ਬਿਲਾਵਲ ਭੁੱਟੋ (ਪਾਕਿ ਵਿਦੇਸ਼ ਮੰਤਰੀ) ਦਾ ਭਾਰਤ ਨਾਲ ਸਬੰਧ ਸੁਧਾਰਨ ਦਾ ਸੁਝਾਅ !

06/23/2022 12:49:58 AM

ਸੰਨ 1971 ਦੀ ਭਾਰਤ-ਪਾਕਿ ਜੰਗ ’ਚ ਪਾਕਿਸਤਾਨ ਨੂੰ ਬੰਗਲਾਦੇਸ਼ ਗੁਆਉਣਾ ਪਿਆ ਅਤੇ 1972 ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਿਮਲਾ ਸਮਝੌਤਾ ਹੋਇਆ ਜਿਸ ’ਤੇ ਇੰਦਰਾ ਗਾਂਧੀ ਅਤੇ ਜ਼ੁਲਫਿਕਾਰ ਅਲੀ ਭੁੱਟੋ ਨੇ ਹਸਤਾਖਰ ਕੀਤੇ ਸਨ। ਭੁੱਟੋ ਨਾਲ ਉਨ੍ਹਾਂ ਦੀ ਬੇਟੀ ਬੇਨਜ਼ੀਰ ਵੀ ਆਈ ਸੀ ਜੋ ਬਾਅਦ ’ਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਵੀ ਬਣੀ। ਸ਼ਿਮਲਾ ਸਮਝੌਤੇ ਮੁਤਾਬਕ ਭੁੱਟੋ ਇਸ ਗੱਲ ’ਤੇ ਸਹਿਮਤ ਹੋਇਆ ਸੀ ਕਿ ਦੋਨੋਂ  ਦੇਸ਼ ਆਪਸੀ ਸਮੱਸਿਆਵਾਂ ਨੂੰ  ਆਪਸੀ ਗੱਲਬਾਤ ਰਾਹੀਂ ਹੀ ਹੱਲ ਕਰਨਗੇ ਅਤੇ ਉਪਮਹਾਦੀਪ ਸਥਾਈ ਦੋਸਤੀ ਲਈ ਕੰਮ ਕਰਨਗੇ। ਇਕ-ਦੂਜੇ ਵਿਰੁੱਧ ਤਾਕਤ ਦੀ ਵਰਤੋਂ ਨਾ ਕਰਨ,  ਪ੍ਰਾਦੇਸ਼ਿਕ ਅਖੰਡਤਾ ਦੀ ਬੇਧਿਆਨੀ ਨਾ ਕਰਨ ਅਤੇ ਕਸ਼ਮੀਰ ਵਿਵਾਦ ਨੂੰ ਕੌਮਾਂਤਰੀ ਰੂਪ ਨਾ ਦੇ ਕੇ ਆਪਸੀ ਗੱਲਬਾਤ ਰਾਹੀਂ ਹੀ ਹੱਲ ਕਰਨ ’ਤੇ ਵੀ ਸਹਿਮਤੀ ਹੋਈ ਸੀ। ਅਤੇ ਹੁਣ ਜ਼ੁਲਫਿਕਾਰ ਅਲੀ  ਭੁੱਟੋ ਦੇ ਦੋਹਤੇ  ਅਤੇ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਜੋ ਇਸ ਸਮੇਂ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ’ਚ ਵਿਦੇਸ਼ ਮੰਤਰੀ ਹਨ, ਨੇ ਭਾਰਤ ਨਾਲ ਜੁੜਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ। 

16 ਜੂਨ ਨੂੰ ਇਸਲਾਮਾਬਾਦ ’ਚ ਇਕ ਸਮਾਰੋਹ ’ਚ ਬੋਲਦਿਆਂ ਉਨ੍ਹਾਂ ਕਿਹਾ, ‘‘ਭਾਰਤ ਨਾਲ ਸਾਡੇ ਮੁੱਦੇ ਹਨ। ਪਾਕਿਸਤਾਨ ਅਤੇ ਭਾਰਤ ਦਰਮਿਆਨ ਜੰਗ ਅਤੇ ਸੰਘਰਸ਼ ਦਾ ਲੰਬਾ ਇਤਿਹਾਸ ਰਿਹਾ ਹੈ ਪਰ  ਭਾਰਤ ਨਾਲ ਸਬੰਧ ਤੋੜਨ ਨਾਲ ਦੇਸ਼ ਦੇ ਹਿੱਤਾਂ ਦੀ ਪੂਰਤੀ  ਨਹੀਂ ਹੋ ਸਕਦੀ ਕਿਉਂਕਿ ਇਸਲਾਮਾਬਾਦ ਪਹਿਲਾਂ ਤੋਂ ਹੀ ਕੌਮਾਂਤਰੀ ਪੱਧਰ ’ਤੇ ਅਲੱਗ-ਥਲੱਗ ਅਤੇ ਉਜੜਿਆ ਰਿਹਾ ਹੈ।’’‘‘ਕੀ ਭਾਰਤ ਨਾਲ ਰਿਸ਼ਤੇ ਤੋੜਨਾ ਪਾਕਿਸਤਾਨ ਦੇ ਹਿੱਤਾਂ ਦੀ ਪੂਰਤੀ ਕਰ ਰਿਹਾ ਹੈ? ਭਾਵੇਂ ਉਹ ਕਸ਼ਮੀਰ ’ਤੇ ਹੋਵੇ, ਵਧਦੇ ਇਸਲਾਮਾਫੋਬੀਆ ਦਾ ਮੁੱਦਾ ਹੋਵੇ ਜਾਂ ਭਾਰਤ ’ਚ ਹਿੰਦੂਤਵ ’ਤੇ ਜ਼ੋਰ ਦੇਣਾ ਹੋਵੇ? ਮੈਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਆਪਣੇ ਦੇਸ਼ ਦੇ ਪ੍ਰਤੀਨਿਧੀ ਦੇ ਰੂਪ ’ਚ ਨਾ ਤਾਂ ਭਾਰਤ ਸਰਕਾਰ ਨਾਲ ਗੱਲਬਾਤ ਕਰਦਾ ਹਾਂ ਅਤੇ ਨਾ ਹੀ ਭਾਰਤੀਆਂ ਨੂੰ ਮਿਲਦਾ ਹਾਂ। ਕੀ ਇਹ ਸੰਵਾਦਹੀਣਤਾ ਪਾਕਿਸਤਾਨੀ ਮਕਸਦ ਨੂੰ ਹਾਸਲ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ? ਮੈਂ ਸਮਝਦਾ ਹਾਂ ਨਹੀਂ।’’ਵਰਨਣਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਭਾਰਤ ਨਾਲ ਚੰਗੇ ਸਬੰਧਾਂ ਦੇ ਹਮਾਇਤੀ ਰਹੇ ਹਨ ਅਤੇ ਭਾਰਤ ਨਾਲ ਸਾਲਾਂ ਦੀ ਦੁਸ਼ਮਣੀ ਅਤੇ 3-3 ਜੰਗਾਂ ਤੋਂ ਬਾਅਦ ਵੀ ਜਦੋਂ ਪਾਕਿਸਤਾਨ ਕੁਝ ਨਹੀਂ ਪਾ ਸਕਿਆ ਤਾਂ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 21 ਫਰਵਰੀ, 1999 ਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਆਪਸੀ ਦੋਸਤੀ ਅਤੇ ਸ਼ਾਂਤੀ ਲਈ ਲਾਹੌਰ ਐਲਾਨਨਾਮੇ ’ਤੇ ਹਸਤਾਖਰ ਕੀਤੇ ਸਨ। 

ਹਾਲਾਂਕਿ ਉਸ ਵੇਲੇ ਦੇ ਫੌਜ ਮੁਖੀ ਪ੍ਰਵੇਜ਼ ਮੁਸ਼ੱਰਫ ਨੇ ਨਾ ਤਾਂ ਸ਼੍ਰੀ ਵਾਜਪਾਈ ਨੂੰ ਸਲਾਮੀ ਦਿੱਤੀ ਅਤੇ ਨਾ ਹੀ ਉਹ ਨਵਾਜ਼ ਸ਼ਰੀਫ ਵੱਲੋਂ ਸ਼੍ਰੀ ਵਾਜਪਾਈ ਦੇ ਮਾਣ ’ਚ ਦਿੱਤੇ ਗਏ ਭੋਜ ’ਚ ਸ਼ਾਮਲ ਹੋਇਆ ਪਰ ਉਸ ਯਾਤਰਾ ਦੇ ਸਿੱਟੇ ਵਜੋਂ  ਦੋਹਾਂ ਦੇਸ਼ਾਂ ਦਰਮਿਆਨ ਆਵਾਜਾਈ ਅਤੇ ਵਪਾਰ ਦੀ ਸ਼ੁਰੂਆਤ ਹੋਈ ਸੀ ਅਤੇ  ਦੋਹਾਂ ਪਾਸਿਆਂ ਦੇ ਲੋਕਾਂ ਦੀ  ਭਾਸ਼ਾ ਅਤੇ ਸੰਸਕ੍ਰਿਤੀ ਇਕੋ ਜਿਹੀ ਹੋਣ ਕਾਰਨ  ਸਬੰਧ ਸੁਧਾਰ ਦੀ ਉਮੀਦ ਬਣੀ ਸੀ  ਜੋ ਬਾਅਦ ਦੇ ਘਟਨਾਚੱਕਰਾਂ  ਕਾਰਨ ਕਾਇਮ ਨਾ ਰਹਿ ਸਕੀ। ਇਹੀ ਨਹੀਂ, 10 ਅਗਸਤ, 2014 ਨੂੰ ਉਨ੍ਹਾਂ ਨੇ ਭਾਰਤ ਨਾਲ ਆਪਣੇ ਦੇਸ਼ ਦੇ ਖਰਾਬ ਸਬੰਧਾਂ ’ਤੇ ਜਨਤਕ ਤੌਰ ’ਤੇ ਅਫਸੋਸ ਪ੍ਰਗਟਾਇਆ ਸੀ। ਰਾਸ਼ਟਰੀ ਸੁਰੱਖਿਆ ਸੰਮੇਲਨ, ਜਿਸ ’ਚ ਵੱਖ ਵੱਖ ਮੰਤਰੀ, ਮੁੱਖ ਮੰਤਰੀ, ਪ੍ਰਮੁੱਖ ਪਾਰਟੀਆਂ ਦੇ ਆਗੂ, ਸਾਬਕਾ ਸੈਨਾ ਮੁਖੀ ਜਨਰਲ ਰਾਹਿਲ ਸ਼ਰੀਫ ਅਤੇ ਆਈ. ਐੱਸ. ਆਈ. ਦੇ ਮੁਖੀ ਲੈ. ਜਨਰਲ ਜ਼ਹੀਰ ਉਲ ਇਸਲਾਮ ਮੌਜੂਦ ਸਨ, ਨੂੰ ਸੰਬੋਧਿਤ ਕਰਦੇ ਹੋਏ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ, ‘‘ਸਾਡੇ ਦੇਸ਼ ਨੇ ਗੁਆਂਢੀਆਂ ਨਾਲ ਸਬੰਧ ਚੰਗੇ ਨਹੀਂ ਰੱਖੇ। ਹੁਣ ਭਾਰਤ ਨਾਲ ਚੰਗੇ ਸਬੰਧ ਬਣਾਉਣ ਦਾ ਸਮਾਂ ਹੈ।’’

ਇਹੀ ਨਹੀਂ 6 ਨਵੰਬਰ, 2015 ਨੂੰ ਇਕ ਵਾਰ ਮੁੜ ਉਨ੍ਹਾਂ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ, ‘‘ਭਾਰਤ ਦੇ ਨਾਲ ਜੰਗ ਕੋਈ ਬਦਲ ਨਹੀਂ ਹੈ।’’ ਹੁਣ ਬਿਲਾਵਲ ਭੁੱਟੋ ਨੇ ਵੀ ਨਵਾਜ਼  ਸ਼ਰੀਫ ਦੇ ਭਾਰਤ ਦੇ ਪ੍ਰਤੀ ਵਿਚਾਰਾਂ ਨੂੰ ਹੀ ਦੋਹਰਾਇਆ ਹੈ ਅਤੇ ਬਿਲਾਵਲ ਭੁੱਟੋ ਦਾ ਅਜਿਹਾ ਕਹਿਣਾ ਠੀਕ ਵੀ ਹੈ। ਇਸ ਲਈ ਜੇ ਉਹ ਆਪਣੇ ਕਥਨ ਪ੍ਰਤੀ ਈਮਾਨਦਾਰ ਹਨ ਤਾਂ ਉਨ੍ਹਾਂ ਨੂੰ ਇਸ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਜੋ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਵੀ ਹਨ, ਦੀ ਸਰਕਾਰ ’ਤੇ ਦਬਾਅ ਪਾਉਣਾ ਚਾਹੀਦਾ ਹੈ। ਪਾਕਿਸਤਾਨ ਵੱਲੋਂ ਭਾਰਤ ਦੇ ਨਾਲ ਸਬੰਧ ਆਮ ਵਰਗੇ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ’ਚ ਉਸੇ ਦਾ ਲਾਭ ਹੈ ਅਤੇ ਇਸ ਦੀ ਸ਼ੁਰੂਆਤ ਦੋਵਾਂ ਦੇਸ਼ਾਂ ਦਰਮਿਆਨ 2019 ਤੋਂ ਬੰਦ ਪਏ ਵਪਾਰਕ ਸਬੰਧਾਂ ਦੀ ਬਹਾਲੀ ਨਾਲ ਸ਼ੁਰੂ ਹੋ ਸਕਦੀ ਹੈ। 

ਇਸ ਲਈ ਜੇ ਪਾਕਿਸਤਾਨ ਵੱਲੋਂ ਇਸ ਸਬੰਧੀ ਕੋਈ ਪੇਸ਼ਕਸ਼ ਆਵੇ ਤਾਂ ਉਸ ’ਤੇ ਸਾਡੀ ਸਰਕਾਰ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ  ਕਿਉਂਕਿ ਸਾਡੀ ਸਰਕਾਰ ਦਾ ਤਾਂ ਹਮੇਸ਼ਾ ਹੀ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨ ਅਤੇ ਉਨ੍ਹਾਂ ਨੂੰ ਲਗਾਤਾਰ ਮਜ਼ਬੂਤ ਕਰਨ ਦਾ ਯਤਨ ਰਿਹਾ ਹੈ।  ਇਸੇ ਸਿਲਸਿਲੇ ’ਚ ਭਾਰਤ ਵੱਲੋਂ ਬੰਗਲਾਦੇਸ਼ ਅਤੇ ਨੇਪਾਲ ਨਾਲ ਰੇਲ ਸੇਵਾ ਦੇ  ਵਾਧੇ ਤੋਂ ਇਲਾਵਾ ਨੇਪਾਲ ਨੂੰ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨਿਰਮਾਣ ਤੇ ਸ਼੍ਰੀਲੰਕਾ ਨੂੰ ਵੱਖ-ਵੱਖ ਵਸਤਾਂ ਦੇ ਰੂਪ ’ਚ 2 ਅਰਬ ਰੁਪਏ ਕੀਮਤ ਦੀ ਮਦਦ ਦਿੱਤੀ ਗਈ ਹੈ। ਜੇ ਬਦਹਾਲੀ ਦੇ ਸ਼ਿਕਾਰ ਪਾਕਿਸਤਾਨ  ਨਾਲ ਵਪਾਰ ’ਚ ਤੇਜ਼ੀ  ਆ ਜਾਵੇ ਤਾਂ ਇਸ ਨਾਲ ਉੱਥੇ ਮਹਿੰਗਾਈ ਘਟੇਗੀ ਅਤੇ ਉੱਥੋਂ ਦੇ ਲੋਕਾਂ ’ਚ ਭਾਰਤ ਪ੍ਰਤੀ ਸਦਭਾਵਨਾ ਪੈਦਾ ਹੋਵੇਗੀ। ਇਸ ਦੀ ਪ੍ਰਤੀਕਿਰਿਆ ਵਜੋਂ ਪਾਕਿਸਤਾਨ ਵੱਲੋਂ  ਆਪਣੇ ਪਾਲੇ ਹੋਏ ਅੱਤਵਾਦੀਆਂ ਰਾਹੀਂ ਜੰਮੂ-ਕਸ਼ਮੀਰ ’ਚ ਕੀਤੀ ਜਾਣ ਵਾਲੀ ਹਿੰਸਾ ’ਤੇ ਵੀ ਰੋਕ ਲੱਗ ਸਕਦੀ ਹੈ।     

ਵਿਜੇ ਕੁਮਾਰ 


Karan Kumar

Content Editor

Related News