ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਜੀਦਾ ਬਲਾਸਟ ਨਾਲ ਸਬੰਧ? NIA ਨੇ ਤੇਜ਼ ਕੀਤੀ ਜਾਂਚ

Sunday, Nov 23, 2025 - 10:26 PM (IST)

ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਜੀਦਾ ਬਲਾਸਟ ਨਾਲ ਸਬੰਧ? NIA ਨੇ ਤੇਜ਼ ਕੀਤੀ ਜਾਂਚ

ਗੋਨਿਆਣਾ ਮੰਡੀ (ਗੋਰਾ ਲਾਲ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ’ਚ ਦੋ ਮਹੀਨੇ ਪਹਿਲਾਂ ਹੋਏ ਜ਼ਬਰਦਸਤ ਧਮਾਕੇ ਦੀ ਜਾਂਚ ਨੇ ਹੁਣ ਰਾਸ਼ਟਰੀ ਪੱਧਰ ‘ਚ ਤਹਲਕਾ ਮਚਾ ਦਿੱਤਾ ਹੈ, ਕਿਉਂਕਿ ਕੇਂਦਰੀ ਜਾਂਚ ਏਜੰਸੀ ਐੱਨਆਈਏ ਇਸ ਸਾਰੇ ਮਾਮਲੇ ਨੂੰ ਦਿੱਲੀ ਦੇ ਲਾਲ ਕਿਲੇ ਨੇੜੇ ਕਾਰ ਵਿਸਫੋਟ ਅਤੇ ਫਰੀਦਾਬਾਦ ਤੋਂ ਬਰਾਮਦ ਹੋਏ 360 ਕਿੱਲੋਗ੍ਰਾਮ ਧਮਾਕੇਖੇਜ ਪਦਾਰਥ ਨਾਲ ਜੋੜ ਕੇ ਦੇਖ ਰਹੀ ਹੈ। 

ਸੂਤਰਾਂ ਅਨੁਸਾਰ ਪੁਲਸ ਤੋਂ ਮਿਲੇ ਸ਼ੁਰੂਆਤੀ ਇਨਪੁੱਟ ਅਤੇ ਦਿੱਲੀ–ਫਰੀਦਾਬਾਦ ਮਾਮਲਿਆਂ ਵਿੱਚ ਸਾਹਮਣੇ ਆ ਰਹੀਆਂ ਸਮਾਨਤਾਵਾਂ ਨੇ ਇਹ ਸੰਕੇਤ ਦਿੱਤੇ ਹਨ ਕਿ ਜੀਦਾ ਬਲਾਸਟ ਕੋਈ ਸਧਾਰਣ ਹਾਦਸਾ ਨਹੀਂ, ਸਗੋਂ ਇੱਕ ਵੱਡੇ ਅੱਤਵਾਦੀ ਮਾਡਿਊਲ ਦੀ ਸਰਗਰਮੀ ਦਾ ਹਿੱਸਾ ਹੋ ਸਕਦਾ ਹੈ। ਇਸੇ ਪਿੱਛੋਕੜ ਵਿੱਚ ਐੱਨਆਈਏ ਨੇ ਆਪਣੀ ਜਾਂਚ ਦਾ ਦਾਇਰਾ ਕਾਫੀ ਵਧਾ ਦਿੱਤਾ ਹੈ ਅਤੇ ਉਹ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਗ੍ਰਿਫਤਾਰ ਕਾਨੂੰਨ ਦਾ ਵਿਦਿਆਰਥੀ 19 ਸਾਲਾ ਗੁਰਪ੍ਰੀਤ ਸਿੰਘ ਵਾਸੀ ਜੀਦਾ ਜੰਮੂ–ਕਸ਼ਮੀਰ ਤੋਂ ਗ੍ਰਿਫਤਾਰ ਦੋਸ਼ੀਆਂ ਜਾਂ ਕਿਸੇ ਵਿਦੇਸ਼ੀ ਅੱਤਵਾਦੀ ਨੈਟਵਰਕ ਨਾਲ ਸੰਪਰਕ ਵਿੱਚ ਤਾਂ ਨਹੀਂ ਸੀ। ਫਿਲਹਾਲ ਗੁਰਪ੍ਰੀਤ ਸਿੰਘ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਹੈ। 

ਐੱਨਆਈਏ ਦੀ ਟੀਮ ਨੇ ਸ਼ੁੱਕਰਵਾਰ ਨੂੰ ਪਿੰਡ ਜੀਦਾ ’ਚ ਗੁਰਪ੍ਰੀਤ ਦੇ ਘਰ ’ਤੇ ਛਾਪਾ ਮਾਰਦਿਆਂ ਡੂੰਘੀ ਤਲਾਸ਼ੀ ਲਈ, ਕੁਝ ਸਮਾਨ ਕਬਜ਼ੇ ’ਚ ਲਿਆ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿਛ ਕੀਤੀ। ਸ਼ਨੀਵਾਰ ਨੂੰ ਜਾਂਚ ਦੀ ਲੜੀ ਹੋਰ ਤਗੜੀ ਬਣਦਿਆਂ ਐੱਨਆਈਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਹਰਾਜ ਵਿਖੇ ਪੰਚਾਇਤ ਮੈਂਬਰ ਰਣਵੀਰ ਸਿੰਘ ਉਰਫ਼ ਇੰਦਰਜੀਤ ਸਿੰਘ ਦੇ ਘਰ ਵੀ ਪਹੁੰਚੀ, ਜੋ ਗੁਰਪ੍ਰੀਤ ਦਾ ਮਾਮਾ ਹੈ। ਇਹ ਛਾਪਾ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਗੁਰਪ੍ਰੀਤ ਨੇ ਧਮਾਕੇ ਤੋਂ ਤਿੰਨ ਮਹੀਨੇ ਪਹਿਲਾਂ ਜੋ ਮੋਟਰਸਾਈਕਲ ਅਤੇ ਮੋਬਾਇਲ ਫੋਨ ਖਰੀਦੇ ਸਨ, ਉਹ ਉਸ ਨੂੰ ਮਾਮੇ ਰਣਵੀਰ ਸਿੰਘ ਨੇ ਹੀ ਦਿੱਤੇ ਸਨ, ਹਾਲਾਂਕਿ ਉਸ ਨੇ ਇਸ ਦਾਅੇ ਤੋਂ ਇਨਕਾਰ ਕੀਤਾ ਸੀ। ਹਾਲਾਂਕਿ ਤਲਾਸ਼ੀ ਦੌਰਾਨ ਐੱਨਆਈਏ ਨੂੰ ਉਥੇ ਕੋਈ ਠੋਸ ਸਬੂਤ ਨਹੀਂ ਮਿਲੇ, ਪਰ ਜਾਂਚ ਏਜੰਸੀ ਸੰਪਰਕ ਸਬੰਧੀ ਹਰ ਕੜੀ ਦੀ ਪੁਸ਼ਟੀ ਕਰਨ ਵਿੱਚ ਲੱਗੀ ਹੈ। 

ਸੂਤਰ ਦੱਸਦੇ ਹਨ ਕਿ ਐੱਨਆਈਏ ਜੀਦਾ ਧਮਾਕੇ ਅਤੇ ਦਿੱਲੀ ਲਾਲ ਕਿਲਾ ਵਿਸਫੋਟ ਦੇ ਵਿਚਕਾਰ ਕਈ ਹੈਰਾਨ ਕਰਨ ਵਾਲੀਆਂ ਸਮਾਨਤਾਵਾਂ ਦੇਖ ਰਹੀ ਹੈ। ਦਿੱਲੀ ਵਿੱਚ ਡਾਕਟਰ ਉਮਰ ਨਾਮਕ ਅੱਤਵਾਦੀ ਨੇ ਕਾਰ ਵਿੱਚ ਬੈਠੇ–ਬੈਠੇ ਖੁਦ ਨੂੰ ਵਿਸਫੋਟਕ ਸਮੱਗਰੀ ਨਾਲ ਉਡਾ ਲਿਆ ਸੀ, ਜਦੋਂਕਿ ਪੁਲਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਗੁਰਪ੍ਰੀਤ ਨੇ ਵੀ ਵਿਸਫੋਟਕ ਬੈਲਟ ਬੰਨ੍ਹ ਕੇ ਸ੍ਰੀਨਗਰ ਦੇ ਕਠੂਆ ਇਲਾਕੇ ਵਿੱਚ ਫੌਜੀ ਕੈਂਪ ’ਤੇ ਆਤਮਘਾਤੀ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਦੋਵਾਂ ਮਾਮਲਿਆਂ ਵਿੱਚ ਹੈਂਡਲਰਾਂ ਵੱਲੋਂ ਕੀਤੀ ਗਈ ਬਰੇਨਵਾਸ਼ਿੰਗ, ਛੇ–ਛੇ ਮਹੀਨੇ ਘਰ ਜਾਂ ਡਿਊਟੀ ਤੋਂ ਗ਼ਾਇਬ ਰਹਿਣਾ ਅਤੇ ਵਿਸਫੋਟਕ ਸਮੱਗਰੀ ਦੇ ਸੂਤਰਾਂ ਵਿੱਚ ਮਿਲਦੀ–ਜੁਲਦੀ ਤਕਨੀਕ ਨੇ ਜਾਂਚ ਏਜੰਸੀ ਨੂੰ ਵੱਡੀ ਸਾਜ਼ਿਸ਼ ਦੀ ਤਸਦੀਕ ਵੱਲ ਧੱਕਿਆ ਹੈ। 

ਗੁਰਪ੍ਰੀਤ ਦੇ ਘਰ ਤੋਂ ਮਿਲੀ ਸਮੱਗਰੀ ਵਿੱਚ ਪਿਕਰਿਕ ਐਸਿਡ, ਅਮੋਨੀਅਮ ਨਾਈਟਰੇਟ, ਅਮੋਨੀਅਮ ਸਲਫੇਟ, ਲੈਡ ਨਾਈਟਰੇਟ ਅਤੇ ਫਾਸਫੋਰਸ ਪੈਂਟਾਅਕਸਾਈਡ ਵਰਗੇ ਕੈਮੀਕਲ ਸਨ, ਜੋ ਉਸ ਨੇ ਵੱਖ–ਵੱਖ ਆਨਲਾਈਨ ਸਾਈਟਾਂ ਰਾਹੀਂ ਮੰਗਵਾਏ ਸਨ ਅਤੇ ਇਨ੍ਹਾਂ ਨਾਲ ਉਹ ਤਿਆਰੀ ਕਰਦਾ ਰਿਹਾ ਸੀ। ਧਮਾਕਾ ਵੀ ਇਨ੍ਹਾਂ ਕੈਮੀਕਲਾਂ ‘ਤੇ ਗਰਮੀ ਪੈਣ ਕਾਰਨ ਹੋਇਆ ਸੀ, ਜਿਸ ਤਰ੍ਹਾਂ ਸ੍ਰੀਨਗਰ ਥਾਣੇ ਵਿੱਚ ਵਿਸਫੋਟਕ ਪਦਾਰਥਾਂ ਦਾ ਸੈਂਪਲ ਲੈਂਦੇ ਸਮੇਂ ਤੇਜ਼ ਰੌਸ਼ਨੀ ਤੇ ਗਰਮੀ ਕਾਰਨ ਧਮਾਕਾ ਹੋਇਆ ਸੀ। ਇਸ ਤੋਂ ਇਲਾਵਾ, ਗੁਰਪ੍ਰੀਤ ਦੇ ਮੋਬਾਇਲ ਵਿੱਚ ਪਾਕਿਸਤਾਨੀ ਦਹਿਸ਼ਤਗਰਦ ਮੌਲਾਨਾ ਮਸੂਦ ਅਜ਼ਹਰ ਦੇ ਨੰਬਰ ਅਤੇ ਹੋਰ ਕਈ ਅੱਤਵਾਦੀਆਂ ਦੇ ਸੰਪਰਕ ਮਿਲੇ ਸਨ। ਵੀਡੀਓ ਅਤੇ ਵਟਸਐਪ ਚੈਟਾਂ ਵਿਚ ਵਿਸਫੋਟਕ ਸਮੱਗਰੀ ਤਿਆਰ ਕਰਨ ਦੀ ਸਿਖਲਾਈ ਵਾਲਾ ਸੰਦੇਸ਼ ਮਿਲਣਾ ਵੀ ਚੌਕਾਉਂਦੀ ਗੱਲ ਸੀ। 

ਇਹ ਸਾਰੇ ਤੱਥ ਇਹ ਦਰਸਾਉਂਦੇ ਹਨ ਕਿ ਜੀਦਾ ਧਮਾਕਾ ਸਿਰਫ਼ ਇੱਕ ਹਾਦਸਾ ਨਹੀਂ ਸਗੋਂ ਇੱਕ ਵਿਕਸਤ ਅੱਤਵਾਦੀ ਨੈਟਵਰਕ ਦੀ ਕੜੀ ਹੈ, ਜਿਸ ਦੀ ਜਾਂਚ ਐੱਨਆਈਏ ਬਹੁਤ ਹੀ ਸੰਜੀਦਗੀ ਨਾਲ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

Baljit Singh

Content Editor

Related News