ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਚ ਮਈ ਦੇ ਪਹਿਲੇ ਹਫਤੇ ’ਚ ਸ਼ੁਰੂ ਕਰਨਗੇ ‘ਆਪ’ ਦੀ ਚੋਣ ਮੁਹਿੰਮ

03/31/2024 8:52:09 AM

ਜਲੰਧਰ, (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ’ਚ ਮਈ ਦੇ ਪਹਿਲੇ ਹਫਤੇ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਨਗੇ। ਪੰਜਾਬ ’ਚ 13 ਲੋਕ ਸਭਾ ਸੀਟਾਂ ਲਈ ਵੋਟਾਂ 1 ਜੂਨ ਨੂੰ ਪੈਣੀਆਂ ਹਨ। ਅਜੇ ਇਸ ’ਚ 2 ਮਹੀਨਿਆਂ ਦਾ ਸਮਾਂ ਬਾਕੀ ਹੈ। ਮੁੱਖ ਮੰਤਰੀ ਇੰਨੀ ਜਲਦੀ ਚੋਣ ਮੁਹਿੰਮ ਨੂੰ ਫਿਲਹਾਲ ਤੇਜ਼ੀ ਦੇਣ ਦੇ ਪੱਖ ’ਚ ਨਹੀਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ ਆਗੂਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਫਿਲਹਾਲ ਅਪ੍ਰੈਲ ’ਚ ਆਪਣਾ ਧਿਆਨ ਗੁਜਰਾਤ, ਗੋਆ, ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ਵੱਲ ਕੇਂਦ੍ਰਿਤ ਕਰਨਗੇ, ਜਿੱਥੇ ਪੰਜਾਬ ਨਾਲੋਂ ਪਹਿਲਾਂ ਚੋਣਾਂ ਹੋਣੀਆਂ ਹਨ।

ਮੁੱਖ ਮੰਤਰੀ ਵੱਲੋਂ ਦਿੱਲੀ ਰੈਲੀ ਤੋਂ ਬਾਅਦ ਆਪਣੇ ਸਾਥੀ ਮੰਤਰੀਆਂ, ਵਿਧਾਇਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਚੋਣਾਂ ਲਈ ਜ਼ਰੂਰੀ ਟਿਪਸ ਦਿੱਤੇ ਜਾਣਗੇ। ਉਹ ਆਪਣੇ ਖੇਤਰਾਂ ਦੀਆਂ ਅਹਿਮ ਸੰਸਥਾਵਾਂ ਨਾਲ ਸਿੱਧੇ ਤੌਰ ’ਤੇ ਰੂ-ਬ-ਰੂ ਹੁੰਦੇ ਰਹੇ। ਇਸ ਲਈ ਉਨ੍ਹਾਂ ਨੇ ਘੱਟੋ-ਘੱਟ ਇਕ ਮਹੀਨੇ ਦਾ ਸਮਾਂ ਕੱਢਣਾ ਹੈ ਅਤੇ ਉਸ ਤੋਂ ਬਾਅਦ ਮਈ ਦੇ ਸ਼ੁਰੂ ਤੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਚੋਣ ਮੁਹਿੰਮ ’ਚ ਕੁੱਦ ਪੈਣਗੇ ਅਤੇ ਉਨ੍ਹਾਂ ਦੇ ਹੱਥਾਂ ’ਚ ਸਾਰੀ ਵਾਗਡੋਰ ਰਹੇਗੀ। ਮੁੱਖ ਮੰਤਰੀ ਨੇ ਅਜੇ ਪਾਰਟੀ ਦੇ ਕਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰਨਾ ਹੈ। ਇਨ੍ਹਾਂ ਸੀਟਾਂ ’ਤੇ ਉਮੀਦਵਾਰ ਇਸ ਲਈ ਐਲਾਨੇ ਨਹੀਂ ਗਏ ਕਿਉਂਕਿ ਮੁੱਖ ਮੰਤਰੀ ਮਜ਼ਬੂਤ ਉਮੀਦਵਾਰਾਂ ਵੱਲ ਦੇਖ ਰਹੇ ਹਨ। ਇਹ ਉਮੀਦਵਾਰ ਭਾਵੇਂ ਆਮ ਆਦਮੀ ਪਾਰਟੀ ਦੇ ਅੰਦਰੋਂ ਹੋਣ ਜਾਂ ਫਿਰ ਹੋਰ ਪਾਰਟੀਆਂ ਨਾਲ ਸਬੰਧ ਰੱਖਦੇ ਹੋਣ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਜਲਦ ਸ਼ੁਰੂ ਹੋਵੇਗਾ H-1B ਵੀਜ਼ਾ ਲਈ ਲਾਟਰੀ ਸਿਸਟਮ, ਭਾਰਤੀਆਂ ਨੂੰ ਮਿਲੇਗਾ ਫ਼ਾਇਦਾ

ਮੁੱਖ ਮੰਤਰੀ ਦਾ ਯਤਨ ਹੈ ਕਿ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇ ਅਤੇ ਉਨ੍ਹਾਂ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇ , ਜੋ ਜਿੱਤ ਹਾਸਲ ਕਰਨ ਦੀ ਸਥਿਤੀ ’ਚ ਹੋਣ। ਭਗਵੰਤ ਮਾਨ ਦਾ ਯਤਨ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਿਵੰਦ ਕੇਜਰੀਵਾਲ ਦੇ ਜੇਲ ਜਾਣ ਪਿੱਛੋਂ ਗੁਜਰਾਤ, ਗੋਆ, ਦਿੱਲੀ ਤੇ ਹੋਰ ਸੂਬਿਆਂ ’ਚ ਉਹ ਪਾਰਟੀ ਵੱਲੋਂ ਚੋਣ ਪ੍ਰਚਾਰ ਕਰਨ। ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ ’ਚ ‘ਆਪ’ ਉਮੀਦਵਾਰਾਂ ਵੱਲੋਂ ਭਗਵੰਤ ਮਾਨ ਨੂੰ ਸੱਦਣ ਦੀ ਮੰਗ ਲਗਾਤਾਰ ਆ ਰਹੀ ਹੈ। ਹੋਰ ਸੂਬਿਆਂ ’ਚ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਗੱਠਜੋੜ ਚੱਲ ਰਿਹਾ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਇਕੱਲੇ ਆਪਣੇ ਦਮ ’ਤੇ ਚੋਣਾਂ ਲੜ ਰਹੀ ਹੈ।

ਆਮ ਆਦਮੀ ਪਾਰਟੀ ਦੇ ਪ੍ਰਮੁੱਖ ਸਟਾਰ ਪਚਾਰਕ ਹੁਣ ਸਿਰਫ ਭਗਵੰਤ ਮਾਨ ਰਹਿ ਗਏ ਹਨ ਕਿਉਂਕਿ ਪਹਿਲਾਂ ਤਾਂ ਹੋਰ ਸੂਬਿਆਂ ’ਚ ਸਟਾਰ ਪ੍ਰਚਾਰਕ ਦੇ ਤੌਰ ’ਤੇ ਅਰਵਿੰਦ ਕੇਜਰੀਵਾਲ ਜਾਂਦੇ ਸੀ। ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਇਹ ਜ਼ਿੰਮੇਵਾਰੀ ਭਗਵੰਤ ਮਾਨ ਨੂੰ ਨਿਭਾਉਣੀ ਪੈਣੀ ਹੈ। ਪੰਜਾਬ ’ਚ ਵੀ ‘ਆਪ’ ਸਾਰੀਆਂ ਸੀਟਾਂ ’ਤੇ ਚੋਣ ਲੜ ਰਹੀ ਹੈ, ਇਸ ਲਈ ਮੁੱਖ ਮੰਤਰੀ ਨੂੰ ਸੂਬੇ ’ਚ ‘ਆਪ’ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਵਾਗਡੋਰ ਮਈ ਦੇ ਸ਼ੁਰੂ ’ਚ ਸੰਭਾਲਣੀ ਪਵੇਗੀ ਅਤੇ ਉਨ੍ਹਾਂ ਨੂੰ ਹਰੇਕ ਸੀਟ ’ਤੇ 3 ਤੋਂ 4 ਦਿਨ ਦੇਣੇ ਪੈਣਗੇ। ਮੁੱਖ ਮੰਤਰੀ ਦੀ ਕੰਪੇਨ ਦੀ ਵਿਸਥਾਰਤ ਰੂਪ-ਰੇਖਾ ਆਉਣ ਵਾਲੇ ਸਮੇਂ ’ਚ ਤਿਆਰ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News