ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਲਿਸਟ ਹੋ ਗਈ ਤਿਆਰ

Sunday, Nov 09, 2025 - 11:43 AM (IST)

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਲਿਸਟ ਹੋ ਗਈ ਤਿਆਰ

ਜਲੰਧਰ (ਚੋਪੜਾ)–ਰਾਹੁਲ ਗਾਂਧੀ ਦੇ ਦਰਬਾਰ ਵਿਚ ਪੰਜਾਬ ਕਾਂਗਰਸ ਵਿਚ ਜ਼ਿਲ੍ਹਾ ਪ੍ਰਧਾਨਾਂ ਦੀ ਸੀਕ੍ਰੇਟ ਲਿਸਟ ਰੈਡੀ ਹੈ ਪਰ ਹਾਈਕਮਾਨ ਨੇ ਸਿਆਸੀ ਰੂਪ ਵਿਚ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਦੀ ਉਡੀਕ ਕਰਨ ਦਾ ਫ਼ੈਸਲਾ ਲਿਆ ਹੈ। ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ਵਿਚ ਮੌਜੂਦਾ ਪ੍ਰਧਾਨਾਂ ਅਤੇ ਨਵੇਂ ਚਿਹਰਿਆਂ ਦੀ ਟੱਕਰ ਵੇਖਣ ਨੂੰ ਮਿਲੇਗੀ ਪਰ ਸੰਗਠਨ ਸਿਰਜਨ ਮੁਹਿੰਮ ਦੇ ਕਲਾਈਮੈਕਸ ਨੂੰ ਹਾਲੇ ਜਨਤਕ ਇਸ ਲਈ ਨਹੀਂ ਕੀਤਾ ਗਿਆ ਤਾਂ ਜੋ ਦਾਅਵੇਦਾਰਾਂ ਵਿਚ ਅਸੰਤੋਸ਼ ਜਾਂ ਧੜੇਬੰਦੀ ਦਾ ਅਸਰ ਸਿੱਧੇ ਤੌਰ ’ਤੇ 11 ਨਵੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ’ਤੇ ਨਾ ਪਵੇ। ਹਾਈਕਮਾਨ ਨੇ ‘ਟੈਨਸ਼ਨ ਫ੍ਰੀ ਚੋਣ’ ਲਈ ਦੀਵਾਲੀ ਤੋਂ ਪਹਿਲਾਂ ਹੋਣ ਵਾਲੇ ਐਲਾਨ ਨੂੰ ਰੋਕ ਦਿੱਤਾ ਸੀ।

ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ

ਜ਼ਿਕਰਯੋਗ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਸੰਗਠਨ ਸਿਰਜਨ ਮੁਹਿੰਮ ਤਹਿਤ ਜ਼ਿਲ੍ਹਾ ਪੱਧਰ ’ਤੇ ਨਵੇਂ ਸਿਰੇ ਤੋਂ ਸੰਗਠਨ ਨੂੰ ਮਜ਼ਬੂਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ ਹਰ ਜ਼ਿਲ੍ਹੇ ਵਿਚ ਆਬਜ਼ਰਵਰ ਅਤੇ ਸਹਿ-ਆਬਜ਼ਰਵਰ ਨਿਯੁਕਤ ਕੀਤੇ ਗਏ, ਜਿਨ੍ਹਾਂ ਦਾ ਕੰਮ ਸੀ ਸੰਭਾਵਿਤ ਦਾਅਵੇਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਤਜਰਬੇ, ਜਨ ਆਧਾਰ, ਜਾਤੀ ਸਮੀਕਰਨ ਅਤੇ ਸੰਗਠਨਾਤਮਕ ਸਮਰਥਾਵਾਂ ਦੇ ਆਧਾਰ ’ਤੇ ਰਿਪੋਰਟ ਤਿਆਰ ਕਰਨਾ। ਪਹਿਲੇ ਪੜਾਅ ਵਿਚ ਸਹਿ-ਆਬਜ਼ਰਵਰਾਂ ਨੇ ਮੁਲਾਕਾਤਾਂ ਅਤੇ ਚਰਚਾ ਦੇ ਆਧਾਰ ’ਤੇ ਦਾਅਵੇਦਾਰਾਂ ਦੀ ਸੂਚੀ ਨੂੰ ਸ਼ਾਰਟਲਿਸਟ ਕੀਤਾ। ਇਸ ਤੋਂ ਬਾਅਦ ਸੂਚੀ ਨੂੰ ਮੁੱਖ ਆਬਜ਼ਰਵਰ ਦੇ ਹਵਾਲੇ ਕੀਤਾ ਗਿਆ, ਜਿਸ ਨੇ ਜਾਤੀ ਸੰਤੁਲਨ, ਸਮਾਜਿਕ ਸਮੀਕਰਨ ਅਤੇ ਵਿਧਾਨ ਸਭਾ ਹਲਕਿਆਂ ਵਿਚ ਸਰਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ 6 ਦਾਅਵੇਦਾਰਾਂ ਦਾ ਪੈਨਲ ਹਾਈਕਮਾਨ ਨੂੰ ਭੇਜਿਆ।

ਪੁਸ਼ਟ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਅਤੇ ਕਾਂਗਰਸ ਹਾਈਕਮਾਨ ਨੇ ਸਾਰੇ ਜ਼ਿਲ੍ਹਿਆਂ ਤੋਂ ਪ੍ਰਾਪਤ ਪੈਨਲਾਂ ’ਤੇ ਵਿਸਤ੍ਰਿਤ ਚਰਚਾ ਕੀਤੀ ਹੈ। ਕਈ ਥਾਵਾਂ ’ਤੇ ਨੌਜਵਾਨ ਵੋਟਰਾਂ ਨੂੰ ਮੌਕਾ ਦੇਣ ਅਤੇ ਕੁਝ ਥਾਵਾਂ ’ਤੇ ਪੁਰਾਣੇ ਤਜਰਬੇਕਾਰ ਨੇਤਾਵਾਂ ਨੂੰ ਦੋਬਾਰਾ ਜ਼ਿੰਮੇਵਾਰੀ ਸੌਂਪਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਸੂਬੇ ਭਰ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਂ ਫਾਈਨਲ ਕਰ ਲਏ ਗਏ ਹਨ। ਜੋ ਵੀ ਹੋਵੇ, ਹਾਈਕਮਾਨ ਨੇ ਇਸ ਵਾਰ ਜਿਸ ਸਾਵਧਾਨੀ ਨਾਲ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਅਪਣਾਈ ਹੈ, ਉਹ ਸਾਫ਼ ਸੰਕੇਤ ਦਿੰਦੀ ਹੈ ਕਿ ਪਾਰਟੀ ਸੰਗਠਨ ਨੂੰ ਸਿਰਫ਼ ਅਹੁਦੇ ਵੰਡਣ ਦੇ ਨਜ਼ਰੀਏ ਨਾਲ ਨਹੀਂ, ਸਗੋਂ ਭਵਿੱਖ ਦੀ ਚੋਣ ਰਣਨੀਤੀ ਵਜੋਂ ਦੇਖ ਰਹੀ ਹੈ। ਉਪ ਚੋਣ ਦੇ ਮੱਦੇਨਜ਼ਰ ਧੜੇਬੰਦੀ ਨੂੰ ਰੋਕਣਾ ਹਾਈਕਮਾਨ ਦੀ ਸਭ ਤੋਂ ਵੱਡੀ ਪਹਿਲ ਰਹੀ ਅਤੇ ਇਸ ਲਿਹਾਜ ਨਾਲ ਸੂਚੀ ਨੂੰ ਰੋਕੇ ਰੱਖਣਾ ਇਕ ਸਫ਼ਲ ਫ਼ੈਸਲਾ ਸਾਬਿਤ ਹੋਇਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਜ਼ਿਮਨੀ ਚੋਣ ਤੋਂ ਬਾਅਦ ਆਉਣ ਵਾਲੀ ਉਸ ਸੂਚੀ ’ਤੇ ਹੈ, ਜੋ ਅੱਗੇ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਸੰਗਠਨਾਤਮਕ ਦਿਸ਼ਾ ਅਤੇ ਡਿਸਿਪਲਿਨ ਤੈਅ ਕਰੇਗੀ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 11 ਤਾਰੀਖ਼ ਤੱਕ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ

ਨਾਂ ਫਾਈਨਲ ਹੋਣ ਦੇ ਬਾਵਜੂਦ ਸੂਚੀ ਜਾਰੀ ਕਰਨ ’ਚ ਦੇਰੀ ਇਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ
ਕਾਂਗਰਸ ਹਾਈਕਮਾਨ ਨੇ ਇਸ ਸੂਚੀ ਨੂੰ ਜਾਰੀ ਕਰਨ ਵਿਚ ਦੇਰੀ ਇਸ ਲਈ ਕੀਤੀ ਕਿਉਂਕਿ ਜੇਕਰ ਜਿਨ੍ਹਾਂ ਜ਼ਿਲ੍ਹਿਆਂ ਵਿਚ ਨਵੇਂ ਚਿਹਰਿਆਂ ਨੂੰ ਕਮਾਨ ਮਿਲਦੀ, ਉਥੇ ਮੌਜੂਦਾ ਅਹੁਦੇਦਾਰਾਂ ਦੇ ਸਮਰਥਕਾਂ ਵਿਚ ਨਾਰਾਜ਼ਗੀ ਵਧ ਸਕਦੀ ਸੀ। ਇਸ ਨਾਲ ਵਰਕਰਾਂ ਵਿਚ ਅਸਹਿਮਤੀ ਡੂੰਘੀ ਹੁੰਦੀ ਅਤੇ ਚੋਣ ਮਾਹੌਲ ਵਿਚ ਇਸ ਦਾ ਸਿੱਧਾ ਅਸਰ ਤਰਨਤਾਰਨ ਜ਼ਿਮਨੀ ਚੋਣ ’ਤੇ ਪੈਂਦਾ।

ਹਾਈਕਮਾਨ ਨੇ ਇਹ ਵੀ ਸਮਝਿਆ ਕਿ ਦਾਅਵੇਦਾਰ ਜ਼ਿਮਨੀ ਚੋਣ ਦੇ ਪ੍ਰਚਾਰ ਵਿਚ ਸਰਗਰਮ ਰਹਿਣਗੇ ਤਾਂ ਇਸ ਨਾਲ ਪਾਰਟੀ ਨੂੰ ਦੋਹਰਾ ਲਾਭ ਮਿਲੇਗਾ। ਇਕ ਤਾਂ ਸੰਗਠਨ ਮਜ਼ਬੂਤ ਹੋਵੇਗਾ, ਉਥੇ ਹੀ ਮੈਦਾਨ ਵਿਚ ਪਾਰਟੀ ਦੀ ਇਕਜੁੱਟਤਾ ਦਾ ਅਕਸ ਬਣੇਗਾ। ਹਾਈਕਮਾਨ ਦੀ ਚੋਣ ਸਿਆਸਤ ਵਿਚ ਇਹ ਇਕ ਮਹੱਤਵਪੂਰਨ ਰਣਨੀਤੀ ਮੰਨੀ ਜਾ ਰਹੀ ਹੈ ਕਿ ਅਹੁਦੇਦਾਰਾਂ ਦਾ ਐਲਾਨ ਅਜਿਹੇ ਸਮੇਂ ਹੋਵੇ, ਜਦੋਂ ਵਿਰੋਧਾਭਾਸ ਜਾਂ ਅਸੰਤੋਸ਼ ਦਾ ਅਸਰ ਕਿਸੇ ਵੱਡੇ ਚੋਣ ਨਤੀਜੇ ’ਤੇ ਨਾ ਪਵੇ। ਤਰਨਤਾਰਨ ਉਪ ਚੋਣ ਦੇ ਨਤੀਜੇ 14 ਨਵੰਬਰ ਨੂੰ ਸਾਹਮਣੇ ਆਉਣਗੇ। ਇਸ ਤੋਂ ਬਾਅਦ ਕਾਂਗਰਸ ਹਾਈਕਮਾਨ ਜ਼ਿਲਾ ਪ੍ਰਧਾਨਾਂ ਦੀ ਨਵੀਂ ਸੂਚੀ ਦਾ ਐਲਾਨ ਕਰੇਗੀ। ਕਿਹੜਾ ਚਿਹਰਾ ਸੰਗਠਨ ਦੀ ਕਮਾਨ ਸੰਭਾਲੇਗਾ ਅਤੇ ਕਿਸ ਦੀ ਦਾਅਵੇਦਾਰੀ ’ਤੇ ਮੋਹਰ ਲੱਗੇਗੀ, ਇਸ ’ਤੇ ਸਾਰੇ ਦਾਅਵੇਦਾਰਾਂ ਅਤੇ ਵਰਕਰਾਂ ਦੀਆਂ ਨਜ਼ਰਾਂ ਟਿਕੀਆਂ ਹਨ।

ਜਲੰਧਰ ਸ਼ਹਿਰੀ ਕਾਂਗਰਸ ’ਚ 16 ਦਾਅਵੇਦਾਰਾਂ ਨੇ ਜਤਾਈ ਦਾਅਵੇਦਾਰੀ
ਜ਼ਿਲ੍ਹਾ ਕਾਂਗਰਸ ਜਲੰਧਰ ਸ਼ਹਿਰੀ ਵਿਚ ਵੀ ਇਸ ਵਾਰ ਦਾਅਵੇਦਾਰੀ ਦਾ ਮੁਕਾਬਲਾ ਸਖ਼ਤ ਰਿਹਾ। ਕੁੱਲ੍ਹ 16 ਦਾਅਵੇਦਾਰਾਂ ਨੇ ਆਪਣੇ-ਆਪਣੇ ਸਮਰਥਕਾਂ ਅਤੇ ਵਰਕਰਾਂ ਨਾਲ ਮਿਲ ਕੇ ਆਬਜ਼ਰਵਰ ਰਾਜੇਸ਼ ਲਿਲੋਠੀਆ, ਸਹਿ-ਆਬਜ਼ਰਵਰ ਵਿਕਾਸ ਸੋਨੀ, ਟੀਨਾ ਚੌਧਰੀ ਅਤੇ ਸੁੰਦਰ ਸ਼ਾਮ ਅਰੋੜਾ ਸਾਹਮਣੇ ਆਪਣੀ ਦਾਅਵੇਦਾਰੀ ਦਰਜ ਕਰਵਾਈ। ਇਨ੍ਹਾਂ ਦਾਅਵੇਦਾਰਾਂ ਵੱਲੋਂ ਸੰਗਠਨਾਤਮਕ ਮਜ਼ਬੂਤੀ, ਪਾਰਟੀ ਦੀ ਜ਼ਮੀਨੀ ਪਕੜ ਅਤੇ ਆਗਾਮੀ ਲੋਕ ਸਭਾ ਚੋਣਾਂ ਵਿਚ ਪਾਰਟੀ ਲਈ ਮਾਹੌਲ ਬਣਾਉਣ ਦੀ ਸਮਰੱਥਾ ਨੂੰ ਮੁੱਖ ਮੁੱਦਾ ਬਣਾਇਆ ਗਿਆ। ਜ਼ਿਲਾ ਕਾਂਗਰਸ ਸ਼ਹਿਰੀ ਵਿਚ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਰਾਜਿੰਦਰ ਬੇਰੀ, ਸੂਬਾ ਯੂਥ ਕਾਂਗਰਸ ਜਨਰਲ ਸਕੱਤਰ ਦੀਪਕ ਖੋਸਲਾ, ਸੂਬਾ ਕਾਂਗਰਸ ਜਨਰਲ ਸਕੱਤਰ ਮਨੂ ਬੜਿੰਗ, ਆਲ ਇੰਡੀਆ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਅਤੇ ਕੌਂਸਲਰ ਡਾ. ਜਸਲੀਨ ਸੇਠੀ, ਜ਼ਿਲਾ ਕਾਂਗਰਸ ਦੇ ਸੀਨੀਅਰ ਉੱਪ ਪ੍ਰਧਾਨ ਅਤੇ ਕੌਂਸਲਰ ਪਵਨ ਕੁਮਾਰ, ਅਨੂਸੁਚਿਤ ਜਾਤੀ ਨੇਤਾ ਰਾਜ ਕੁਮਾਰ ਰਾਜੂ ਅਤੇ ਰਾਜੇਸ਼ ਭੱਟੀ ਵਿਚ ਪ੍ਰਧਾਨ ਅਹੁਦੇ ਨੂੰ ਲੈ ਕੇ ਸਖ਼ਤ ਮੁਕਾਬਲਾ ਹੈ।

ਜਲੰਧਰ ਜ਼ਿਲ੍ਹਾ ਕਾਂਗਰਸ ਦਿਹਾਤੀ ’ਚ ਕਈ ਦਿੱਗਜਾਂ ਦੀ ਟੱਕਰ
ਜ਼ਿਲ੍ਹਾ ਕਾਂਗਰਸ ਦਿਹਾਤੀ ਵਿਚ ਵੀ ਦਾਅਵੇਦਾਰੀ ਨੂੰ ਲੈ ਕੇ ਮਾਹੌਲ ਬੇਹੱਦ ਸਰਗਰਮ ਰਿਹਾ। ਪ੍ਰਧਾਨ ਅਹੁਦੇ ਦੇ ਪ੍ਰਮੁੱਖ ਅਤੇ ਮਜ਼ਬੂਤ ਦਾਅਵੇਦਾਰਾਂ ਵਿਚ ਮੁੱਖ ਨਾਂ ਮੌਜੂਦਾ ਪ੍ਰਧਾਨ ਅਤੇ ਵਿਧਾਇਕ ਲਾਡੀ ਸ਼ੇਰੋਵਾਲੀਆ, ਸੂਬਾ ਕਾਂਗਰਸ ਦੇ ਬੁਲਾਰੇ ਅਤੇ ਨਕੋਦਰ ਵਿਧਾਨ ਸਭਾ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਹੀਆ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸੀਨੀਅਰ ਉਪ ਪ੍ਰਧਾਨ ਅਤੇ ਨੌਜਵਾਨ ਚਿਹਰੇ ਅਸ਼ਵਨ ਭੱਲਾ, ਫਿਲੌਰ ਹਲਕੇ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਕਰਤਾਰਪੁਰ ਤੋਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਕਰਤਾਰਪੁਰ ਹਲਕਾ ਇੰਚਾਰਜ ਰਾਜਿੰਦਰ ਸਿੰਘ ਦੇ ਨਾਂ ਪ੍ਰਮੁੱਖਤਾ ਨਾਲ ਉਭਰੇ ਹਨ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News