ਪੰਜਾਬ ਸਰਕਾਰ ਸੁਖਬੀਰ ਤੇ ਗੈਂਗਸਟਰਾਂ ਦੇ ਆਪਸੀ ਸੰਬੰਧਾਂ ਦੀ ਜਾਂਚ ਕਰਵਾਏ : ਅਮਨ ਅਰੋੜਾ

Monday, Nov 17, 2025 - 10:59 AM (IST)

ਪੰਜਾਬ ਸਰਕਾਰ ਸੁਖਬੀਰ ਤੇ ਗੈਂਗਸਟਰਾਂ ਦੇ ਆਪਸੀ ਸੰਬੰਧਾਂ ਦੀ ਜਾਂਚ ਕਰਵਾਏ : ਅਮਨ ਅਰੋੜਾ

ਜਲੰਧਰ (ਬਿਊਰੋ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਗੈਂਗਸਟਰਾਂ ਦੇ ਆਪਸੀ ਸੰਬੰਧਾਂ ਦੀ ਉੱਚ ਪੱਧਰੀ ਜਾਂਚ ਕਰਵਾਏ। ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਮਨ ਅਰੋੜਾ ਨੇ ਕਿਹਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਨੇ ਵੋਟਰਾਂ ਨੂੰ ਡਰਾਉਣ-ਧਮਕਾਉਣ ਲਈ ਗੈਂਗਸਟਰਾਂ ਦੀ ਮਦਦ ਲਈ ਸੀ। ਵਿਦੇਸ਼ਾਂ ’ਚ ਬੈਠੇ ਇਕ ਗੈਂਗਸਟਰ ਨੇ ਵੋਟਰਾਂ ਨੂੰ ਧਮਕਾਉਣ ਲਈ ਵੀਡੀਓ ਕਾਲਾਂ ਕੀਤੀਆਂ ਸਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸੂਬੇ ’ਚ ਕਾਨੂੰਨ ਵਿਵਸਥਾ ਹਰ ਕੀਮਤ ’ਤੇ ਬਣਾਈ ਰੱਖੀ ਜਾਵੇਗੀ। ਤਰਨਤਾਰਨ ’ਚ ਅਕਾਲੀ ਵਰਕਰਾਂ ਵਿਰੁੱਧ ਝੂਠੇ ਮਾਮਲੇ ਦਰਜ ਕਰਨ ਦੇ ਸੁਖਬੀਰ ਬਾਦਲ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਤਰਨਤਾਰਨ ’ਚ ਪੁਲਸ ਉਨ੍ਹਾਂ ਵਿਅਕਤੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ, ਜਿਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਸਨ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਅਕਾਲੀ ਦਲ ਨੂੰ ਬਹੁਤਾ ਖ਼ੁਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਨਾ ਤਾਂ ਉਨ੍ਹਾਂ ਚੋਣ ਜਿੱਤੀ ਹੈ ਅਤੇ ਨਾ ਹੀ ਲੋਕਾਂ ਨੇ ਉਨ੍ਹਾਂ ਨੂੰ ਫਤਵਾਂ ਦਿੱਤਾ ਹੈ। ਗੈਂਗਸਟਰਾਂ ਦੀ ਮਦਦ ਨਾਲ ਵੋਟਾਂ ਮੰਗਣਾ ਮਾਣ ਵਾਲੀ ਗੱਲ ਨਹੀਂ ਹੈ। ਅਮਨ ਅਰੋੜਾ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਜਲੰਧਰ ਵੱਲੋਂ ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਜਲੰਧਰ ਵਿਖੇ ਕਰਵਾਏ ਗਏ ਸਕਾਲਰਸ਼ਿਪ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਪੁਲਸ ਸਟੇਸ਼ਨ ਨੂੰ ਮਿਲੀ ਧਮਕੀ! ਵਧਾਈ ਗਈ ਸੁਰੱਖਿਆ, ਪੁਲਸ ਫੋਰਸ ਤਾਇਨਾਤ

PunjabKesari

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ’ਚ ਗੈਂਗਸਟਰ ਅਸਲ ’ਚ ਅਕਾਲੀਆਂ ਅਤੇ ਕਾਂਗਰਸ ਦੀ ਦੇਣ ਹਨ। ਪੰਜਾਬ ’ਚ ਭਗਵੰਤ ਮਾਨ ਸਰਕਾਰ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ਇਸ ਕਾਰਨ ਇਨ੍ਹਾਂ ਪਾਰਟੀਆਂ ਨੂੰ ਦੁੱਖ਼ ਹੋਇਆ ਹੈ। ਲੋਕਾਂ ਨੂੰ ਅਜੇ ਵੀ ਯਾਦ ਹੈ ਕਿ ਕਿਵੇਂ ਬਾਦਲ ਸਰਕਾਰ ਦੌਰਾਨ ਗੈਂਗਸਟਰਾਂ ਨੇ ਮਾਸੂਮ ਲੋਕਾਂ ਦਾ ਕਤਲ ਕੀਤਾ ਸੀ।

ਤਰਨਤਾਰਨ ਜ਼ਿਮਨੀ ਚੋਣ ’ਚ ਕਾਂਗਰਸ ਦੇ ਚੌਥੇ ਨੰਬਰ ’ਤੇ ਰਹਿਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ’ਚ ਆਪਣੇ ਅੰਤ ਵੱਲ ਵਧ ਰਹੀ ਹੈ। ਕਾਂਗਰਸ ਆਪਣੀ ਜ਼ਮਾਨਤ ਨਹੀਂ ਬਚਾਅ ਸਕੀ, ਇਸ ਲਈ ਭਵਿੱਖ ’ਚ ਉਹ ਕਿਵੇਂ ਦਾ ਪ੍ਰਦਰਸ਼ਨ ਕਰੇਗੀ, ਇਸ ’ਤੇ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਤਰਨਤਾਰਨ ਜ਼ਿਮਨੀ ਚੋਣ ਦੌਰਾਨ ਸੁਖਬੀਰ ਬਾਦਲ ਨੇ ਨਾ ਸਿਰਫ਼ ਇਕ ਬਦਨਾਮ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ ਸਗੋਂ ਗੈਂਗਸਟਰਾਂ ਦੀ ਹਮਾਇਤ ਨਾਲ ਪੂਰੀ ਚੋਣ ਵੀ ਲੜੀ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੇ ਸਰਪੰਚਾਂ ਅਤੇ ਪਿੰਡ ਵਾਸੀਆਂ ਨੂੰ ਵਾਰ-ਵਾਰ ਧਮਕੀਆਂ ਭਰੇ ਫੋਨ ਕੀਤੇ ਅਤੇ ਉਨ੍ਹਾਂ ਨੂੰ ਅਕਾਲੀ ਦਲ ਨੂੰ ਵੋਟ ਪਾਉਣ ਜਾਂ ਗੰਭੀਰ ਨਤੀਜੇ ਭੁਗਤਣ ਲਈ ਕਿਹਾ।

ਇਹ ਵੀ ਪੜ੍ਹੋ: ਪੰਜਾਬ 'ਚ ED ਦੀ ਵੱਡੀ ਕਾਰਵਾਈ! 4 ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਬਰਾਮਦ ਕੀਤੀ ਲੱਖਾਂ ਦੀ ਨਕਦੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News