ਚਾਲਕਾਂ ’ਚ ਵਧਦੀ ਅਨੁਸ਼ਾਸਨਹੀਣਤਾ: ਡਿਊਟੀ ਖ਼ਤਮ ਹੋਣ ’ਤੇ ਦਿੱਲੀ ਪਹੁੰਚਾਉਣ ਦੀ ਥਾਂ ਜੈਪੁਰ ਛੱਡ ਗਏ ਯਾਤਰੀ
Saturday, Dec 30, 2023 - 05:23 AM (IST)
ਇਨ੍ਹੀਂ ਦਿਨੀਂ ਜਿਥੇ ਜਹਾਜ਼ਾਂ ’ਚ ਯਾਤਰੀਆਂ ਵੱਲੋਂ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਧਦੇ ਜਾ ਰਹੇ ਹਨ, ਉੱਥੇ ਹੀ ਜਹਾਜ਼ ਚਾਲਕ ਦਲ ਦੇ ਮੈਂਬਰਾਂ ਦੀਆਂ ਮਨਮਰਜ਼ੀਆਂ ਵੀ ਜਾਰੀ ਹਨ। ਇੱਥੋਂ ਤੱਕ ਕਿ ਜਹਾਜ਼ ਚਾਲਕ ‘ਡਿਊਟੀ ਖਤਮ ਹੋ ਜਾਣ ਦੇ ਨਾਂ ’ਤੇ’ ਯਾਤਰੀਆਂ ਨੂੰ ਵਿਚਾਲੇ ਹੀ ਛੱਡ ਕੇ ਜਾਣ ਲੱਗੇ ਹਨ।
27 ਦਸੰਬਰ, 2023 ਨੂੰ ਖਰਾਬ ਮੌਸਮ ਕਾਰਨ ਜੈਪੁਰ ਡਾਇਵਰਟ ਕੀਤੇ ਗਏ ਦਿੱਲੀ ਜਾਣ ਵਾਲੇ 10 ਜਹਾਜ਼ਾਂ ਦੇ ਚਾਲਕ ਦਲ ਦੇ ਮੈਂਬਰਾਂ ਵੱਲੋਂ ਡਿਊਟੀ ਦਾ ਸਮਾਂ ਪੂਰਾ ਹੋ ਜਾਣ ਕਾਰਨ ਜਹਾਜ਼ ’ਚੋਂ ਉਤਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ’ਚੋਂ 5 ਜਹਾਜ਼ ਏਅਰ ਇੰਡੀਆ ਦੇ, 2-2 ਇੰਡੀਗੋ ਤੇ ਅਲਾਇੰਸ ਏਅਰਲਾਈਨਜ਼ ਅਤੇ ਇਕ ਵਿਸਤਾਰਾ ਏਅਰਲਾਈਨਜ਼ ਦਾ ਸੀ।
ਜਦ ਮੌਸਮ ਸਾਫ ਹੋਇਆ ਤਾਂ ਜਹਾਜ਼ਾਂ ਦੇ ਉਡਾਣ ਭਰਨ ਲਈ ਪਾਇਲਟ ਅਤੇ ਸਟਾਫ ਨਹੀਂ ਮਿਲਿਆ। ਇਸ ਕਾਰਨ 800 ਤੋਂ ਵੱਧ ਯਾਤਰੀ ਜੈਪੁਰ ਏਅਰਪੋਰਟ ’ਤੇ ਫਸੇ ਰਹੇ ਅਤੇ ਇਸ ਪੂਰੇ ਘਟਨਾਕ੍ਰਮ ਦੌਰਾਨ ਯਾਤਰੀਆਂ ਨੂੰ ਜਹਾਜ਼ਾਂ ’ਚ ਹੀ ਬਿਠਾਈ ਰੱਖਿਆ ਗਿਆ।
ਕਾਫੀ ਦੇਰ ਉਡੀਕ ਕਰਨ ਪਿੱਛੋਂ ਵੀ ਜਦ ਕੋਈ ਗੱਲ ਨਾ ਬਣੀ ਤਾਂ ਹਵਾਈ ਅੱਡੇ ’ਤੇ ਫਸੇ ਯਾਤਰੀ ਥੱਕ-ਹਾਰ ਕੇ ਆਪਣੇ ਜਹਾਜ਼ਾਂ ’ਚੋਂ ਬਾਹਰ ਨਿਕਲੇ ਅਤੇ ਬੱਸਾਂ ਤੇ ਰੇਲ ਗੱਡੀਆਂ ਰਾਹੀਂ ਦਿੱਲੀ ਲਈ ਰਵਾਨਾ ਹੋਏ।
ਜਹਾਜ਼ ਚਾਲਕਾਂ ਦੀ ਦੇਖਾ-ਦੇਖੀ ਇਹ ਬੀਮਾਰੀ ਹੁਣ ਰੇਲ ਗੱਡੀਆਂ ਦੇ ਚਾਲਕਾਂ ’ਚ ਵੀ ਆ ਰਹੀ ਹੈ ਅਤੇ ਬੀਤੀ 30 ਨਵੰਬਰ, 2023 ਨੂੰ ਨਵੀਂ ਦਿੱਲੀ ਜਾ ਰਹੀ ‘ਸਹਰਸਾ ਐਕਸਪ੍ਰੈੱਸ’ ਦੇ ਚਾਲਕ ਦਲ ਦੇ ਮੈਂਬਰ ਬਾਰਾਬੰਕੀ ਦੇ ਬੁੜਬਲ ਰੇਲਵੇ ਸਟੇਸ਼ਨ ’ਤੇ ਡਿਊਟੀ ਖਤਮ ਹੋਣ ਦੀ ਗੱਲ ਕਹਿ ਕੇ ਗੱਡੀ ਨੂੰ ਸਟੇਸ਼ਨ ’ਤੇ ਖੜ੍ਹੀ ਕਰ ਕੇ ਚਲੇ ਗਏ ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ।
ਜੇ ਇਹ ਮਾੜੀ ਪ੍ਰਥਾ ਜਾਰੀ ਰਹੀ ਤਾਂ ਇਹ ਰੋਗ ਬੱਸ ਚਾਲਕਾਂ ਆਦਿ ’ਚ ਵੀ ਫੈਲ ਸਕਦਾ ਹੈ। ਇਸ ਲਈ ਅਜਿਹੇ ਵਤੀਰੇ ਨਾਲ ਯਾਤਰੀਆਂ ਲਈ ਔਖ ਦਾ ਕਾਰਨ ਬਣਨ ਵਾਲੇ ਸਟਾਫ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।
- ਵਿਜੇ ਕੁਮਾਰ