸ਼ਾਂਤੀ'' ਕਿੱਧਰ ਜਾ ਰਿਹਾ ਹੈ ਦੇਸ਼ ਅਸਾਡਾ

03/07/2017 5:50:58 AM

ਜਿਵੇਂ-ਜਿਵੇਂ ਸਾਡਾ ਦੇਸ਼ ਵਿਕਾਸ ਕਰ ਰਿਹਾ ਹੈ, ਤਿਵੇਂ-ਤਿਵੇਂ ਸਮੱਸਿਆਵਾਂ ਵੀ ਵਧਦੀਆਂ ਜਾ ਰਹੀਆਂ ਹਨ ਅਤੇ ਦੇਸ਼ ''ਚ ਪੈਦਾ ਹੋਏ ਅਸ਼ਾਂਤ ਮਾਹੌਲ ਨੂੰ ਦੇਖਦਿਆਂ ਇਹੋ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ? ਜਿੱਧਰ ਵੀ ਨਜ਼ਰ ਮਾਰੋ ਅਸ਼ਾਂਤੀ, ਬੇਸਬਰੀ ਅਤੇ ਅਸਹਿਮਤੀ ਦਾ ਲਾਵਾ ਹੀ ਉੱਬਲਦਾ ਦਿਖਾਈ ਦੇ ਰਿਹਾ ਹੈ।
ਬੀਤੀ 22 ਫਰਵਰੀ ਨੂੰ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ''ਚ ਐੱਸ. ਐੱਫ. ਆਈ. ਅਤੇ ''ਆਈਸਾ'' ਵਲੋਂ ਦੇਸ਼ਧ੍ਰੋਹ ਦਾ ਦੋਸ਼ ਝੱਲ ਰਹੇ ਜੇ. ਐੱਨ. ਯੂ. ਦੇ ਵਿਦਿਆਰਥੀ ਉਮਰ ਖਾਲਿਦ ਅਤੇ ਜੇ. ਐੱਨ. ਯੂ. ਵਿਦਿਆਰਥੀ ਸੰਘ ਦੀ ਸਾਬਕਾ ਉਪ ਪ੍ਰਧਾਨ ਸ਼ੈਲਾ ਰਸ਼ੀਦ ਨੂੰ ਸੱਦੇ ਜਾਣ ਨੂੰ ਲੈ ਕੇ ਏ. ਬੀ. ਵੀ. ਪੀ. ਅਤੇ ਕਮਿਊਨਿਸਟ ਵਿਦਿਆਰਥੀ ਸੰਗਠਨਾਂ ਵਿਚਾਲੇ ਹਿੰਸਕ ਝੜਪਾਂ ਤੇ ਪੱਥਰਬਾਜ਼ੀ ਹੋਈ, ਜਿਸ ''ਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।
ਇਸੇ ਪਿਛੋਕੜ ''ਚ ਫੇਸਬੁੱਕ ''ਤੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੀ ਟਿੱਪਣੀ ''ਤੇ ਉਸ ਨੂੰ ਬਲਾਤਕਾਰ ਦੀਆਂ ਮਿਲੀਆਂ ਧਮਕੀਆਂ ਤੋਂ ਬਾਅਦ ਉਸ ਨੂੰ ਦਿੱਲੀ ਛੱਡਣੀ ਪਈ ਤੇ ਜੇ. ਐੱਨ. ਯੂ. ਦੇ ਸਕੂਲ ਆਫ ਸੋਸ਼ਲ ਸਾਇੰਸ ਵਿਚ ''ਡੈਮੋਕ੍ਰੇਟਿਕ ਯੂਨੀਅਨ ਫਾਰ ਸਟੂਡੈਂਟਸ'' ਨਾਮੀ ਵਿਵਾਦਪੂਰਨ ਸੰਗਠਨ ਵਲੋਂ ਕਸ਼ਮੀਰ ਦੀ ਆਜ਼ਾਦੀ ਦੇ ਪੋਸਟਰ ਲਾਏ ਗਏ।
1 ਮਾਰਚ ਨੂੰ ਚੰਡੀਗੜ੍ਹ ''ਚ ਸਥਿਤ ਪੰਜਾਬ ਯੂਨੀਵਰਸਿਟੀ ਕੰਪਲੈਕਸ ''ਚ ਏ. ਬੀ. ਵੀ. ਪੀ. ਨੇ ਤਿਰੰਗਾ ਯਾਤਰਾ ਕੱਢੀ ਤੇ ਨਾਅਰੇਬਾਜ਼ੀ ਕਰਦਿਆਂ ਖੱਬੇਪੱਖੀ ਵਿਦਿਆਰਥੀ ਸੰਗਠਨਾਂ ''ਤੇ ਦੇਸ਼-ਵਿਰੋਧੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। 
ਇਥੇ ਹੀ ਐੱਸ. ਐੱਫ. ਐੱਸ. ਵਲੋਂ 3 ਮਾਰਚ ਨੂੰ ਪੰਜਾਬ ਯੂਨੀਵਰਸਿਟੀ ''ਚ ਆਯੋਜਿਤ ਸੈਮੀਨਾਰ ''ਚ ਪਾਬੰਦੀਸ਼ੁਦਾ ਭਾਕਪਾ (ਮਾਓਵਾਦੀ) ਦੀ ਵਰਕਰ ਅਤੇ ਦੇਸ਼ਧ੍ਰੋਹ ਦਾ ਮੁਕੱਦਮਾ ਝੱਲ ਰਹੀ ਸੀਮਾ ਆਜ਼ਾਦ ਭੇਸ ਬਦਲ ਕੇ ਪਹੁੰਚੀ ਤੇ ਭਾਸ਼ਣ ਦੇ ਕੇ ਚਲੀ ਗਈ। 
ਅੱਜ 10 ਦਿਨਾਂ ਬਾਅਦ ਵੀ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ''ਚ ਵਿਦਿਆਰਥੀਆਂ ਅੰਦਰ ਨਾਰਾਜ਼ਗੀ ਦੀ ਜਵਾਲਾ ਦਹਿਕ ਰਹੀ ਹੈ ਤੇ 4 ਮਾਰਚ ਨੂੰ ਵਿਦਿਆਰਥੀ ਸੰਗਠਨਾਂ ਨੇ ਨਵੀਂ ਦਿੱਲੀ ''ਚ ਮੰਡੀ ਹਾਊਸ ਤੋਂ ਜੰਤਰ-ਮੰਤਰ ਤਕ ਮੁਜ਼ਾਹਰਾ ਕੀਤਾ। 
ਹਰਿਆਣਾ ਦੇ ਜਾਟ ਅੰਦੋਲਨ ਦੀ ਗੂੰਜ ਵੀ ਦੇਸ਼ ਭਰ ''ਚ ਸੁਣਾਈ ਦੇ ਰਹੀ ਹੈ। ਹਜ਼ਾਰਾਂ ਜਾਟਾਂ ਨੇ 2 ਮਾਰਚ ਨੂੰ ਜੰਤਰ-ਮੰਤਰ ਵਿਖੇ ਮੁਜ਼ਾਹਰਾ ਅਤੇ ਸੰਸਦ ਮਾਰਗ ਦੇ ਬਾਹਰ ਘਿਰਾਓ ਕੀਤਾ। ਉਨ੍ਹਾਂ ਨੇ 13 ਮਾਰਚ ਤੋਂ ਅਸਹਿਯੋਗ ਅੰਦੋਲਨ ਸ਼ੁਰੂ ਕਰਕੇ ਦਿੱਲੀ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਤੇ 20 ਮਾਰਚ ਤੋਂ ਸੰਸਦ ਘੇਰਨ ਦਾ ਐਲਾਨ ਵੀ ਕੀਤਾ ਹੈ। 
ਜਾਟਾਂ ਦਾ ਕਹਿਣਾ ਹੈ ਕਿ ''''ਦਿੱਲੀ ਕੂਚ ਲਈ 5000 ਤੋਂ ਜ਼ਿਆਦਾ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ ਤੇ ਜਿਥੇ ਕਿਤੇ ਵੀ ਸਾਡੀਆਂ ਟਰੈਕਟਰ-ਟਰਾਲੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਅਸੀਂ ਉਥੇ ਹੀ ਪੜਾਅ ਪਾ ਦਿਆਂਗੇ।
ਟਰੈਕਟਰ-ਟਰਾਲੀਆਂ ਸਾਡੇ ਹਥਿਆਰ ਹਨ ਤੇ ਜੇ ਸਰਕਾਰ ਬੈਰੀਅਰ ਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਦਿੱਲੀ ਦੇ ਚਾਰੇ ਪਾਸੇ ਕੰਧ ਬਣਾਉਣੀ ਪਵੇਗੀ।''''
ਉੱਤਰ ਭਾਰਤ ਵਿਚ ਜਿਥੇ ਜਾਟ ਅੰਦੋਲਨ ਜ਼ੋਰਾਂ ''ਤੇ ਹੈ, ਉਥੇ ਹੀ ਗੁਜਰਾਤ ''ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਸਮਿਤੀ (ਪਾਸ) ਦੇ ਨੇਤਾ ਹਾਰਦਿਕ ਪਟੇਲ ਦੀ ਅਗਵਾਈ ਹੇਠ ਚਲਾਏ ਜਾ ਰਹੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੀ ਗੂੰਜ ਮੁੜ ਸੁਣਾਈ ਦੇ ਰਹੀ ਹੈ।
ਯੂ. ਪੀ. ਦੇ ਲਖੀਮਪੁਰ ਖੀਰੀ ''ਚ 2 ਮਾਰਚ ਨੂੰ ਇਕ ਭਾਈਚਾਰੇ ਦੇ ਨੌਜਵਾਨਾਂ ਵਲੋਂ ਦੂਜੇ ਭਾਈਚਾਰੇ ਦੀਆਂ ਔਰਤਾਂ ਅਤੇ ਧਾਰਮਿਕ ਆਸਥਾ ''ਤੇ ਇਤਰਾਜ਼ਯੋਗ ਵੀਡੀਓ ਬਣਾ ਕੇ ਸੋਸ਼ਲ ਸਾਈਟ ''ਤੇ ਅਪਲੋਡ ਕਰਨ ਪਿੱਛੋਂ ਹੋਈ ਸਾੜ-ਫੂਕ ਤੇ ਗੋਲੀਬਾਰੀ ਤੋਂ ਬਾਅਦ ਇਲਾਕੇ ''ਚ ਫਿਰਕੂ ਤਣਾਅ ਪੈਦਾ ਹੋ ਗਿਆ। ਅਧਿਕਾਰੀਆਂ ਨੂੰ ਸਥਿਤੀ ''ਤੇ ਕਾਬੂ ਪਾਉਣ ਲਈ ਕਰਫਿਊ ਤਕ ਲਾਉਣਾ ਪਿਆ।
ਅਜਿਹੇ ਮਾਹੌਲ ''ਚ ਦੇਸ਼ ਦੇ ਬੜਬੋਲੇ ਨੇਤਾ ਵੀ ਨਿੱਤ ਜ਼ਹਿਰੀਲੇ ਬਿਆਨ ਦੇ ਕੇ ਅੱਗ ''ਚ ਘਿਓ ਪਾ ਰਹੇ ਹਨ। ਬਿਹਾਰ ਸਰਕਾਰ ''ਚ ਮੰਤਰੀ ਅਤੇ ਕਾਂਗਰਸੀ ਨੇਤਾ ਅਬਦੁਲ ਜਲੀਲ ਮਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਟਿੱਪਣੀ ਕਰਕੇ ਅਤੇ 1 ਮਾਰਚ ਨੂੰ ਉਨ੍ਹਾਂ ਦੇ ਪੋਸਟਰ ''ਤੇ ਜੁੱਤੀਆਂ ਮਰਵਾ ਕੇ ਭਾਰੀ ਵਿਵਾਦ ਖੜ੍ਹਾ ਕਰ ਦਿੱਤਾ।
ਇਸੇ ਤਰ੍ਹਾਂ ਉੱਜੈਨ ''ਚ ਆਰ. ਐੱਸ. ਐੱਸ. ਦੇ ਇਕ ਨੇਤਾ ਕੁੰਦਨ ਚੰਦਰਾਵਤ ਨੇ ਭੜਕਾਊ ਬਿਆਨ ਦਿੰਦਿਆਂ ਕੇਰਲਾ ਦੇ ਮੁੱਖ ਮੰਤਰੀ ਪੀ. ਵਿਜਯਨ ਦਾ ਸਿਰ ਲਿਆਉਣ ਵਾਲੇ ਨੂੰ 1 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕਰ ਦਿੱਤਾ, ਜਿਸ ''ਤੇ ਮਚੀ ਤਰਥੱਲੀ ਦਰਮਿਆਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸੰਘ ''ਚੋਂ ਵੀ ਕੱਢ ਦਿੱਤਾ ਗਿਆ। 
ਇਸੇ ਦਿਨ ਕੇਰਲਾ ''ਚ ਕੋਜ਼ੀਕੋਡ ਦੇ ਨਦਾਪੁਰਮ ''ਚ ''ਸੰਘ'' ਦੇ ਦਫਤਰ ਦੇ ਬਾਹਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਬੰਬ ਸੁੱਟਣ ਨਾਲ 4 ਭਾਜਪਾ ਵਰਕਰ ਜ਼ਖ਼ਮੀ ਹੋ ਗਏ, ਜਦਕਿ 5 ਮਾਰਚ ਨੂੰ ਕੋਜ਼ੀਕੋਡ ਦੇ ਹੀ ਇਕ ਹੋਰ ਪਿੰਡ ''ਚ ਮਾਰਕਸੀ ਵਰਕਰਾਂ ਨੇ ਆਰ. ਐੱਸ. ਐੱਸ. ਦੇ ਤਿੰਨ ਵਰਕਰਾਂ ''ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ।
ਦੇਸ਼ ''ਚ ਅਸ਼ਾਂਤ ਮਾਹੌਲ ਦੀ ਇਹ ਤਸਵੀਰ ਬੇਚੈਨ ਕਰਨ ਵਾਲੀ ਹੈ ਤੇ ਇਸ ਹਾਲਤ ''ਚ ਹਰੇਕ ਰਾਸ਼ਟਰਵਾਦੀ ਦਾ ਚਿੰਤਤ ਹੋਣਾ ਅਤੇ ਉਸ ਦੇ ਮਨ ''ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਆਖਿਰ ਸਾਡਾ ਦੇਸ਼ ਕਿੱਧਰ ਜਾ ਰਿਹਾ ਹੈ?
ਅਜਿਹੀਆਂ ਘਟਨਾਵਾਂ ਨੂੰ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਕੇ ਦੇਸ਼ ''ਚ ਹਾਂ-ਪੱਖੀ ਮਾਹੌਲ ਪੈਦਾ ਕਰਨ ''ਚ ਜਿੰਨੀ ਦੇਰ ਕੀਤੀ ਜਾਵੇਗੀ, ਹਾਲਾਤ ਓਨੇ ਹੀ ਖਰਾਬ ਹੁੰਦੇ ਜਾਣਗੇ।                              
—ਵਿਜੇ ਕੁਮਾਰ


Vijay Kumar Chopra

Chief Editor

Related News