ਤਰਨਤਾਰਨ ਜ਼ਿਮਨੀ ਚੋਣ : ਗਿਣਤੀ ਸ਼ੁਰੂ, ਪਹਿਲਾਂ ਬੈਲੇਟ ਪੇਪਰ ਗਿਣੇ ਜਾ ਰਹੇ, ਥੋੜੀ ਦੇਰ 'ਚ ਆਵੇਗਾ ਪਹਿਲਾ ਰੁਝਾਨ
Friday, Nov 14, 2025 - 08:37 AM (IST)
ਤਰਨਤਾਰਨ (ਰਮਨ)- 11 ਨਵੰਬਰ ਨੂੰ ਵਿਧਾਨ ਸਭਾ ਹਲਕਾ ਤਰਨ ਤਾਰਨ ਲਈ ਜ਼ਿਮਨੀ ਚੋਣ ਲਈ ਵੋਟਿੰਗ ਹੋਈ ਸੀ। ਅੱਜ ਇਨ੍ਹਾਂ ਚੋਣਾਂ ਦੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ, ਜਿਸ ਲਈ ਸਵੇਰੇ 8:00 ਵਜੇ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਦੀ, ਤਰਨ ਤਾਰਨ ਵਿਖੇ ਵੋਟਾਂ ਦੀ ਗਿਣਤੀ ਲਈ ਬੈਲੇਟ ਪੇਪਰ ਖੁੱਲ੍ਹ ਚੁੱਕੇ ਹਨ ਅਤੇ ਕੁਝ ਹੀ ਸਮੇਂ 'ਚ ਪਹਿਲਾਂ ਰੁਝਾਣ ਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣ ਦੌਰਾਨ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ ਈ.ਵੀ.ਐੱਮ ਵਿੱਚ 16 ਨੰਬਰ ਉੱਪਰ ਨੋਟਾ (ਨਨ ਆਫ਼ ਅਬੱਵ) ਐਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ। ਦੱਸ ਦੇਈਏ ਕਿ ਜ਼ਿਮਨੀ ਚੋਣ 'ਚ ਕੁੱਲ 15 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ ਚਾਰ ਰਿਵਾਇਤੀ ਪਾਰਟੀਆਂ ਦੇ ਹਨ, ਦੋ ਰਜਿਸਟਰਡ ਪਾਰਟੀਆਂ ਹਨ ਅਤੇ 9 ਆਜ਼ਾਦ ਉਮੀਦਵਾਰ ਹਨ।
ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ
ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਜਪਾ ਤੋਂ ਹਰਜੀਤ ਸਿੰਘ ਸੰਧੂ ਵਿਚ ਹੈ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ (ਆਜ਼ਾਰ ਉਮੀਦਵਾਰ )ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਵਿਚ ਵੱਡਾ ਉਲਟਫੇਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਹੈ ਜਿਸ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਹੋ ਰਹੀ ਹੈ।
