ਬਜ਼ੁਰਗ ਮਾਂ-ਪਿਓ ਦੇ ਅਪਮਾਨ ਅਤੇ ਅਣਦੇਖੀ ਦਾ ਭਾਰਤ ''ਚ ਫੈਲਦਾ ਕੁਚੱਕਰ

Saturday, Jun 16, 2018 - 12:32 AM (IST)

ਬਜ਼ੁਰਗ ਮਾਂ-ਪਿਓ ਦੇ ਅਪਮਾਨ ਅਤੇ ਅਣਦੇਖੀ ਦਾ ਭਾਰਤ ''ਚ ਫੈਲਦਾ ਕੁਚੱਕਰ

ਭਾਰਤ ਵਿਚ ਜਿਥੇ ਕਦੇ ਔਲਾਦਾਂ ਪਿਤਾ ਦੇ ਚਿਹਰੇ ਵਿਚ ਭਗਵਾਨ ਤੇ ਮਾਂ ਦੇ ਚਰਨਾਂ ਵਿਚ ਸਵਰਗ ਦੇਖਦੀਆਂ ਸਨ, ਅੱਜ ਉਸੇ ਦੇਸ਼ ਵਿਚ ਔਲਾਦਾਂ ਦੀ ਅਣਦੇਖੀ ਕਾਰਨ ਵੱਡੀ ਗਿਣਤੀ 'ਚ ਬਜ਼ੁਰਗ ਮਾਂ-ਪਿਓ ਦੀ ਸਥਿਤੀ ਤਰਸਯੋਗ ਬਣ ਕੇ ਰਹਿ ਗਈ ਹੈ।
ਇਸ ਲਈ ਚੈਰੀਟੇਬਲ ਸੰਗਠਨ 'ਹੈਲਪਏਜ ਇੰਡੀਆ' ਵਲੋਂ ਦੇਸ਼ ਦੇ 23 ਸ਼ਹਿਰਾਂ ਵਿਚ ਬਜ਼ੁਰਗਾਂ ਦੀ ਸਥਿਤੀ ਬਾਰੇ ਕਰਵਾਏ ਗਏ ਨਵੇਂ ਅਧਿਐਨ 'ਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬਜ਼ੁਰਗਾਂ ਨਾਲ ਬੁਰਾ ਸਲੂਕ ਕਿਸ ਹੱਦ ਤਕ, ਕਿੰਨਾ, ਕਿਸ ਰੂਪ 'ਚ ਅਤੇ ਕਿੰਨੀ ਵਾਰ ਹੁੰਦਾ ਹੈ ਅਤੇ ਇਸ ਪਿੱਛੇ ਕਾਰਨ ਕੀ ਹਨ।
ਅਧਿਐਨ ਅਨੁਸਾਰ ਬਜ਼ੁਰਗਾਂ ਨਾਲ ਸਭ ਤੋਂ ਵੱਧ ਬੁਰਾ ਸਲੂਕ ਮੈਂਗਲੁਰੂ (47 ਫੀਸਦੀ), ਉਸ ਤੋਂ ਬਾਅਦ ਅਹਿਮਦਾਬਾਦ (46), ਭੋਪਾਲ (39), ਅੰਮ੍ਰਿਤਸਰ (35) ਅਤੇ ਦਿੱਲੀ (33 ਫੀਸਦੀ) 'ਚ ਹੁੰਦਾ ਹੈ। ਅਧਿਐਨ ਵਿਚ ਪਤਾ ਲੱਗਾ ਕਿ 82 ਫੀਸਦੀ ਪੀੜਤ ਬਜ਼ੁਰਗ ਆਪਣੇ ਪਰਿਵਾਰ ਦੇ ਸਨਮਾਨ ਕਾਰਨ ਇਸ ਦੀ ਸ਼ਿਕਾਇਤ ਨਹੀਂ ਕਰਦੇ ਅਤੇ ਜਾਂ ਫਿਰ ਉਨ੍ਹਾਂ ਨੂੰ ਪਤਾ ਨਹੀਂ ਕਿ ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ। 
'ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ' ਦੇ ਮੌਕੇ 'ਤੇ 14 ਜੂਨ ਨੂੰ 'ਹੈਲਪਏਜ ਇੰਡੀਆ' ਦੇ ਸੀ. ਈ. ਓ. ਮੈਥਿਊ ਚੇਰੀਅਨ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ''ਹਰ ਸਾਲ ਅਸੀਂ ਆਪਣੇ ਬਜ਼ੁਰਗਾਂ ਵਿਰੁੱਧ ਕੀਤੇ ਜਾਣ ਵਾਲੇ ਇਸ ਘਿਨਾਉਣੇ ਅਪਰਾਧ ਨੂੰ ਸਮਝਣ ਤੇ ਇਸ ਵਿਰੁੱਧ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਦਕਿਸਮਤੀ ਨਾਲ ਬਜ਼ੁਰਗਾਂ 'ਤੇ ਤਸ਼ੱਦਦ ਘਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਨੂੰ ਉਹ ਲੋਕ ਅੰਜਾਮ ਦਿੰਦੇ ਹਨ, ਜਿਨ੍ਹਾਂ 'ਤੇ ਉਹ ਸਭ ਤੋਂ ਵੱਧ ਭਰੋਸਾ ਕਰਦੇ ਹਨ।''
''ਪਰਿਵਾਰ ਵਾਲਿਆਂ ਹੱਥੋਂ ਬਜ਼ੁਰਗ ਅਪਮਾਨ (56 ਫੀਸਦੀ), ਗਾਲੀ-ਗਲੋਚ (49 ਫੀਸਦੀ), ਅਣਦੇਖੀ (33 ਫੀਸਦੀ), ਆਰਥਿਕ ਸ਼ੋਸ਼ਣ (22 ਫੀਸਦੀ)ਤੇ ਸਰੀਰਕ ਤਸ਼ੱਦਦ ਦਾ ਸ਼ਿਕਾਰ (12 ਫੀਸਦੀ) ਹੁੰਦੇ ਹਨ। ਅਜਿਹਾ ਕਰਨ ਵਾਲਿਆਂ 'ਚ ਨੂੰਹਾਂ (34 ਫੀਸਦੀ) ਦੀ ਬਜਾਏ ਪੁੱਤਾਂ (52 ਫੀਸਦੀ) ਦੀ ਗਿਣਤੀ ਜ਼ਿਆਦਾ ਹੈ, ਜਦਕਿ ਪਿਛਲੇ ਸਰਵੇਖਣਾਂ ਵਿਚ ਨੂੰਹਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ।''
ਤਕਨਾਲੋਜੀ ਨੇ ਵੀ ਬਜ਼ੁਰਗਾਂ ਦੀ ਅਣਦੇਖੀ ਅਤੇ ਉਨ੍ਹਾਂ ਨਾਲ ਬੁਰੇ ਸਲੂਕ ਵਿਚ ਆਪਣਾ ਯੋਗਦਾਨ ਪਾਇਆ ਹੈ। ਔਲਾਦਾਂ ਆਪਣੇ ਮਾਂ-ਪਿਓ ਦੀ ਬਜਾਏ ਮੋਬਾਇਲ ਫੋਨ ਅਤੇ ਕੰਪਿਊਟਰਾਂ ਨੂੰ ਜ਼ਿਆਦਾ ਤਵੱਜੋ ਦਿੰਦੀਆਂ ਹਨ। ਇਸ ਦਾ ਬਜ਼ੁਰਗਾਂ ਦੇ ਜੀਵਨ 'ਤੇ ਉਲਟਾ ਅਸਰ ਪੈ ਰਿਹਾ ਹੈ। ਬਜ਼ੁਰਗ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ  ਬੱਚੇ ਮੋਬਾਇਲ ਫੋਨਾਂ 'ਤੇ ਬਹੁਤ ਜ਼ਿਆਦਾ ਰੁੱਝੇ ਰਹਿਣ ਕਾਰਨ ਉਨ੍ਹਾਂ ਵੱਲ ਧਿਆਨ ਹੀ ਨਹੀਂ ਦਿੰਦੇ, ਜਿਸ ਕਾਰਨ ਉਹ ਖ਼ੁਦ ਨੂੰ ਅਣਗੌਲੇ ਹੋਏ ਅਤੇ ਅਪਮਾਨਿਤ ਮਹਿਸੂਸ ਕਰਨ ਲੱਗੇ ਹਨ। 
ਮੈਥਿਊ ਚੇਰੀਅਨ ਅਨੁਸਾਰ, ''60 ਫੀਸਦੀ ਤੋਂ ਜ਼ਿਆਦਾ ਬਜ਼ੁਰਗਾਂ ਅਨੁਸਾਰ ਬੱਚਿਆਂ ਅਤੇ ਪੋਤਿਆਂ ਦੇ ਮੋਬਾਇਲ ਫੋਨਾਂ ਅਤੇ ਕੰਪਿਊਟਰਾਂ 'ਤੇ ਰੁੱਝੇ ਰਹਿਣ ਕਾਰਨ ਉਹ ਉਨ੍ਹਾਂ ਨਾਲ ਘੱਟ ਸਮਾਂ ਬਿਤਾਉਂਦੇ ਹਨ ਤੇ 78 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਪਰਿਵਾਰ ਨਾਲ ਬਿਤਾਇਆ ਜਾਣ ਵਾਲਾ ਉਨ੍ਹਾਂ ਦਾ ਸਮਾਂ ਖੋਹ ਲਿਆ ਹੈ।''
ਉਕਤ ਰਿਪੋਰਟ ਤੋਂ ਸਪੱਸ਼ਟ ਹੈ ਕਿ ਭਾਰਤ ਵਿਚ ਅੱਜ ਜ਼ਿਆਦਾਤਰ ਬਜ਼ੁਰਗਾਂ ਦੀ ਸਥਿਤੀ ਕਿੰਨੀ ਤਰਸਯੋਗ ਬਣ ਕੇ ਰਹਿ ਗਈ ਹੈ। ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੀ ਮੁਖੀ ਡਾ. ਇੰਦਰਜੀਤ ਕੌਰ ਅਨੁਸਾਰ ਕਈ ਮਾਮਲਿਆਂ ਵਿਚ ਔਲਾਦਾਂ ਆਪਣੇ ਬਜ਼ੁਰਗਾਂ ਨਾਲ ਗਾਲੀ-ਗਲੋਚ ਅਤੇ ਉਨ੍ਹਾਂ ਦਾ ਘੋਰ ਅਪਮਾਨ ਕਰਦੀਆਂ ਹਨ ਅਤੇ ਉਨ੍ਹਾਂ ਦੀ ਸਾਰੀ ਜਮ੍ਹਾ ਪੂੰਜੀ ਖੋਹ ਲੈਣ ਤੋਂ ਬਾਅਦ ਉਨ੍ਹਾਂ ਨੂੰ ਸੜਕਾਂ 'ਤੇ 'ਸੁੱਟ' ਦਿੰਦੀਆਂ ਹਨ। 
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹਰ ਸਮੇਂ ਔਲਾਦਾਂ ਵਲੋਂ ਬਜ਼ੁਰਗਾਂ ਦੀ ਅਣਦੇਖੀ ਸਬੰਧੀ 4-5 ਸ਼ਿਕਾਇਤਾਂ ਨਿਪਟਾਰੇ ਲਈ ਆਈਆਂ ਹੀ ਰਹਿੰਦੀਆਂ ਹਨ, ਜੋ ਇਸ ਸਮੱਸਿਆ ਦੀ ਗੰਭੀਰਤਾ ਦਾ ਸਬੂਤ ਹੈ। 
ਉਨ੍ਹਾਂ ਮੁਤਾਬਿਕ, ''ਬਜ਼ੁਰਗਾਂ ਦੀ ਅਣਦੇਖੀ ਸਬੰਧੀ ਜੇਕਰ ਇਹ ਅੰਕੜੇ ਸਹੀ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੇ ਲਈ ਨਾ ਸਿਰਫ ਆਪਣੇ ਬਜ਼ੁਰਗਾਂ ਦੇ ਸਨਮਾਨਜਨਕ ਜੀਵਨ ਬਿਤਾਉਣ ਲਈ ਬਹੁਤ ਕੁਝ ਕਰਨਾ ਬਾਕੀ ਹੈ, ਸਗੋਂ ਬੱਚਿਆਂ ਵਿਚ ਆਪਣੇ ਮਾਂ-ਪਿਓ ਤੇ ਬਜ਼ੁਰਗਾਂ ਦਾ ਸਨਮਾਨ ਕਰਨ ਦੇ ਸੰਸਕਾਰ ਭਰਨਾ ਵੀ ਬਹੁਤ ਜ਼ਰੂਰੀ ਹੈ। ਲਿਹਾਜ਼ਾ ਬੱਚਿਆਂ ਨੂੰ ਬਚਪਨ ਤੋਂ ਹੀ ਇਸ ਦੀ ਸਿੱਖਿਆ ਦੇਣੀ ਚਾਹੀਦੀ ਹੈ।''
ਇਸੇ ਨੂੰ ਦੇਖਦਿਆਂ ਕੇਂਦਰ ਤੇ ਸੂਬਾਈ ਸਰਕਾਰਾਂ ਨੇ 'ਮਾਪੇ ਤੇ ਸੀਨੀਅਰ ਸਿਟੀਜ਼ਨ ਦੇਖਭਾਲ ਅਤੇ ਭਲਾਈ' ਸਬੰਧੀ ਕੁਝ ਕਾਨੂੰਨ ਬਣਾਏ ਹਨ ਪਰ ਇਨ੍ਹਾਂ ਕਾਨੂੰਨਾਂ ਅਤੇ ਆਪਣੇ ਅਧਿਕਾਰਾਂ ਦੀ ਬਹੁਤੇ ਬਜ਼ੁਰਗਾਂ ਨੂੰ ਜਾਣਕਾਰੀ ਨਹੀਂ ਹੈ। 
ਇਸ ਲਈ ਇਨ੍ਹਾਂ ਕਾਨੂੰਨਾਂ ਦੇ ਵਿਆਪਕ ਪ੍ਰਚਾਰ ਦੀ ਲੋੜ ਹੈ ਤਾਂ ਕਿ ਬਜ਼ੁਰਗਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗੇ ਅਤੇ ਉਨ੍ਹਾਂ ਨੂੰ ਜੀਵਨ ਦੀ ਸੰਧਿਆ ਵਿਚ ਆਪਣੀਆਂ ਹੀ ਔਲਾਦਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਲਈ ਤਰਸਣਾ ਨਾ ਪਵੇ। 
ਲੋੜ ਇਸ ਗੱਲ ਦੀ ਵੀ ਹੈ ਕਿ ਮਾਂ-ਪਿਓ ਆਪਣੀ ਜਾਇਦਾਦ ਦੀ ਵਸੀਅਤ ਤਾਂ ਬੱਚਿਆਂ ਦੇ ਨਾਂ ਜ਼ਰੂਰ ਕਰ ਦੇਣ ਪਰ ਜਾਇਦਾਦ ਉਨ੍ਹਾਂ ਦੇ ਨਾਂ ਟਰਾਂਸਫਰ ਨਾ ਕਰਨ। ਅਜਿਹਾ ਕਰ ਕੇ ਹੀ ਉਹ ਆਪਣੇ ਜੀਵਨ ਦੀ ਸੰਧਿਆ (ਆਖਰੀ ਪੜਾਅ) ਵਿਚ ਆਉਣ ਵਾਲੀਆਂ ਕਈ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ।               —ਵਿਜੇ ਕੁਮਾਰ


author

Vijay Kumar Chopra

Chief Editor

Related News