ਸਾਵਧਾਨੀ ਅਤੇ ਸਵੱਛਤਾ ਹੀ ਕੋਰੋਨਾ ਤੋਂ ਬਚਾਅ ਦਾ ਇਕਲੌਤਾ ਉਪਾਅ

Sunday, Mar 08, 2020 - 01:34 AM (IST)

ਸਾਵਧਾਨੀ ਅਤੇ ਸਵੱਛਤਾ ਹੀ ਕੋਰੋਨਾ ਤੋਂ ਬਚਾਅ ਦਾ ਇਕਲੌਤਾ ਉਪਾਅ

ਦਸੰਬਰ 2019 ’ਚ ਚੀਨ ਤੋਂ ਫੈਲਣੇ ਸ਼ੁਰੂ ਹੋਏ ਇਨਸਾਨੀ ਸਰੀਰ ਦੇ ਵਾਲ ਦੇ 900ਵੇਂ ਹਿੱਸੇ ਤੋਂ ਵੀ ਬਾਰੀਕ ਕੋਰੋਨਾ ਵਾਇਰਸ ਨਾਲ ਸਮੁੱਚੇ ਵਿਸ਼ਵ ’ਚ ਬਹੁਤ ਜ਼ਿਆਦਾ ਦਹਿਸ਼ਤ ਫੈਲੀ ਹੋਈ ਹੈ। ਕੋਰੋਨਾ ਦੀ ਦਹਿਸ਼ਤ ਦਾ ਆਲਮ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਫਤਿਆਂ ਤੋਂ ਆਪਣੇ ਚਿਹਰੇ ਨੂੰ ਹੱਥ ਨਹੀਂ ਲਾਇਆ। ਅਜੇ ਤਕ ਭਾਰਤ ਵਿਚ ਕੋਰੋਨਾ ਦੇ 33 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ 29 ਹਜ਼ਾਰ ਤੋਂ ਵੱਧ ਲੋਕ ਨਿਗਰਾਨੀ ’ਚ ਹਨ। ਇਸੇ ਦੇ ਮੱਦੇਨਜ਼ਰ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੂਬਿਆਂ ਦੇ ਸਿਹਤ ਮੰਤਰੀਅਾਂ, ਮੁੱਖ ਸਕੱਤਰਾਂ ਅਤੇ ਕੇਂਦਰੀ ਮੰਤਰੀਅਾਂ ਦੇ ਨਾਲ ਸਮੀਖਿਆ ਬੈਠਕ ’ਚ ਸਬੰਧਤ ਧਿਰਾਂ ਨੂੰ ਕਵਾਰੇਟਾਈਨ ਸਹੂਲਤਾਂ, ਆਈਸੋਲੇਸ਼ਨ ਵਾਰਡ ਅਤੇ ਟੈਸਟਿੰਗ ਲੈਬ ਆਦਿ ਤਿਆਰ ਰੱਖਣ ਤੇ ਇਸ ਤੋਂ ਬਚਾਅ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ। ਸਿਹਤ ਮੰਤਰਾਲਾ ਨੇ ਹਾਲਾਤ ਕਾਬੂ ’ਚ ਹੋਣ ਤਕ ਲੋਕਾਂ ਨੂੰ ਭੀੜ ਭਰੇ ਆਯੋਜਨ, ਫੈਮਿਲੀ ਗੈੱਟ -ਟੂ-ਗੈਦਰ, ਵਿਆਹ ਦੀਅਾਂ ਪਾਰਟੀਆਂ ਆਦਿ ਨਾ ਕਰਨ ਅਤੇ ਸਿਨੇਮਾਘਰਾਂ, ਸ਼ਾਪਿੰਗ ਮਾਲਜ਼, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਆਦਿ ’ਤੇ ਜਾਣ ਤੋਂ ਬਚਣ ਲਈ ਕਿਹਾ ਹੈ। ਇਸ ਦੇ ਨਾਲ ਜਿਥੇ ਕੁਝ ਸੂਬਿਆਂ ’ਚ ਸਕੂਲਾਂ ’ਚ ਛੁੱਟੀਆਂ ਕਰ ਦਿੱਤੀਆਂ ਗਈਅਾਂ ਹਨ, ਉੱਥੇ ਹੀ ਕੇਂਦਰ ਅਤੇ ਕੁਝ ਸੂੁਬਾ ਸਰਕਾਰਾਂ ਨੇ ਆਪਣੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ’ਚ ਅਧਿਕਾਰੀਆਂ ਅਤੇ ਕਰਮਚਾਰੀਅਾਂ ਨੂੰ ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦਾ ਨਿਯਮ 31 ਮਾਰਚ ਤਕ ਮੁਲਤਵੀ ਕਰਨ ਲਈ ਕਿਹਾ ਹੈ। ਲੋਕਾਂ ਨੂੰ ਈਰਾਨ, ਇਟਲੀ, ਚੀਨ, ਕੋਰੀਆ, ਸਿੰਗਾਪੁਰ ਆਦਿ ਦੀ ਯਾਤਰਾ ਨਾ ਕਰਨ ਤੇ ਪਰਸਨਲ ਹਾਈਜੀਨ ਬਾਰੇ ਕੁਝ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਗਿਆ ਹੈ। ਇਨ੍ਹਾਂ ’ਚ ਵਾਰ-ਵਾਰ ਹੱਥ ਧੋ ਕੇ ਹੱਥਾਂ ਨੂੰ ਸਾਫ ਰੱਖਣ, ਹੱਥ ਧੋਣ ਦੇ ਲਈ ਲੱਗਭਗ 70 ਫੀਸਦੀ ਅਲਕੋਹਲ ਵਾਲਾ ਸੈਨੀਟਾਈਜ਼ਰ ਅਤੇ ਐਂਟੀਬੈਕਟੀਰੀਅਲ ਸਾਬਣ ਵਰਤਣ ਅਤੇ ਵਾਰ-ਵਾਰ ਗੰਦੇ ਹੱਥਾਂ ਨਾਲ ਅੱਖ, ਮੂੰਹ ਅਤੇ ਨੱਕ ਨਾ ਛੂਹਣ ਦੀ ਸਲਾਹ ਦਿੱਤੀ ਗਈ ਹੈ। ਕੋਰੋਨਾ ਦਾ ਵਾਇਰਸ ਹੱਥ ਮਿਲਾਉਣ ’ਤੇ ਖੁਦ ਹੀ ਦੂਸਰੇ ਵਿਅਕਤੀ ਤਕ ਪਹੁੰਚ ਜਾਂਦਾ ਹੈ, ਇਸ ਲਈ ਕਿਸੇ ਨਾਲ ਹੱਥ ਮਿਲਾਉਣ ਤੋਂ ਸੰਕੋਚ ਕਰਨਾ ਹੀ ਬਿਹਤਰ ਹੈ। ਖੰਘਦੇ ਜਾਂ ਛਿੱਕ ਮਾਰਦੇ ਸਮੇਂ ਮੂੰਹ ਅਤੇ ਨੱਕ ਨੂੰ ਟਿਸ਼ੂ ਨਾਲ ਢਕ ਕੇ ਸਾਫ ਕਰਨਾ ਅਤੇ ਵਰਤੇ ਗਏ ਟਿਸ਼ੂ ਨੂੰ ਡਸਟਬਿਨ ’ਚ ਸੁੱਟ ਦੇਣਾ ਚਾਹੀਦਾ ਹੈ। ਕੋਰੋਨਾ ਵਾਇਰਸ (ਕੋਵਿਡ19) ’ਚ ਪਹਿਲਾਂ ਬੁਖਾਰ, ਫਿਰ ਸੁੱਕੀ ਖੰਘ ਅਤੇ ਫਿਰ ਇਕ ਹਫਤੇ ਬਾਅਦ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ ਪਰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪਤਾ ਤਾਂ ਸਮੁੱਚੀ ਡਾਕਟਰੀ ਜਾਂਚ ਤੋਂ ਬਾਅਦ ਹੀ ਲੱਗ ਸਕਦਾ ਹੈ। ਹੁਣ ਤਕ ਦੀ ਖੋਜ ਅਨੁਸਾਰ ਇਹ ਵਾਇਰਸ ਹਵਾ ਤੋਂ ਨਹੀਂ ਸਗੋਂ ਸਾਹ ਲੈਣ, ਸਾਹ ਛੱਡਣ, ਖੰਘਣ ਅਤੇ ਛਿੱਕ ਮਾਰਨ ਕਾਰਣ ਫੈਲ ਰਿਹਾ ਹੈ। ਇਸ ਲਈ ਸਰਦੀ ਜ਼ੁਕਾਮ ਤੋਂ ਪੀੜਤ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਦਰਮਿਆਨ ਦੇਸ਼ ਵਿਚ ਸੁਰੱਖਿਆਤਮਕ ਮਾਸਕ ਅਤੇ ਸੈਨੀਟਾਈਜ਼ਰਾਂ ਦੀ ਕਿੱਲਤ ਅਤੇ ਕਾਲਾਬਾਜ਼ਾਰੀ ਦੀਆਂ ਖਬਰਾਂ ਦਾ ਨੋਟਿਸ ਲੈਂਦੇ ਹੋਏ ਇਨ੍ਹਾਂ ਵਸਤੂਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਵਰਣਨਯੋਗ ਹੈ ਕਿ ਜਿਥੇ 2-2 ਰੁਪਏ ਵਾਲਾ ਮਾਸਕ 50-50 ਰੁਪਏ ’ਚ ਵਿਕ ਰਿਹਾ ਹੈ, ਉੱਥੇ ਬੁਖਾਰ ਦੀਆਂ ਆਮ ਪੈਰਾਸਿਟਾਮੋਲ ਵਰਗੀਅਾਂ ਗੋਲੀਆਂ ਵੀ ਕਾਲਾਬਾਜ਼ਾਰ ’ਚ ਦੋ-ਦੋ, ਚਾਰ- ਚਾਰ ਗੁਣਾ ਵੱਧ ਕੀਮਤ ’ਤੇ ਵੇਚੀਆਂ ਜਾ ਰਹੀਆਂ ਹਨ। ਡੈਟੋਲ ਅਤੇ ਸੈਵਲੋਨ ਵਰਗੇ ਵਿਸ਼ਾਣੂਰੋਧਕ ਵੀ ਬਾਜ਼ਾਰ ’ਚੋਂ ਗਾਇਬ ਹੋ ਗਏ ਹਨ। ਜਿਥੋਂ ਤਕ ਹਸਪਤਾਲਾਂ ’ਚ ਕੋਰੋਨਾ ਦੇ ਸ਼ੱਕੀ ਰੋਗੀਆਂ ਲਈ ਬਣਾਏ ਗਏ ਆਈਸੋਲੇਸ਼ਨ ਵਾਰਡਾਂ ਦਾ ਸਬੰਧ ਹੈ, ਕਈ ਥਾਵਾਂ ’ਤੇ ਇਨ੍ਹਾਂ ਨੂੰ ਬਣਾਇਆ ਤਾਂ ਿਗਆ ਹੈ ਪਰ ਉੱਥੇ ਰੋਗੀ ਠਹਿਰਾਏ ਨਹੀਂ ਜਾ ਰਹੇ। ਅਨੇਕਾਂ ਹਸਪਤਾਲਾਂ ’ਚ ਬਣਾਏ ਗਏ ਆਈਸੋਲੇਸ਼ਨ ਵਾਰਡਾਂ ਆਦਿ ’ਚ ਹਾਈਜੀਨ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਦੀਆਂ ਸ਼ਿਕਾਇਤਾਂ ਸ਼ੁਰੂ ਤੋਂ ਹੀ ਿਮਲਦੀਆਂ ਆ ਰਹੀਆਂ ਹਨ। ਇਸ ਤਰ੍ਹਾਂ ਕੋਰੋਨਾ ਦੇ ਇਨਫੈਕਸ਼ਨ ਤੋਂ ਬਚਾਅ ਲਈ ਡਾਕਟਰ ਵੀ ਪੂਰੀ ਤਰ੍ਹਾਂ ਟ੍ਰੇਂਡ ਨਹੀਂ ਹਨ ਅਤੇ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਪੂਰੀ ਤਰ੍ਹਾਂ ਜਾਗਰੂਕ ਵੀ ਨਹੀਂ ਕੀਤਾ ਜਾ ਰਿਹਾ। ਬਹਿਰਹਾਲ ਹੁਣ ਜਦਕਿ ਭਾਰਤ ਸਰਕਾਰ ਅਤੇ ਸੂਬਾਈ ਸਰਕਾਰਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰਨ ਦਾ ਦਾਅਵਾ ਕਰ ਰਹੀਆਂ ਹਨ, ਇਸ ਸਮੱਸਿਆ ਨਾਲ ਨਜਿੱਠਣ ਲਈ ਯਤਨਾਂ ਨੂੰ ਹੋਰ ਤੇਜ਼ ਕਰਨਾ ਅਤੇ ਸਿਹਤ ਕੇਂਦਰਾਂ ’ਚ ਹਾਈਜੀਨ ਦੇ ਪ੍ਰਬੰਧ ਵਧੀਆ ਬਣਾਉਣ ਅਤੇ ਸੁਰੱਖਿਆਤਮਕ ਮਾਸਕ, ਵਿਸ਼ਾਣੂਰੋਧਕ ਸੈਨੀਟਾਈਜ਼ਰ ਅਤੇ ਹੋਰ ਦਵਾਈਅਾਂ ਅਤੇ ਡੈਟੋਲ ਅਤੇ ਸੈਵਲੋਨ ਆਦਿ ਦੀ ਲੋਕਾਂ ਨੂੰ ਉਚਿਤ ਕੀਮਤਾਂ ’ਤੇ ਸਰਕਾਰ ਵਲੋਂ ਮੁਹੱਈਆ ਕਰਵਾਉਣ ਦੀ ਲੋੜ ਹੈ। ਇਸ ਸਬੰਧ ਵਿਚ ਅਮਰੀਕਾ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ, ਜਿਥੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਸਬੰਧੀ ਖੋਜ ਲਈ 75,000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

-ਵਿਜੇ ਕੁਮਾਰ\\\


author

Bharat Thapa

Content Editor

Related News