ਦਿੱਲੀ ਦੇ ਮੱਥੇ ''ਤੇ ਕਲੰਕ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਭੀਖ ਮੰਗਵਾਉਣਾ

07/25/2017 4:54:22 AM

ਭੀਖ ਮੰਗਣਾ ਤੇ ਮੰਗਵਾਉਣਾ ਅੱਜ ਸਾਡੇ ਦੇਸ਼ ਵਿਚ 'ਧੰਦਾ' ਬਣ ਗਿਆ ਹੈ। ਇਸੇ ਕਾਰਨ ਅੱਜ ਦੇਸ਼ ਵਿਚ ਭਿੱਖਿਆਬਿਰਤੀ ਨੇ ਇਕ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਵਿਚ ਸਰਵਹਾਰਾ ਵਰਗ ਦੇ ਅਨਪੜ੍ਹ ਬੱਚੇ, ਔਰਤਾਂ, ਨੌਜਵਾਨ ਤੇ ਬਜ਼ੁਰਗ ਸ਼ਾਮਿਲ ਹਨ। 
ਕੌਮੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਔਸਤਨ 20 ਬੱਚੇ ਰੋਜ਼ਾਨਾ ਗੁਆਚਦੇ ਹਨ, ਜਿਨ੍ਹਾਂ 'ਚੋਂ ਸਿਰਫ 30 ਫੀਸਦੀ ਬੱਚਿਆਂ ਦਾ ਹੀ ਆਪਣੇ ਪਰਿਵਾਰ ਨਾਲ ਦੁਬਾਰਾ ਮੇਲ ਹੁੰਦਾ ਹੈ ਤੇ ਬਾਕੀ 70 ਫੀਸਦੀ ਬੱਚੇ ਮਨੁੱਖੀ ਤਸਕਰ ਗਿਰੋਹਾਂ ਵਲੋਂ ਘਰੇਲੂ ਕੰਮਕਾਜ ਅਤੇ ਭਿੱਖਿਆਬਿਰਤੀ 'ਚ ਧੱਕ ਦਿੱਤੇ ਜਾਂਦੇ ਹਨ। 
ਬੱਚਿਆਂ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਅਤੇ ਉਨ੍ਹਾਂ ਨਾਲ ਮਾਰ-ਕੁਟਾਈ ਕਰ ਕੇ ਉਨ੍ਹਾਂ ਨੂੰ ਭੀਖ ਮੰਗਣ ਜਾਂ ਦੇਹ ਵਪਾਰ ਤਕ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਕਦੇ-ਕਦੇ ਉਹ ਮਨੁੱਖੀ ਅੰਗਾਂ ਦੇ ਤਸਕਰ ਗਿਰੋਹਾਂ ਦੇ ਹੱਥੇ ਵੀ ਚੜ੍ਹ ਜਾਂਦੇ ਹਨ। 
ਲੋਕਾਂ ਦੀ ਹਮਦਰਦੀ ਬਟੋਰਨ ਲਈ ਭਿਖਾਰੀ ਗਿਰੋਹਾਂ ਦੇ ਸਰਗਣੇ ਕਿਸੇ ਦੀ ਚਮੜੀ ਸਾੜ ਦਿੰਦੇ ਹਨ, ਕਿਸੇ ਦਾ ਕੋਈ ਅੰਗ ਤੋੜ ਦਿੰਦੇ ਹਨ ਤੇ ਜ਼ਿਆਦਾ ਬਦਸੂਰਤ ਦਿਖਾਉਣ ਲਈ ਉਨ੍ਹਾਂ ਦੇ ਨੱਕ-ਕੰਨ ਤਕ ਕੱਟ ਦਿੱਤੇ ਜਾਂਦੇ ਹਨ। 
ਦੱਸਿਆ ਜਾਂਦਾ ਹੈ ਕਿ ਰਾਜਧਾਨੀ ਦੀ ਲੱਗਭਗ ਸਾਢੇ ਤਿੰਨ ਕਰੋੜ ਆਬਾਦੀ ਵਿਚ ਲੱਗਭਗ ਡੇਢ ਫੀਸਦੀ ਭਿਖਾਰੀ ਹਨ, ਜੋ ਮੁੱਖ ਤੌਰ 'ਤੇ ਐੱਨ. ਸੀ. ਆਰ. ਦੇ ਮੈਟਰੋ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਅਸਥਾਨਾਂ ਆਦਿ ਦੇ ਆਸ-ਪਾਸ ਭੀਖ ਮੰਗਦੇ ਦੇਖੇ ਜਾਂਦੇ ਹਨ। 
ਭੀਖ ਮੰਗਣ ਵਾਲਿਆਂ ਵਿਚ ਛੋਟੇ-ਛੋਟੇ ਬੱਚੇ ਵੀ ਵੱਡੀ ਗਿਣਤੀ 'ਚ ਸ਼ਾਮਿਲ ਹੁੰਦੇ ਹਨ, ਜੋ ਦੂਰ-ਦੂਰ ਤਕ ਲੋਕਾਂ ਦੇ ਪਿੱਛੇ ਚਲੇ ਜਾਂਦੇ ਹਨ ਤੇ ਸੜਕਾਂ 'ਤੇ ਬੇਤਰਤੀਬੇ ਢੰਗ ਨਾਲ ਭੱਜਦਿਆਂ ਆਪਣੀ ਜਾਨ ਜੋਖ਼ਿਮ ਵਿਚ ਪਾਉਣ ਤੋਂ ਇਲਾਵਾ ਗੱਡੀਆਂ ਆਦਿ ਅੱਗੇ ਖੜ੍ਹੇ ਹੋ ਕੇ ਆਵਾਜਾਈ ਤੇ ਸੁਰੱਖਿਆ ਸੰਬੰਧੀ ਸਮੱਸਿਆਵਾਂ ਵੀ ਪੈਦਾ ਕਰਦੇ ਹਨ। 
ਭੀਖ ਮੰਗਣ ਤੋਂ ਇਲਾਵਾ ਇਹ ਭਿਖਾਰੀ ਅਪਰਾਧਿਕ ਸਰਗਰਮੀਆਂ 'ਚ ਵੀ ਸ਼ਾਮਿਲ ਪਾਏ ਜਾ ਰਹੇ ਹਨ। ਅਜੇ 22 ਜੁਲਾਈ ਨੂੰ ਹੀ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ 2 ਭਿਖਾਰਨਾਂ ਨੇ ਬੀ. ਐੱਸ. ਐੱਫ. ਦੇ ਇਕ ਕਾਂਸਟੇਬਲ ਦੀ ਛੋਟੀ ਜਿਹੀ ਬੱਚੀ ਨੂੰ ਅਗਵਾ ਕਰ ਲਿਆ, ਜੋ ਖੁਸ਼ਕਿਸਮਤੀ ਨਾਲ ਬਰਾਮਦ ਕਰ ਲਈ ਗਈ। 
2010 'ਚ ਰਾਜਧਾਨੀ ਵਿਚ 'ਕਾਮਨਵੈਲਥ ਖੇਡਾਂ' ਦੇ ਆਯੋਜਨ ਤੋਂ ਪਹਿਲਾਂ ਦਿੱਲੀ ਵਿਚ ਮੌਜੂਦ ਹਜ਼ਾਰਾਂ ਭਿਖਾਰੀਆਂ ਨੂੰ ਖੇਡਾਂ ਦਾ ਆਯੋਜਨ ਪੂਰਾ ਹੋਣ ਤਕ ਉਨ੍ਹਾਂ ਦੇ ਗ੍ਰਹਿ ਸੂਬਿਆਂ ਵਿਚ ਭੇਜ ਦਿੱਤਾ ਗਿਆ ਸੀ, ਜੋ ਬਾਅਦ ਵਿਚ ਵਾਪਿਸ ਆ ਗਏ ਤੇ ਅੱਜ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਗਿਣਤੀ 'ਚ ਰਾਜਧਾਨੀ ਵਿਚ ਮੌਜੂਦ ਹਨ। 
ਜ਼ਿਕਰਯੋਗ ਹੈ ਕਿ ਭਿੱਖਿਆਬਿਰਤੀ 'ਤੇ ਰੋਕ ਲਾਉਣ ਲਈ ਮਹਾਰਾਸ਼ਟਰ ਦੀ ਤੱਤਕਾਲੀ ਸਰਕਾਰ ਨੇ 1959 ਵਿਚ 'ਬਾਂਬੇ ਪ੍ਰੀਵੈਂਸ਼ਨ ਆਫ ਬੈਗਿੰਗ ਐਕਟ' ਬਣਾਇਆ ਸੀ, ਜਿਸ ਨੂੰ ਦੂਜੇ ਸੂਬਿਆਂ ਨੇ ਵੀ ਅਪਣਾਇਆ ਹੈ ਤੇ ਦਿੱਲੀ ਵਿਚ ਵੀ ਇਹ ਕਾਨੂੰਨ 1960 ਤੋਂ ਲਾਗੂ ਹੈ।
ਇਸ ਵਿਚ ਜਨਤਕ ਥਾਵਾਂ 'ਤੇ ਭੀਖ ਮੰਗਣਾ ਸਜ਼ਾਯੋਗ ਅਪਰਾਧ ਕਰਾਰ ਦਿੱਤਾ ਗਿਆ ਹੈ ਤੇ ਜਨਤਕ ਥਾਵਾਂ 'ਤੇ ਨੱਚ-ਗਾ ਕੇ ਜਾਂ ਕਿਸੇ ਹੋਰ ਢੰਗ ਨਾਲ ਭੀਖ ਮੰਗਣਾ ਅਪਰਾਧ ਮੰਨਿਆ ਗਿਆ ਹੈ। 
ਇਸ ਦੇ ਤਹਿਤ ਪਹਿਲੀ ਵਾਰ ਭੀਖ ਮੰਗਦਿਆਂ ਫੜੇ ਜਾਣ 'ਤੇ ਇਕ ਸਾਲ ਅਤੇ ਦੂਜੀ ਵਾਰ ਫੜੇ ਜਾਣ 'ਤੇ 3 ਤੋਂ 10 ਸਾਲ ਤਕ ਕੈਦ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।
ਇੰਨਾ ਹੀ ਨਹੀਂ, ਇਸ ਕਾਨੂੰਨ ਅਨੁਸਾਰ ਕਿਸੇ ਵੀ ਭਿਖਾਰੀ ਨੂੰ ਬਿਨਾਂ ਵਾਰੰਟ ਦੇ ਗ੍ਰਿਫਤਾਰ ਕਰ ਕੇ ਅਤੇ ਬਿਨਾਂ ਮੁਕੱਦਮਾ ਚਲਾਇਆਂ ਹੀ ਮਾਨਤਾ ਪ੍ਰਾਪਤ ਪਨਾਹਗਾਹਾਂ ਜਾਂ ਜੇਲ 'ਚ ਭੇਜਿਆ ਜਾ ਸਕਦਾ ਹੈ। 
ਦੇਸ਼ ਦੀ ਰਾਜਧਾਨੀ ਅਤੇ ਇਕ ਪ੍ਰਾਚੀਨ ਸ਼ਹਿਰ ਹੋਣ ਦੇ ਨਾਤੇ ਦਿੱਲੀ ਵਿਚ ਵੱਡੀ ਗਿਣਤੀ 'ਚ ਵਿਦੇਸ਼ੀ ਡਿਪਲੋਮੇਟਾਂ ਤੋਂ ਇਲਾਵਾ ਸੈਲਾਨੀ ਵੀ ਆਉਂਦੇ ਰਹਿੰਦੇ ਹਨ। ਬਹੁਤੇ ਦੇਸ਼ਾਂ ਵਿਚ ਭੀਖ ਮੰਗਣ ਦੀ ਪ੍ਰਥਾ ਨਾ ਹੋਣ ਕਾਰਨ ਜਦੋਂ ਉਹ ਇਥੇ ਭਿਖਾਰੀਆਂ ਨੂੰ ਭੀਖ ਮੰਗਦਿਆਂ ਦੇਖਦੇ ਹਨ ਤਾਂ ਇਸ ਨਾਲ ਦੇਸ਼ ਦੇ ਅਕਸ ਨੂੰ ਠੇਸ ਲੱਗਦੀ ਹੈ ਤੇ ਉਨ੍ਹਾਂ ਦੇ ਮਨ ਵਿਚ ਭਾਰਤ ਪ੍ਰਤੀ ਨਾਂਹ-ਪੱਖੀ ਧਾਰਨਾ ਬਣਦੀ ਹੈ। 
ਕਿਉਂਕਿ ਇਹ ਭਿਖਾਰੀ ਸਮਾਜ ਲਈ ਪ੍ਰੇਸ਼ਾਨੀ ਦੇ ਨਾਲ-ਨਾਲ ਕਾਨੂੰਨ-ਵਿਵਸਥਾ ਦੀ ਵੀ ਸਮੱਸਿਆ ਬਣਦੇ ਜਾ ਰਹੇ ਹਨ, ਇਸ ਲਈ ਮਨੁੱਖੀ ਤਸਕਰ ਗਿਰੋਹਾਂ 'ਤੇ ਰੋਕ ਲਾ ਕੇ ਇਸ ਬੁਰਾਈ ਨੂੰ ਵਧਣ ਤੋਂ ਰੋਕਣ ਦੇ ਯਤਨ ਕਰਨ ਅਤੇ ਸਮਾਜ ਭਲਾਈ ਪ੍ਰੋਗਰਾਮਾਂ ਦੇ ਜ਼ਰੀਏ ਮੌਜੂਦਾ ਭਿਖਾਰੀਆਂ ਦੇ ਮੁੜ-ਵਸੇਬੇ, ਸਿੱਖਿਆ ਤੇ ਸਿਖਲਾਈ ਆਦਿ ਦਾ ਪ੍ਰਬੰਧ ਕਰ ਕੇ ਇਸ ਬੁਰਾਈ ਨੂੰ ਛੇਤੀ ਤੋਂ ਛੇਤੀ ਖਤਮ ਕਰਨਾ ਜ਼ਰੂਰੀ ਹੈ। 
—ਵਿਜੇ ਕੁਮਾਰ


Related News