ਹਰਿਆਣਾ ''ਚ ਨਸ਼ੇ ਦਾ ਵਧਦਾ ਰੁਝਾਨ, ਵੱਡੀ ਗਿਣਤੀ ''ਚ ਹੋ ਰਹੀਆਂ ਮੌਤਾਂ
Tuesday, Aug 30, 2022 - 03:43 AM (IST)
ਨਸ਼ੇ ਦੀ ਵਰਤੋਂ ਦੇਸ਼ ’ਚ ਚਿੰਤਾਜਨਕ ਹੱਦ ਤਕ ਵਧ ਗਈ ਹੈ। ਵਿਸ਼ੇਸ਼ ਤੌਰ ’ਤੇ ਨੌਜਵਾਨ ਵਰਗ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਖੋਖਲਾ ਹੋ ਰਿਹਾ ਹੈ। ਨਸ਼ਿਆਂ ਦੀ ਵੱਧ ਤੋਂ ਵੱਧ ਵਰਤੋਂ ਕਾਰਨ ਹੋਣ ਵਾਲੀਆਂ ਮੌਤਾਂ ਨਾਲ ਅਣਗਿਣਤ ਪਰਿਵਾਰ ਉੱਜੜ ਰਹੇ ਹਨ। ਹੁਣ ਹਰਿਆਣਾ ਵੀ ਇਸ ਬੁਰਾਈ ਤੋਂ ਅਛੂਤਾ ਨਹੀਂ ਰਿਹਾ। ਸਥਿਤੀ ਦੀ ਗੰਭੀਰਤਾ ਦਾ ਅਨੁਮਾਨ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਸੂਬੇ ਦੇ ਨਸ਼ਾਮੁਕਤੀ ਕੇਂਦਰਾਂ ’ਚ ਇਲਾਜ ਅਧੀਨ ਰੋਗੀਆਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ ਅਤੇ ਫੜੇ ਜਾ ਰਹੇ ਨਸ਼ਿਆਂ ਦੀਆਂ ਸਿਰਫ ਇਸੇ ਮਹੀਨੇ ਦੀਆਂ ਕੁਝ ਉਦਾਹਰਣਾਂ ਹੇਠ ਲਿਖੀਆਂ ਹਨ:
* 06 ਅਗਸਤ ਨੂੰ ਸੀ. ਆਈ. ਏ. ਨਰਵਾਣਾ ਦੀ ਟੀਮ ਨੇ ਘਨੌਰੀ ਪਿੰਡ ਤੋਂ 1 ਕਿਲੋ 50 ਗ੍ਰਾਮ ਚਰਸ ਨਾਲ ਇਕ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ।
* 15 ਅਗਸਤ ਨੂੰ ਟੋਹਾਣਾ ’ਚ ਅਧਿਕਾਰੀਆਂ ਨੇ ਪਿੰਡ ਕਾਜਲਹੇੜੀ ਨੇੜੇ ਨਸ਼ਾ ਸਮੱਗਲਰ ਮਾਂ-ਬੇਟੇ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੱਸਿਆ ਜਾਂਦਾ ਹੈ ਕਿ ਇਹ ਪੂਰਾ ਪਰਿਵਾਰ ਹੀ ਨਸ਼ੇ ਦੀ ਸਮੱਗਲਿੰਗ ’ਚ ਸ਼ਾਮਲ ਹੈ। ਮਾਂ-ਬੇਟਾ ਦੋਵੇਂ ਨਸ਼ਾ ਵੇਚਦੇ ਹਨ ਅਤੇ ਪੋਤਰਾ ਸਪਲਾਈ ਲੈ ਕੇ ਆਉਂਦਾ ਹੈ।
* 23 ਅਗਸਤ ਨੂੰ ਯਮੁਨਾਨਗਰ ’ਚ ਇਕ ਨੌਜਵਾਨ ਨੂੰ 12 ਗ੍ਰਾਮ ਸਮੈਕ ਨਾਲ ਗ੍ਰਿਫ਼ਤਾਰ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਵੀ 8 ਵਾਰ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਦੇ ਮਾਮਲੇ ’ਚ ਜੇਲ੍ਹ ਜਾ ਚੁੱਕਾ ਹੈ।
ਵਰਣਨਯੋਗ ਹੈ ਕਿ ਇਸ ਸਾਲ ਜੁਲਾਈ ’ਚ ਹੀ ਯਮੁਨਾਨਗਰ ਜ਼ਿਲ੍ਹੇ ’ਚ 23 ਨਸ਼ਾ ਸਮੱਗਲਰਾਂ ਨੂੰ ਫੜ ਕੇ ਉਨ੍ਹਾਂ ਕੋਲੋਂ 511 ਗ੍ਰਾਮ ਅਫੀਮ ਅਤੇ 94 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਹੈ। ਸਮੈਕ ਤੋਂ ਇਲਾਵਾ 7.42 ਕਿਲੋ ਗਾਂਜਾ, 20 ਗ੍ਰਾਮ ਹੈਰੋਇਨ ਅਤੇ 1780 ਨਸ਼ੀਲੀਆਂ ਗੋਲੀਆਂ ਅਤੇ 1400 ਨਸ਼ੀਲੇ ਕੈਪਸੂਲ ਵੀ ਬਰਾਮਦ ਕੀਤੇ ਗਏ।
* 24 ਅਗਸਤ ਨੂੰ ਸਮਾਲਖਾ ਵਿਖੇ ਪੁਲਸ ਦੇ ‘ਐਂਟੀ ਨਾਰਕੋਟਿਕਸ’ ਸੈੱਲ ਦੀ ਟੀਮ ਨੇ 9.5 ਕਿਲੋ ਗਾਂਜਾ ਪੱਤੀ ਦੇ ਨਾਲ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕਰਨ ਪਿੱਛੋਂ ਉਸ ਦੀ ਨਿਸ਼ਾਨਦੇਹੀ ’ਤੇ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ।
* 28 ਅਗਸਤ ਨੂੰ ਬਹਾਦੁਰਗੜ੍ਹ ਜ਼ਿਲ੍ਹੇ ਦੀ ਸੀ. ਆਈ. ਏ. ਟੀਮ ਨੇ ਝਾਰਖੰਡ ਅਤੇ ਬਿਹਾਰ ਤੋਂ ਆਏ 3 ਅਫੀਮ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਡੇਢ ਕਿਲੋ ਤੋਂ ਵੱਧ ਅਫੀਮ ਬਰਾਮਦ ਕੀਤੀ।
ਫਿਲਹਾਲ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਦੇ ਹੋਏ ਰੋਹਤਕ, ਝੱਜਰ, ਸੋਨੀਪਤ, ਚਰਖੀ ਦਾਦਰੀ ਅਤੇ ਭਿਵਾਨੀ ਜ਼ਿਲ੍ਹਿਆਂ ’ਚ ਇਸ ਸਾਲ 31 ਜੁਲਾਈ ਤਕ ਪਿਛਲੇ 7 ਮਹੀਨਿਆਂ ਦੌਰਾਨ ਨਸ਼ਾ ਸਮੱਗਲਿੰਗ ਦੇ 383 ਮਾਮਲੇ ਦਰਜ ਕਰ ਕੇ 464 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਕਤ ਮਾਮਲੇ ਦੀ ਜਾਂਚ ਦੌਰਾਨ ਪ੍ਰਗਟਾਵਾ ਹੋਇਆ ਹੈ ਕਿ ਸੂਬੇ ’ਚ ਰਾਜਸਥਾਨ ਤੋਂ ਚਿੱਟਾ ਅਤੇ ਦਿੱਲੀ ਤੋਂ ਸਮੈਕ, ਓਡਿਸ਼ਾ ਤੋਂ ਗਾਂਜਾ, ਮੱਧ ਪ੍ਰਦੇਸ਼ ਤੋਂ ਅਫੀਮ ਅਤੇ ਹਿਮਾਚਲ ਪ੍ਰਦੇਸ਼ ਤੇ ਨੇਪਾਲ ਦੇ ਸਰਹੱਦੀ ਖੇਤਰਾਂ ਤੋਂ ਚਰਸ/ਸੁਲਫਾ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਕਾਂਗਰਸ ਦੇ ਵਿਧਾਇਕ ਅਮਿਤ ਸਿਹਾਗ ਮੁਤਾਬਕ ਹਰ ਹਫਤੇ ਨਸ਼ਿਆਂ ਕਾਰਨ ਸੂਬੇ ਦੇ ਡੱਬਵਾਲੀ ਅਤੇ ਸਿਰਸਾ ਜ਼ਿਲ੍ਹਿਆਂ ’ਚ ਇਕ-ਦੋ ਮੌਤਾਂ ਹੋ ਰਹੀਆਂ ਹਨ, ਜਦੋਂਕਿ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਮੁਤਾਬਕ ਸਿਰਸਾ ਜ਼ਿਲ੍ਹੇ ’ਚ ਹੀ ਨਸ਼ੇ ਕਾਰਨ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦਾ ਸ਼ਿਕਾਰ ਹੋਣ ਵਾਲਿਆਂ ’ਚ ਨੌਜਵਾਨ-ਮੁਟਿਆਰਾਂ ਦੋਵੇਂ ਹੀ ਸ਼ਾਮਲ ਹਨ।
ਅਭੈ ਚੌਟਾਲਾ ਨੇ 10 ਅਗਸਤ ਨੂੰ ਹਰਿਆਣਾ ਵਿਧਾਨ ਸਭਾ ’ਚ ਕਿਹਾ ਕਿ ਸਿਰਸਾ, ਫਤੇਹਾਬਾਦ, ਹਿਸਾਰ ਅਤੇ ਗੁਰੂਗ੍ਰਾਮ ਜ਼ਿਲ੍ਹੇ ਨਸ਼ਿਆਂ ਦੇ ਪ੍ਰਕੋਪ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹਨ। ਪੁਲਸ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਦੀ ਸਮੱਗਲਿੰਗ ’ਚ ਸੰਬੰਧਤ ਜ਼ਿਲ੍ਹਿਆਂ ਦੇ ਸਥਾਨਕ ਵਾਸੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਨਸ਼ੇ ਦੀ ਸਮੱਗਲਿੰਗ ’ਚ ਸਥਾਨਕ ਸਮੱਗਲਰਾਂ ਤੋਂ ਇਲਾਵਾ ਨਾਈਜੀਰੀਅਨਾਂ ਸਮੇਤ ਵਿਦੇਸ਼ੀ ਸਮੱਗਲਰ ਵੀ ਸ਼ਾਮਲ ਦੱਸੇ ਜਾ ਰਹੇ ਹਨ। ਨਾਈਜੀਰੀਅਨ ਸਮੱਗਲਰਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਫੜੇ ਜਾਣ ’ਤੇ ਉਹ ਆਪਣਾ ਪਤਾ ਟਿਕਾਣਾ ਨਹੀਂ ਦੱਸਦੇ। ਅਧਿਕਾਰੀਆਂ ਮੁਤਾਬਕ ਨਸ਼ਾ ਸਮੱਗਲਰਾਂ ਦੇ ਸੰਪਰਕ ’ਚ ਰਹਿਣ ਵਾਲੇ ਸਥਾਨਕ ਵਾਸੀਆਂ ਨੇ ਉਨ੍ਹਾਂ ਦੇ ਨਾਲ ਇਕ ਮਜ਼ਬੂਤ ਨੈੱਟਵਰਕ ਕਾਇਮ ਕੀਤਾ ਹੋਇਆ ਹੈ ਅਤੇ ਉਹ ਉਨ੍ਹਾਂ ਰਾਹੀਂ ਲਿਆਂਦਾ ਹੋਇਆ ਨਸ਼ਾ ਗਾਹਕਾਂ ਨੂੰ ਸਪਲਾਈ ਕਰਦੇ ਹਨ।
ਰੋਹਤਕ ਰੇਂਜ ਦੀ ਇੰਸਪੈਕਟਰ ਜਨਰਲ ਆਫ ਪੁਲਸ ਮਮਤਾ ਸਿੰਘ ਮੁਤਾਬਕ ਨਸ਼ੇ ਦੀ ਸਪਲਾਈ ਦੀ ਲੜੀ ’ਤੇ ਰੋਕ ਲਾਉਣ ਅਤੇ ਨਸ਼ਾ ਵੰਡ ਨੈੱਟਵਰਕ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਕਾਰਨ ਪੁਲਸ ਨੂੰ ਇਸ ਸਾਲ ਆਪਣੇ ਅਧੀਨ ਪੈਂਦੇ ਜ਼ਿਲ੍ਹਿਆਂ ’ਚ ਭਾਰੀ ਮਾਤਰਾ ’ਚ ਨਸ਼ੇ ਜ਼ਬਤ ਕਰਨ ’ਚ ਸਫਲਤਾ ਮਿਲੀ ਹੈ। ਮਮਤਾ ਸਿੰਘ ਮੁਤਾਬਕ ਪੁਲਸ ਦਾ ਨਿਸ਼ਾਨਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਸਿੱਟਿਆਂ ਪ੍ਰਤੀ ਜਾਗਰੂਕ ਕਰ ਕੇ ਉਨ੍ਹਾਂ ਨੂੰ ਇਸ ਤੋਂ ਦੂਰ ਕਰਨਾ ਹੈ ਅਤੇ ਨਸ਼ਾ ਮਾਫੀਆ ਵਿਰੁੱਧ ਇਸ ਤਰ੍ਹਾਂ ਦੀ ਮੁਹਿੰਮ ਭਵਿੱਖ ’ਚ ਵੀ ਜਾਰੀ ਰੱਖੀ ਜਾਏਗੀ। ਅਸੀਂ ਇਲਾਕਾ ਵਾਸੀਆਂ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਉਹ ਸਮੱਗਲਿੰਗ ਦੀਆਂ ਸਰਗਰਮੀਆਂ ਸੰਬੰਧੀ ਕੋਈ ਵੀ ਜਾਣਕਾਰੀ ਮਿਲਣ ’ਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰਨ।
ਕਈ ਕਾਰਨਾਂ ਕਰ ਕੇ ਨੌਜਵਾਨ ਨਸ਼ਿਆਂ ਦੀ ਵਰਤੋਂ ਅਤੇ ਸਮੱਗਲਿੰਗ ’ਚ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ’ਚ ਬੇਰੋਜ਼ਗਾਰੀ, ਪਰਿਵਾਰ ਵਲੋਂ ਉਨ੍ਹਾਂ ’ਤੇ ਪਾਇਆ ਜਾਣ ਵਾਲਾ ਦਬਾਅ, ਚੁਣੌਤੀ ਭਰੇ ਹਾਲਾਤ ਤੋਂ ਬਚਣ ਦਾ ਰੁਝਾਨ ਅਤੇ ਮਾੜੀ ਸੰਗਤ ਆਦਿ ਮੁੱਖ ਹਨ। ਇਸ ਲਈ ਨਸ਼ਾ ਸਮੱਗਲਰਾਂ ’ਤੇ ਸਖਤੀ ਨਾਲ ਸ਼ਿਕੰਜਾ ਕੱਸਣ ਅਤੇ ਉਕਤ ਕਾਰਨ ਖਤਮ ਕਰਨ ਦੀ ਲੋੜ ਹੈ।
–ਵਿਜੇ ਕੁਮਾਰ