ਸੜਕਾਂ ’ਤੇ ਜ਼ਖਮੀ ਹੋਣ ਵਾਲਿਆਂ ਦੇ ਲਈ ਕੇਂਦਰ ਸਰਕਾਰ ਦੀ ‘ਨੇਕ ਮਦਦਗਾਰ ਯੋਜਨਾ’

10/06/2021 3:42:05 AM

ਵਿਸ਼ਵ ’ਚ ਜਨਤਕ ਸੜਕ ਹਾਦਸੇ ਭਾਰਤ ’ਚ ਹੁੰਦੇ ਹਨ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਸੜਕ ਹਾਦਸਿਆਂ ਕਾਰਨ ਹਰ ਸਾਲ ਦੇਸ਼ ਨੂੰ ਕੁਲ ਜੀ. ਡੀ. ਪੀ. ਦੇ 3.14 ਫੀਸਦੀ ਦੇ ਲਗਭਗ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ’ਚ ਰੋਜ਼ਾਨਾ ਸੜਕ ਹਾਦਸਿਆਂ ’ਚ ਘੱਟੋ-ਘੱਟ 415 ਲੋਕ ਅਤੇ ਹਰੇਕ ਸਾਲ 1.5 ਲੱਖ ਤੋਂ ਵੱਧ ਲੋਕ ਮਾਰੇ ਜਾਂਦੇ ਹਨ ਅਤੇ 4.5 ਲੱਖ ਤੋਂ ਵੱਧ ਲੋਕ ਜ਼ਖਮੀ ਹੁੰਦੇ ਹਨ, ਜਿਨ੍ਹਾਂ ’ਚੋਂ ਕਈ ਜ਼ਖਮੀਆਂ ਨੂੰ ਸਮਾਂ ਰਹਿੰਦੇ ਇਲਾਜ ਦੇ ਲਈ ਹਸਪਤਾਲ ਪਹੁੰਚਾ ਕੇ ਮੌਤ ਤੋਂ ਬਚਾਇਆ ਜਾ ਸਕਦਾ ਹੈ।

ਇਸੇ ਕਾਰਨ ਕੇਂਦਰੀ ਸੜਕ ਆਵਾਜਾਈ ਮੰਤਰਾਲਾ ਨੇ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਗੰਭੀਰ ਸੱਟ ਲੱਗਣ ਦੇ ਇਕ ਘੰਟੇ ਦੇ ਅੰਦਰ ਹਸਪਤਾਲ ਪਹੁੰਚਾਉਣ ਵਾਲੇ ਮਦਦਗਾਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ‘ਨੇਕ ਮਦਦਗਾਰ ਯੋਜਨਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਇਹ 15 ਅਕਤੂਬਰ, 2021 ਤੋਂ 31 ਮਾਰਚ, 2026 ਤੱਕ ਲਾਗੂ ਰਹੇਗੀ ਅਤੇ ਇਸ ਦੇ ਅਧੀਨ ਮਦਦਗਾਰਾਂ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਇਸ ਇਨਾਮ ਦੇ ਇਲਾਵਾ ਰਾਸ਼ਟਰੀ ਪੱਧਰ ’ਤੇ ਹਰੇਕ ਸਾਲ 10 ਸਭ ਤੋਂ ਨੇਕ ਮਦਦਗਾਰਾਂ ਨੂੰ ਇਕ-ਇਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।

ਵਰਨਣਯੋਗ ਹੈ ਕਿ ਸੜਕ ਆਵਾਜਾਈ ਮੰਤਰਾਲਾ ਨੇ ਮਦਦਗਾਰ ਨਾਗਰਿਕਾਂ ਨੂੰ ਕਾਨੂੰਨੀ ਪੁੱਛ-ਗਿੱਛ ਦੇ ਝੰਜਟਾਂ ਤੋਂ ਸੁਰੱਖਿਆ ਕਵਚ ਤਾਂ ਪਹਿਲਾਂ ਹੀ ਦੇ ਦਿੱਤਾ ਹੈ ਅਤੇ ਪੁਲਸ ਤੇ ਹਸਪਤਾਲ ਪ੍ਰਸ਼ਾਸਨ ਚੰਗੇ ਨਾਗਰਿਕ ’ਤੇ ਪਛਾਣ, ਨਾਂ, ਪਤਾ, ਮੋਬਾਇਲ ਨੰਬਰ ਦੱਸਣ ਦੇ ਲਈ ਦਬਾਅ ਨਹੀਂ ਬਣਾ ਸਕੇਗਾ। ਹਾਂ ਜੇਕਰ ਚਾਹੇ ਤਾਂ ਚੰਗੇ ਸ਼ਹਿਰੀ ਸਵੈ-ਇੱਛਾ ਨਾਲ ਆਪਣੀ ਪਛਾਣ ਦੱਸ ਸਕਦੇ ਹਨ ਜਾਂ ਅਦਾਲਤ ’ਚ ਬਤੌਰ ਗਵਾਬ ਪੇਸ਼ ਹੋਣ ਦੀ ਇੱਛਾ ਪ੍ਰਗਟਾ ਸਕਦੇ ਹਨ।

ਜੇਕਰ ਸਾਰੀਆਂ ਸਬੰਧਤ ਧਿਰਾਂ ਇਸ ਯੋਜਨਾ ਨੂੰ ਲਾਗੂ ਕਰਨ ’ਚ ਇਮਾਨਦਾਰੀ ਨਾਲ ਸਹਿਯੋਗ ਦੇਣ ਤਾਂ ਇਸ ਦੇ ਰਾਹੀਂ ਯਕੀਨਨ ਹੀ ਸੜਕ ਹਾਦਸਿਆਂ ’ਚ ਮ੍ਰਿਤਕਾਂ ਦੀ ਗਿਣਤੀ ਕੁਝ ਘੱਟ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਸਮੇਂ ’ਤੇ ਡਾਕਟਰੀ ਇਲਾਜ ਮਿਲ ਜਾਣ ਦੇ ਨਤੀਜੇ ਵਜੋਂ ਹਾਦਸਿਆਂ ’ਚ ਮੌਤ ਦੇ ਮੂੰਹ ਤੋਂ ਨਿਕਲ ਆਉਣ ਵਾਲੇ ਲੋਕਾਂ ਦੇ ਪਰਿਵਾਰ ਵੀ ਤਬਾਹ ਹੋਣ ਤੋਂ ਬਚਣਗੇ।

- ਵਿਜੇ ਕੁਮਾਰ


Bharat Thapa

Content Editor

Related News