PGI ਦੀ OPD 'ਚ ਆਉਣ ਵਾਲੇ ਮਰੀਜ਼ਾਂ ਲਈ ਵੱਡੀ ਰਾਹਤ, ਪੜ੍ਹੋ ਕੀ ਹੈ ਪੂਰੀ ਖ਼ਬਰ

05/16/2024 11:33:51 AM

ਚੰਡੀਗੜ੍ਹ (ਪਾਲ) : ਓ. ਪੀ. ਡੀ. ’ਚ ਆਉਣ ਵਾਲੇ ਮਰੀਜ਼ਾਂ ਨੂੰ ਪੀ. ਜੀ. ਆਈ. ਨੇ ਵੱਡੀ ਸਹੂਲਤ ਦਿੱਤੀ ਹੈ। ਅਸਲ ’ਚ ਓ. ਪੀ. ਡੀ. ’ਚ ਭੀੜ ਹੋਣ ਕਾਰਨ ਡਾਕਟਰ ਮਰੀਜ਼ਾਂ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੇ, ਜਦਕਿ ਕਈ ਮਰੀਜ਼ਾਂ ਨੂੰ ਵਧੇਰੇ ਡੂੰਘਾਈ ਨਾਲ ਜਾਂਚ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ’ਚ ਮਰੀਜ਼ ਦਾ ਇਲਾਜ ਲੰਬਾ ਚੱਲਦਾ ਹੈ ਅਤੇ ਡਾਕਟਰ ਨੂੰ ਬਿਮਾਰੀ ਦੀ ਜੜ੍ਹ ਤੱਕ ਪਹੁੰਚਣ ’ਚ ਸਮਾਂ ਲੱਗ ਜਾਂਦਾ ਹੈ। ਇਸ ਨੂੰ ਮੁੱਖ ਰੱਖਦਿਆਂ ਕੁੱਝ ਵਿਭਾਗਾਂ ਨੇ ਵੱਖਰੇ ਸਪੈਸ਼ਲ ਕਲੀਨਿਕ ਸ਼ੁਰੂ ਕੀਤੇ ਹਨ, ਜਿੱਥੇ ਸਿਰਫ਼ ਵਿਸ਼ੇਸ਼ ਬਿਮਾਰੀ ਤੋਂ ਪੀੜਤ ਮਰੀਜ਼ ਸਬੰਧਿਤ ਵਿਭਾਗ ਤੋਂ ਰੈਫ਼ਰ ਹੋ ਕੇ ਆਉਂਦੇ ਹਨ। ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੀ. ਜੀ. ਆਈ. ਨੇ 2 ਮਹੀਨਿਆਂ ’ਚ 2 ਵੱਖਰੇ ਕਲੀਨਿਕ ਖੋਲ੍ਹੇ ਹਨ। ਇਸ ’ਚ ਜਨਰਲ ਸਰਜਰੀ ਵਿਭਾਗ ਦੇ ਐਂਡੋਕ੍ਰਾਈਨ ਤੇ ਬ੍ਰੈਸਟ ਸਰਜਰੀ ਕਲੀਨਿਕ ਦੀ ਸ਼ੁਰੂਆਤ ਤੇ ਜਿਗਰ ਦੇ ਮਰੀਜ਼ਾਂ ਲਈ ਮੈਟਾਬੋਲਿਕ ਕਲੀਨਿਕ ਸ਼ਾਮਲ ਹੈ। ਐਂਡੋਕ੍ਰਾਈਨੋਲੋਜੀ ਅਤੇ ਹੈਪੇਟੋਲੋਜੀ ਦੋਵਾਂ ਹੀ ਵਿਭਾਗਾਂ ’ਚ ਮਰੀਜ਼ਾਂ ਦੀ ਗਿਣਤੀ ਹੋਰ ਕਈ ਵਿਭਾਗਾਂ ਨਾਲੋਂ ਜ਼ਿਆਦਾ ਹੈ। ਐਂਡੋਕ੍ਰਾਈਨੋਲੋਜੀ ਵਿਭਾਗ ਦੀ ਡਾ. ਰਮਾ ਵਾਲੀਆ ਅਨੁਸਾਰ ਵਿਭਾਗ ’ਚ ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਗਈ ਹੈ। ਕਿਸੇ ਇਕ ਬਿਮਾਰੀ ਨਾਲ ਸਬੰਧਿਤ ਮਰੀਜ਼ ਸਾਡੇ ਕੋਲ ਨਹੀਂ ਆਉਂਦੇ। ਐਂਡੋਕ੍ਰਾਈਨੋਲੋਜੀ ’ਚ ਹਾਰਮੋਨਸ ਨਾਲ ਸਬੰਧਿਤ ਮਰੀਜ਼ ਜ਼ਿਆਦਾ ਹੁੰਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਰਦਨਾਕ ਘਟਨਾ : ਖੇਡਦੇ ਹੋਏ ਪਾਣੀ ਨਾਲ ਭਰੀ ਬਾਲਟੀ 'ਚ ਡੁੱਬੀ ਡੇਢ ਸਾਲ ਦੀ ਬੱਚੀ, ਮੌਤ (ਵੀਡੀਓ)
ਮਰੀਜ਼ਾਂ ਨੂੰ ਲਾਈਨਾਂ ’ਚ ਲੱਗ ਨਹੀਂ ਖਾਣੇ ਪੈਣਗੇ ਧੱਕੇ
ਪੀ. ਜੀ. ਆਈ. ਡਾਇਰੈਕਟਰ ਕਈ ਮੌਕਿਆਂ ’ਤੇ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਮਰੀਜ਼ਾਂ ਲਈ ਅਜਿਹੀਆਂ ਸੁਵਿਧਾਵਾਂ ਸ਼ੁਰੂ ਕੀਤੀਆਂ ਜਾਣ, ਜਿਨ੍ਹਾਂ ਦੀ ਮਦਦ ਨਾਲ ਨਾ ਸਿਰਫ਼ ਉਨ੍ਹਾਂ ਦਾ ਵਧੀਆ ਇਲਾਜ ਹੋ ਸਕੇ, ਸਗੋਂ ਉਨ੍ਹਾਂ ਦਾ ਸਮਾਂ ਵੀ ਬਚੇ। ਪ੍ਰਸ਼ਾਸਨ ਮੁਤਾਬਕ ਜਿਨ੍ਹਾਂ ਵਿਭਾਗਾਂ ’ਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ਤੇ ਕਿਸੇ ਖ਼ਾਸ ਬਿਮਾਰੀ ਨੂੰ ਲੈ ਕੇ ਜਿਸ ’ਚ ਜ਼ਿਆਦਾ ਸਮਾਂ ਲੱਗਦਾ ਹੈ, ਉਨ੍ਹਾਂ ਲਈ ਵੱਖਰੀ ਸਹੂਲਤ ਸ਼ੁਰੂ ਕਰਨ ਦੀ ਯੋਜਨਾ ਹੈ। ਸਪੈਸ਼ਲ ਕਲੀਨਿਕਾਂ ਦੀ ਰਜਿਸਟ੍ਰੇਸ਼ਨ ਵੱਖਰੀ ਹੋਣ ਕਾਰਨ ਉਨ੍ਹਾਂ ਦੀ ਓ. ਪੀ. ਡੀ. ਵੀ ਵੱਖ-ਵੱਖ ਸਮਿਆਂ ’ਤੇ ਵੀ ਚੱਲਦੀ ਹੈ। ਅਜਿਹੇ ’ਚ ਇਨ੍ਹਾਂ ਮਰੀਜ਼ਾਂ ਨੂੰ ਦੂਜੇ ਮਰੀਜ਼ਾਂ ਦੇ ਨਾਲ ਲਾਈਨ ’ਚ ਨਹੀਂ ਲੱਗਣਾ ਪੈਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਮਿਡ-ਡੇਅ-ਮੀਲ ਤੇ ਆਸ਼ਾ ਵਰਕਰਾਂ ਦੇਣ ਧਿਆਨ, ਮਾਣ-ਭੱਤੇ ਨੂੰ ਲੈ ਕੇ ਆਈ ਅਹਿਮ ਖ਼ਬਰ
ਇਕ ਛੱਤ ਹੇਠ ਦੇਖ-ਭਾਲ ਪ੍ਰਦਾਨ ਕਰਨਾ
ਪੀ. ਜੀ. ਆਈ. ਹੈਪੇਟੋਲੋਜੀ ਵਿਭਾਗ ਨੇ ਐਂਡੋਕਰੀਨੋਲੋਜੀ ਤੇ ਡਾਇਟੈਟਿਕਸ ਵਿਭਾਗ ਦੇ ਸਹਿਯੋਗ ਨਾਲ ਸੋਮਵਾਰ ਤੇ ਸ਼ੁੱਕਰਵਾਰ ਨੂੰ ਨਿਊ ਓ. ਪੀ. ਡੀ. ਕੰਪਲੈਕਸ ’ਚ ਬਣੇ ਲਿਵਰ ਕਲੀਨਿਕ ’ਚ ਆਉਣ ਵਾਲੇ ਮਰੀਜ਼ਾਂ ਲਈ ਨਵੀਂ ਸੇਵਾ ਪਿਛਲੇ ਮਹੀਨੇ ਸ਼ੁਰੂ ਕੀਤੀ ਗਈ ਸੀ। ਵਿਭਾਗ ਦੇ ਮੁਖੀ ਡਾ. ਦੁਸੇਜਾ ਅਨੁਸਾਰ ਇੱਥੇ ਮੈਟਾਬੋਲਿਕ ਕਲੀਨਿਕ ਸ਼ੁਰੂ ਕਰਨ ਦਾ ਮਕਸਦ ਜਿਗਰ ਦੀ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਨੂੰ ਇਕ ਛੱਤ ਹੇਠਾਂ ਦੇਖ-ਭਾਲ ਪ੍ਰਦਾਨ ਕਰਨਾ ਹੈ, ਜਿਨ੍ਹਾਂ ’ਚੋਂ ਕਈਆਂ ’ਚ ਵੱਧ ਭਾਰ, ਮੋਟਾਪਾ, ਸ਼ੂਗਰ, ਹਾਈਪਰਟੈਨਸ਼ਨ ਤੇ ਡਿਸਲਿਪੀਡੇਮੀਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ। ਜਦਕਿ ਐਂਡੋਕ੍ਰਾਈਨ ਤੇ ਬ੍ਰੈਸਟ ਸਰਜਰੀ ਕਲੀਨਿਕ ਹਫ਼ਤੇ ’ਚ ਦੋ ਵਾਰ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਚੱਲ ਰਿਹਾ ਹੈ। ਕਲੀਨਿਕ ਲਈ ਰਜਿਸਟ੍ਰੇਸ਼ਨ ਦਾ ਸਮਾਂ ਦੁਪਹਿਰ 12 ਤੋਂ ਦੁਪਹਿਰ 1 ਵਜੇ ਤੱਕ ਹੈ। ਇਹ ਪਹਿਲ ਕਦਮੀ ਥਾਇਰਾਇਡ, ਪੈਰਾਥਾਈਰਾਇਡ, ਐਡ੍ਰੇਨਲ, ਨਿਊਰੋਐਂਡੋਕ੍ਰਾਈਨ ਅਤੇ ਛਾਤੀ ਦੇ ਵਿਕਾਰਾਂ ਨਾਲ ਸਬੰਧਿਤ ਵਿਸ਼ੇਸ਼ ਇਲਾਜਾਂ ਦੀ ਵੱਧ ਰਹੀ ਮੰਗ ਨੂੰ ਲੈ ਕੇ ਕੀਤਾ ਗਿਆ ਹੈ। ਕਲੀਨਿਕ ਡਾਇਬਿਟਿਕ ਫੁਟ ਤੋਂ ਪੀੜਤ ਮਰੀਜ਼ਾਂ ਨੂੰ ਵੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News