5 ਸਾਲ ਪਹਿਲਾਂ ਗ੍ਰੀਸ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

Monday, Nov 04, 2024 - 02:39 AM (IST)

5 ਸਾਲ ਪਹਿਲਾਂ ਗ੍ਰੀਸ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

ਸ਼ਾਹਕੋਟ (ਅਰਸ਼ਦੀਪ) - 5 ਸਾਲ ਪਹਿਲਾਂ ਗ੍ਰੀਸ ਗਏ ਸ਼ਾਹਕੋਟ ਦੇ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਸਰਬਜੀਤ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੇ ਦੱਸਿਆ ਕਿ ਉਸ ਦਾ ਭਰਾ ਧਰਮਿੰਦਰ ਸਿੰਘ ਲੱਕੀ (42), ਜੋ ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ, ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ ਹੈ। ਉਸ ਨੂੰ ਇਕ ਨਜ਼ਦੀਕੀ ਪਿੰਡ ਦੇ ਨੌਜਵਾਨ ਨੇ ਵ੍ਹਟਸਐੱਪ ’ਤੇ ਉਸ ਦੇ ਭਰਾ ਧਰਮਿੰਦਰ ਸਿੰਘ ਦੀ ਫੋਟੋ ਭੇਜੀ ਅਤੇ ਉਸ ਦੇ ਭਰਾ ਦੀ ਮੌਤ ਹੋਣ ਬਾਰੇ ਦੱਸਿਆ ਗਿਆ।

ਉਕਤ ਨੌਜਵਾਨ ਨੂੰ ਫੋਨ ਕਰਨ ’ਤੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਗ੍ਰੀਸ ਰਹਿੰਦੇ ਕਿਸੇ ਰਿਸ਼ਤੇਦਾਰ ਨੇ ਇਹ ਫੋਟੋ ਭੇਜੀ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਾਫ਼ੀ ਮੁਸ਼ਕੱਤ ਤੋਂ ਬਾਅਦ ਗ੍ਰੀਸ ’ਚ ਉਸ ਦੇ ਭਰਾ ਦੇ ਨਜ਼ਦੀਕ ਰਹਿੰਦੇ ਹੋਰ ਪੰਜਾਬੀ ਨੌਜਵਾਨਾਂ ਦਾ ਨੰਬਰ ਲੱਭ ਕੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਧਰਮਿੰਦਰ ਸਿੰਘ ਦੀ ਲਾਸ਼ ਸਮੁੰਦਰ ਦੇ ਕਿਨਾਰਿਓਂ ਮਿਲੀ ਹੈ ਅਤੇ ਇਸ ਵੇਲੇ ਲਾਸ਼ ਹਸਪਤਾਲ ਵਿਚ ਹੈ। ਉਸ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਉਸ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਉਸ ਦਾ ਭਰਾ 3 ਦਿਨ ਪਹਿਲਾਂ ਹੀ ਆਪਣਾ ਪੁਰਾਣਾ ਕੰਮ ਛੱਡ ਕੇ ਕਿਤੇ ਹੋਰ ਚਲਾ ਗਿਆ ਸੀ। ਉਸ ਕੋਲ ਉਸ ਦਾ ਬੈੱਗ ਅਤੇ ਪੈਸੇ ਵੀ ਸਨ ਪਰ ਉਸ ਦੇ ਭਰਾ ਦੀ ਲਾਸ਼ ਕੋਲ ਉਸ ਦਾ ਕੋਈ ਵੀ ਸਾਮਾਨ ਨਹੀਂ ਮਿਲਿਆ। ਸਰਬਜੀਤ ਸਿੰਘ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਸ ਦੇ ਭਰਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।

 


author

Inder Prajapati

Content Editor

Related News