ਦੇਸ਼ ’ਚ ਚੱਲ ਰਹੀ ਬਲਾਤਕਾਰਾਂ ਦੀ ਹਨੇਰੀ, ਰਾਹਤ ਦਿਵਾ ਸਕਦੀਆਂ ਨੇ ਫਾਸਟ ਟਰੈਕ ਅਦਾਲਤਾਂ

05/15/2019 6:27:31 AM

ਸਰਕਾਰ ਵਲੋਂ ਔਰਤਾਂ ਵਿਰੁੱਧ ਅਪਰਾਧਾਂ ’ਚ ਕਮੀ ਆਉਣ ਦੇ ਕੀਤੇ ਦਾਅਵਿਆਂ ਦੇ ਬਾਵਜੂਦ ਇਹ ਲਗਾਤਾਰ ਜਾਰੀ ਹਨ। ਅਪਰਾਧੀ ਇਸ ਹੱਦ ਤਕ ਇਨਸਾਨੀਅਤ ਤੋਂ ਡਿੱਗ ਚੁੱਕੇ ਹਨ ਕਿ ਹੁਣ ਤਾਂ ਦੁੱਧ ਪੀਂਦੀਆਂ ਬੱਚੀਆਂ ਵੀ ਵੱਡੀ ਗਿਣਤੀ ’ਚ ਇਨ੍ਹਾਂ ਦਾ ਸ਼ਿਕਾਰ ਹੋ ਰਹੀਆਂ ਹਨ। ਸਥਿਤੀ ਕਿੰਨੀ ਚਿੰਤਾਜਨਕ ਹੋ ਚੁੱਕੀ ਹੈ, ਇਹ ਸਿਰਫ ਦੋ ਹਫਤਿਆਂ ਦੀਆਂ ਹੇਠਾਂ ਦਿੱਤੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 2 ਮਈ ਨੂੰ ਰਾਜਸਥਾਨ ਦੇ ਅਲਵਰ ’ਚ ਇਕ ਦਲਿਤ ਮੁਟਿਆਰ ਨਾਲ ਸਮੂਹਿਕ ਬਲਾਤਕਾਰ ਨੂੰ ਲੈ ਕੇ ਦਲਿਤ ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਫਾਸਟ ਟਰੈਕ ਕੋਰਟ ਬਣਾ ਕੇ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

* 5 ਮਈ ਨੂੰ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਦੇ ਇਕ ਪਿੰਡ ’ਚ ਜ਼ਮਾਨਤ ’ਤੇ ਆਏ ਬਲਾਤਕਾਰ ਦੇ ਦੋਸ਼ੀ ਨੇ ਇਕ ਨਾਬਾਲਗਾ ਦੀ ਇੱਜ਼ਤ ਲੁੱਟ ਲਈ।

* 5 ਮਈ ਨੂੰ ਹੀ ਨਾਗਪੁਰ ’ਚ ਗੁਆਂਢੀ ਨੇ 4 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ।

* 7 ਮਈ ਨੂੰ ਰਾਜਸਥਾਨ ਦੇ ਕਠੁਮਰ ’ਚ ਸਥਿਤ ਸਰਕਾਰੀ ਹਸਪਤਾਲ ਦੇ ਲੇਬਰ ਰੂਮ ’ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

* 7 ਮਈ ਨੂੰ ਹੀ ਰਾਜਸਥਾਨ ਦੇ ਫਤਿਹਪੁਰ ’ਚ ਰੰਗ-ਰੋਗਨ ਕਰਨ ਵਾਲੇ 2 ਮਜ਼ਦੂਰਾਂ ਅਤੇ ਇਕ ਹੋਰ ਦੋਸ਼ੀ ਨੇ ਮਿਲ ਕੇ ਇਕ ਔਰਤ ਨਾਲ ਗੈਂਗਰੇਪ ਕੀਤਾ।

* 8 ਮਈ ਨੂੰ ਕਸ਼ਮੀਰ ’ਚ ਸੁੰਭਲ ਦੇ ਮਲਿਕਪੁਰਾ ’ਚ ਇਕ ਨੌਜਵਾਨ ਵਲੋਂ 3 ਸਾਲਾ ਮਾਸੂਮ ਨਾਲ ਬਲਾਤਕਾਰ ਨੂੰ ਲੈ ਕੇ ਕਸ਼ਮੀਰ ਵਾਦੀ ’ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਜਗ੍ਹਾ-ਜਗ੍ਹਾ ਵਿਖਾਵਾਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਈਆਂ ਝੜਪਾਂ ’ਚ 50 ਜਵਾਨਾਂ ਸਮੇਤ 100 ਤੋਂ ਵੱਧ ਲੋਕ ਜ਼ਖਮੀ ਹੋ ਗਏ।

* 9 ਮਈ ਨੂੰ ਗੁਰੂਗ੍ਰਾਮ ਦੇ ਇਕ ਪਿੰਡ ’ਚ ਇਕ 21 ਸਾਲਾ ਮਜ਼ਦੂਰ ਨੂੰ ਇਕ ਪੰਜ ਸਾਲਾ ਬੱਚੀ ਨਾਲ ਅਸ਼ਲੀਲ ਛੇੜਖਾਨੀ ਕਰਨ ਦੇ ਦੋਸ਼ ’ਚ ਫੜਿਆ ਗਿਆ।

* 13 ਮਈ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਹਾਪੁੜ ’ਚ ਪੁਲਸ ਦੀ ਲਾਪਰਵਾਹੀ ਕਾਰਣ ਇਕ ਮੁਟਿਆਰ ਨੂੰ 10,000 ਰੁਪਏ ’ਚ ਵੇਚਣ ਅਤੇ ਉਸ ਨਾਲ ਗੈਂਗਰੇਪ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

* 13 ਮਈ ਨੂੰ ਹੀ ਪੰਚਕੂਲਾ ਦੇ ਸੈਕਟਰ-14 ’ਚ ਕੰਜਕ ਪੂਜਨ ਦੇ ਬਹਾਨੇ ਲਿਜਾ ਕੇ 5 ਸਾਲ ਦੀ ਮਾਸੂਮ ਬੱਚੀ ਦੀ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

* 13 ਮਈ ਨੂੰ ਹੀ ਨਾਭਾ ਦੇ ਚੌਧਰੀ ਮਾਜਰਾ ਪੁਲੀ ’ਚ ਇਕ 17 ਸਾਲਾ ਨਾਬਾਲਗਾ ਨੂੰ ਬੇਹੋਸ਼ ਕਰਨ ਤੋਂ ਬਾਅਦ ਇਕ ਵੈਦ ਨੇ ਉਸ ਨਾਲ ਬਲਾਤਕਾਰ ਕੀਤਾ।

* 14 ਮਈ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਇਕ ਵਿਅਕਤੀ ਨੇ ਮਦਦ ਕਰਨ ਦੇ ਬਹਾਨੇ ਇਕ 37 ਸਾਲਾ ਔਰਤ ਨਾਲ ਬਲਾਤਕਾਰ ਕੀਤਾ।

ਰੋਜ਼ਾਨਾ ਵੱਡੀ ਗਿਣਤੀ ’ਚ ਸਾਹਮਣੇ ਆ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਨਾਰੀ ਜਾਤੀ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ ਜੇਕਰ ਫਾਸਟ ਟਰੈਕ ਅਦਾਲਤਾਂ ਬਣਾ ਕੇ ਤੇਜ਼ੀ ਨਾਲ ਬਲਾਤਕਾਰ ਦੇ ਮਾਮਲਿਆਂ ਦਾ ਨਿਪਟਾਰਾ ਕਰ ਕੇ ਅਪਰਾਧੀਆਂ ਨੂੰ ਸਖਤ ਸਜ਼ਾ ਦਿੱਤੀ ਜਾਣ ਲੱਗੇ ਤਾਂ ਔਰਤਾਂ ਵਿਰੁੱਧ ਅਪਰਾਧਾਂ ’ਚ ਕੁਝ ਕਮੀ ਜ਼ਰੂਰ ਆ ਸਕਦੀ ਹੈ।

–ਵਿਜੇ ਕੁਮਾਰ


Bharat Thapa

Content Editor

Related News