ਕੀ ਇਮਰਾਨ ਖਾਨ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਪਾਕਿ ਪ੍ਰਧਾਨ ਮੰਤਰੀ ਬਣਨਗੇ

08/24/2020 1:57:31 AM

ਪਾਕਿਸਤਾਨ ਦੇ ਸਿਆਸੀ ਇਤਿਹਾਸ ਦਾ ਇਹ ਰਿਕਾਰਡ ਹੈ ਕਿ ਉਥੇ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ। (ਨਵਾਜ਼ ਸ਼ਰੀਫ 4 ਸਾਲ 1 ਮਹੀਨਾ ਅਤੇ ਰਜ਼ਾ ਗਿਲਾਨੀ 4 ਸਾਲ 2 ਮਹੀਨੇ)। ਆਜ਼ਾਦੀ ਤੋਂ ਬਾਅਦ ਵਧੇਰੇ ਸਮਾਂ ਉਥੇ ਫੌਜ ਦਾ ਸ਼ਾਸਨ ਰਿਹਾ ਪਰ ਹੋ ਸਕਦਾ ਹੈ ਕਿ ਇਮਰਾਨ ਖਾਨ ਕਾਰਜਕਾਲ ਪੂਰਾ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣ।

ਬੇਸ਼ੱਕ ਹਾਲ ਹੀ ਦੇ ਮਹੀਨਿਅਾਂ ’ਚ ਕਈ ਪਾਕਿਸਤਾਨੀ ਆਬਜ਼ਰਵਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਕਦੇ ਵੀ ਡਿੱਗ ਸਕਦੀ ਹੈ ਪਰ ਹੁਣ ਤੱਕ ਤਾਂ ਅਜਿਹੇ ਖਦਸ਼ੇ ਗਲਤ ਹੀ ਸਾਬਿਤ ਹੋਏ ਹਨ। ਇਮਰਾਨ ਅਸੁਰੱਖਿਅਤ ਹੋ ਸਕਦੇ ਹਨ ਪਰ ਉਨ੍ਹਾਂ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀਅਾਂ ਵਰਗੀ ਉਨ੍ਹਾਂ ਦੀ ਕਿਸਮਤ ਸ਼ਾਇਦ ਨਹੀਂ ਹੈ ਕਿਉਂਕਿ ਜਿਥੇ ਵਿਰੋਧੀ ਧਿਰ ਦੀਅਾਂ ਆਪਣੀਅਾਂ ਹੱਦਾਂ ਹਨ, ਉਥੇ ਇਮਰਾਨ ਦੀਅਾਂ ਕੁਝ ਨਿੱਜੀ ਅਤੇ ਨੀਤੀਗਤ ਸਫਲਤਾਵਾਂ ਤੋਂ ਵੀ ਵੱਧ ਕੇ ਉਨ੍ਹਾਂ ਨੂੰ ਅੱਜ ਵੀ ਫੌਜ ਦਾ ਸਮਰਥਨ ਹਾਸਲ ਹੈ।

ਇਹ ਸੱਚ ਹੈ ਕਿ ਇਮਰਾਨ ਦਬਾਅ ’ਚ ਹਨ। ਜੂਨ ਦੇ ਅਖੀਰ ’ਚ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ’ਚ ਜਾਰੀ ਅੰਦਰੂਨੀ ਖਿੱਚੋਤਾਣ ਦੀ ਪੁਸ਼ਟੀ ਹੋਈ ਤਾਂ ਨਾਲ ਹੀ ਦੋ ਵੱਡੇ ਘਪਲਿਅਾਂ ਦੇ ਖੁਲਾਸੇ ਵੀ ਹੋਏ। ਜੂਨ ’ਚ ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਨੇ ਪ੍ਰਵਾਨ ਕੀਤਾ ਕਿ ਪਾਕਿਸਤਾਨ ’ਚ ਲਗਭਗ 900 ਸਰਗਰਮ ਪਾਇਲਟਾਂ ’ਚੋਂ ਲਗਭਗ ਇਕ ਤਿਹਾਈ (ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਕਈ ਪਾਇਲਟਾਂ ਸਮੇਤ) ਦੇ ਕੋਲ ਨਕਲੀ ਲਾਇਸੈਂਸ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਦੁਨੀਆ ਭਰ ’ਚ ਜਗ-ਹਸਾਈ ਹੋਈ। ਉਧਰ ਸੰਘੀ ਜਾਂਚ ਏਜੰਸੀ ਨੇ ਇਕ ਰਿਪੋਰਟ ’ਚ ਦੋਸ਼ ਲਗਾਇਆ ਕਿ ਸੱਤਾਧਾਰੀ ਗਠਜੋੜ ਦੇ ਕਈ ਨੇਤਾਵਾਂ ਦੀ ਮਾਲਕੀ ਵਾਲੀਆਂ ਖੰਡ ਮਿੱਲਾਂ ਨੇ ਭ੍ਰਿਸ਼ਟਾਚਾਰ ਅਤੇ ਧੋਖਾਦੇਹੀ ਦਾ ਸਹਾਰਾ ਲਿਆ ਸੀ। ਖੁਦ ਨੂੰ ਭ੍ਰਿਸ਼ਟਾਚਾਰ ਵਿਰੋਧੀ ਯੋਧੇ ਦੇ ਰੂਪ ’ਚ ਪੇਸ਼ ਕਰਨ ਵਾਲੇ ਇਮਰਾਨ ਲਈ ਇਹ ਬਹੁਤ ਵੱਡਾ ਸੰਕਟ ਹੈ।

ਇਹ ਸਭ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਅਤੇ ਪਾਕਿਸਤਾਨ ’ਚ ਜਾਰੀ ਗੰਭੀਰ ਆਰਥਿਕ ਸੰਕਟ ਦੇ ਦਰਮਿਆਨ ਹੋ ਰਿਹਾ ਹੈ। ਹਾਲਤ ਇਹ ਹੈ ਕਿ ਕਈ ਕੱਟੜ ਪੀ. ਟੀ. ਆਈ. ਸਮਰਥਕ ਵੀ ਇਮਰਾਨ ਨੂੰ ਆਰਥਿਕ ਸੰਕਟ ਨਾਲ ਨਜਿੱਠਣ ’ਚ ‘ਅਸਮਰੱਥ’ ਕਹਿ ਚੁੱਕੇ ਹਨ।

ਪੀ. ਟੀ. ਆਈ. ਆਪਣੀਆਂ ਸਹਿਯੋਗੀ ਪਾਰਟੀਅਾਂ ਨੂੰ ਵੀ ਗੁਆ ਰਿਹਾ ਹੈ। ਜੂਨ ’ਚ ਇਕ ਪ੍ਰਮੁੱਖ ਗਠਜੋੜ ਸਹਿਯੋਗੀ ਵੱਖਰਾ ਹੋ ਗਿਆ ਤਾਂ ਗਠਜੋੜ ਦੇ ਅੰਦਰ ਤਣਾਅ ਨੂੰ ਖਤਮ ਕਰਨ ਲਈ ਇਮਰਾਨ ਵਲੋਂ ਆਯੋਜਿਤ ਰਾਤ ਦੇ ਭੋਜਨ ’ਚ ਹਿੱਸਾ ਲੈਣ ਤੋਂ ਇਕ ਹੋਰ ਸਹਿਯੋਗੀ ਪਾਰਟੀ ਨੇ ਇਨਕਾਰ ਕਰ ਦਿੱਤਾ।

ਇਮਰਾਨ ਦੀ ਪ੍ਰਸਿੱਧੀ ਘੱਟ ਹੋ ਚੁੱਕੀ ਹੈ ਅਤੇ ਉਹ ਕਈ ਤਰ੍ਹਾਂ ਦੇ ਸੰਕਟ ’ਚ ਘਿਰੇ ਹੋਣ, ਬਾਵਜੂਦ ਇਸ ਦੇ ਉਨ੍ਹਾਂ ਨੂੰ ਸੱਤਾ ਤੋਂ ਹਟਾਏ ਜਾਣ ਦੀਅਾਂ ਸੰਭਾਵਨਾਵਾਂ ਨਾਮਾਤਰ ਹੀ ਨਜ਼ਰ ਆਉਂਦੀਅਾਂ ਹਨ।

ਇਸ ਦੇ ਕਈ ਕਾਰਨ ਹਨ। ਇਮਰਾਨ ਕਮਜ਼ੋਰ ਪਏ ਹਨ ਤਾਂ ਵਿਰੋਧੀ ਧਿਰ ਵੀ ਮਜ਼ਬੂਤ ਨਹੀਂ ਹੈ, ਦੋ ਮੁੱਖ ਵਿਰੋਧੀ ਪਾਰਟੀਅਾਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ. ਐੱਨ.) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਦਰਮਿਆਨ ਤਣਾਅ ਹੈ ਅਤੇ ਉਹ ਆਪਣੇ ਨੇਤਾਵਾਂ ਦੇ ਵੀ ਘਪਲਿਅਾਂ ’ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਕੋਈ ਵੱਡਾ ਵਿਰੋਧ ਸ਼ੁਰੂ ਕਰਨ ’ਚ ਅਸਮਰੱਥ ਨਜ਼ਰ ਆਉਂਦੇ ਹਨ।

ਇਮਰਾਨ ਦੀਅਾਂ ਕੁਝ ਕੁ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਨੂੰ ਲੈ ਕੇ ਹਾਲੀਆ ਰਿਪੋਰਟਾਂ ਦੇ ਅਨੁਸਾਰ ਇਸ ਦੇ ਪ੍ਰਸਾਰ ’ਚ ਕਮੀ ਆਈ ਹੈ ਅਤੇ ਬਿਲ ਗੇਟਸ ਅਤੇ ਸੰਯੁਕਤ ਰਾਸ਼ਟਰ ਅਧਿਕਾਰੀ ਮਹਾਮਾਰੀ ’ਤੇ ਕੰਟਰੋਲ ਲਈ ਪਾਕਿਸਤਾਨ ਦੇ ਯਤਨਾਂ ਦੀ ਸ਼ਲਾਘਾ ਕਰ ਰਹੇ ਹਨ।

ਸਭ ਤੋਂ ਵੱਡੀ ਗੱਲ ਕਿ ਫੌਜ ਲਈ ਅੱਜ ਵੀ ਇਮਰਾਨ ਹੀ ਸਭ ਤੋਂ ਸੁਰੱਖਿਅਤ ‘ਦਾਅ’ ਹਨ, ਜਿਨ੍ਹਾਂ ਦੀ ਥਾਂ ਲੈਣ ਵਾਲਾ ਕੋਈ ਹੋਰ ਨਜ਼ਰ ਵੀ ਨਹੀਂ ਆ ਰਿਹਾ।


Bharat Thapa

Content Editor

Related News