‘ਪੂਰੀ ਦੁਨੀਆ’ ਅਸ਼ਾਂਤੀ, ਹਿੰਸਾ ਅਤੇ ‘ਅਸਹਿਣਸ਼ੀਲਤਾ ਦੀ ਲਪੇਟ ਵਿਚ’

09/02/2020 3:28:19 AM

ਜਿਵੇਂ-ਜਿਵੇਂ ਕਈ ਦੇਸ਼ਾਂ ਦੀਆਂ ਸਰਕਾਰਾਂ ’ਚ ਅੱਤਿਆਚਾਰ ਅਤੇ ਲਾਲਚ ਵਧ ਰਿਹਾ ਹੈ, ਉਸੇ ਹਿਸਾਬ ਨਾਲ ਲੋਕਾਂ ’ਚ ਅਸੰਤੋਸ਼ ਅਤੇ ਅਸਹਿਣਸ਼ੀਲਤਾ ਪੈਦਾ ਹੋ ਗਈ ਹੈ। ਇਸ ਨਾਲ ਦੁਨੀਆ ’ਚ ਅਸ਼ਾਂਤੀ ਅਤੇ ਹਿੰਸਾ ਵਧ ਰਹੀ ਹੈ :

* 24 ਅਗਸਤ ਨੂੰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ ‘ਦਦਿਆਲ’ ਵਿਚ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਅੱਤਿਆਚਾਰਾਂ ਦੇ ਵਿਰੁੱੱਧ ਲੋਕਾਂ ਨੇ ਵੱਡੀ ਪੱਧਰ ’ਤੇ ਰੈਲੀ ਕੱਢ ਕੇ ਪ੍ਰਦਰਸ਼ਨ ਕੀਤਾ।

* 24 ਅਗਸਤ ਨੂੰ ਹੀ ਅਮਰੀਕਾ ’ਚ ਵਿਸਕਾਂਸਿਨ ਦੇ ਕੇਨੋਸ਼ਾ ਸ਼ਹਿਰ ’ਚ 2 ਔਰਤਾਂ ਦਾ ਝਗੜਾ ਨਜਿੱਠ ਰਹੇ ਜੈਕਬ ਬਲੈਕ ਨਾਂ ਦੇ ਇਕ ਅਸ਼ਵੇਤ ਨੂੰ ਪੁਲਸ ਵਲੋਂ ਗੋਲੀ ਮਾਰਨ ਤੋਂ ਬਾਅਦ ਹਿੰਸਾ ਭੜਕ ਪਈ ਅਤੇ ਲੋਕਾਂ ਨੇ ਅਗਜ਼ਨੀ ਅਤੇ ਲੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਮਰੀਕਾ ਦੇ ਕਈ ਸ਼ਹਿਰਾਂ ’ਚ ਫੈਲੇ ਪ੍ਰਦਰਸ਼ਨਾਂ ’ਤੇ ਕਾਬੂ ਪਾਉਣ ਲਈ ਪੁਲਸ ਨੂੰ ਬਲ ਪ੍ਰਯੋਗ ਕਰਨਾ ਪਿਆ ਜਿਸ ’ਚ 2 ਲੋਕ ਮਾਰੇ ਗਏ।

* 25 ਅਗਸਤ ਨੂੰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਨੀਲਮ ਅਤੇ ਜੇਹਲਮ ਨਦੀਆਂ ’ਤੇ ਚੀਨ ਵਲੋਂ ਡੈਮ ਬਣਾਉਣ ਵਿਰੁੱਧ ਲੋਕਾਂ ਨੇ ‘ਨਦੀਆਂ ’ਤੇ ਡੈਮ ਨਾ ਬਣਾਓ, ਸਾਨੂੰ ਜ਼ਿੰਦਾ ਰਹਿਣ ਦਿਓ’ ਨਾਅਰੇ ਲਾਉਂਦੇ ਹੋਏ ਵਿਸ਼ਾਲ ਮਸ਼ਾਲ ਜਲੂਸ ਕੱਢਿਆ।

* 25 ਅਗਸਤ ਨੂੰ ਅਫਗਾਨਿਸਤਾਨ ਦੇ ਸੂਬੇ ਗੌਰ ਦੇ ਸ਼ਹਿਰਕ ਜ਼ਿਲੇ ’ਚ ਤਾਲਿਬਾਨ ਦੇ ਹਮਲੇ ’ਚ 8 ਪੁਲਸ ਕਰਮਚਾਰੀ ਮਾਰੇ ਗਏ।

* 26 ਅਗਸਤ ਨੂੰ ਚੀਨ ਸਰਕਾਰ ਦੀਆਂ ਜ਼ਾਲਮਾਨਾ ਨੀਤੀਆਂ ਵਿਰੁੱਧ ਹਾਂਗਕਾਂਗ ’ਚ ਲੋਕਤੰਤਰ ਸਮਰਥਕਾਂ ਵਲੋਂ ਕੀਤੇ ਜਾ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਸਿਲਸਿਲੇ ’ਚ ਪੁਲਸ ਨੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ।

* 27 ਅਗਸਤ ਨੂੰ ਅਫਗਾਨਿਸਤਾਨ ਦੇ ਪਰਵਾਨ ਸੂਬੇ ’ਚ ਤਾਲਿਬਾਨ ਅੱਤਵਾਦੀਆਂ ਨੇ 4 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ।

* 29 ਅਗਸਤ ਨੂੰ ਸਵੀਡਨ ਦੇ ਮਾਲਮੋ ਸ਼ਹਿਰ ਵਿਚ ਦੱਖਣਪੰਥੀ ਕਾਰਕੁੰਨਾਂ ਵਲੋਂ ਕਥਿਤ ਤੌਰ ’ਤੇ ਪਵਿੱਤਰ ਕੁਰਾਨ ਦੀ ਕਾਪੀ ਸਾੜਨ ਦੇ ਵਿਰੋਧ ’ਚ ਦੰਗੇ ਭੜਕ ਉੱਠੇ।

ਮਜ਼੍ਹਬੀ ਨਾਅਰਿਆਂ ਵਿਚਾਲੇ ਪੁਲਸ ਅਤੇ ਬਚਾਅ ਦਲ ਦੇ ਮੈਂਬਰਾਂ ’ਤੇ ਪਥਰਾਅ ਕੀਤਾ ਗਿਆ। ਸੜਕਾਂ ’ਤੇ ਟਾਇਰ ਸਾੜੇ ਗਏ ਅਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ।

* 29 ਅਗਸਤ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ’ਚ ਹਜ਼ਾਰਾਂ ਲੋਕਾਂ ਨੇ ਨਸਲੀ ਭੇਦਭਾਵ ਅਤੇ ਪੁਲਸ ਜ਼ੁਲਮਾਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ।

ਇਸੇ ਦਿਨ ਵਿਸਕਾਂਸਿਨ ’ਚ ਇਕ ਅਦਾਲਤ ਦੇ ਬਾਹਰ ਲਗਭਗ 1000 ਪ੍ਰਦਰਸ਼ਨਕਾਰੀਅਾਂ ਨੇ ਜੈਕਬ ਬਲੈਕ ਨੂੰ ਗੋਲੀ ਮਾਰੇ ਜਾਣ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ।

* 29 ਅਗਸਤ ਨੂੰ ਹੀ ਲੰਡਨ ਦੇ ਟ੍ਰਾਫਲਗਰ ਸਕੁਆਇਰ ’ਤੇ ਹਜ਼ਾਰਾਂ ਲੋਕਾਂ ਨੇ ਲਾਕਡਾਊਨ ਲਾਉਣ ਅਤੇ ਫੇਸ ਮਾਸਕ ਦੀ ਵਰਤੋਂ ਜ਼ਰੂਰੀ ਕਰਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸੇ ਦਿਨ ਜਰਮਨੀ ਦੇ ਬਰਲਿਨ ਸ਼ਹਿਰ ’ਚ ਕੋਵਿਡ-19 ਦੇ ਮੱਦੇਨਜ਼ਰ ਲਗਾਈਅਾਂ ਗਈਅਾਂ ਪਾਬੰਦੀਅਾਂ ਦੇ ਵਿਰੋਧ ’ਚ ਦੱਖਣਪੰਥੀ ਕੱਟੜਪੰਥੀਅਾਂ ਨੇ ਪ੍ਰਦਰਸ਼ਨ ਕੀਤਾ ਅਤੇ ਜਰਮਨ ਸੰਸਦ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

* 31 ਅਗਸਤ ਨੂੰ ਇੰਗਲੈਂਡ ਦੇ ਲੰਡਨ, ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਸ਼ਹਿਰਾਂ ’ਚ ਪਾਕਿਸਤਾਨ ਸਰਕਾਰ ਵਲੋਂ ਬਲੋਚ ਨਾਗਰਿਕਾਂ ’ਤੇ ਅੱਤਿਆਚਾਰਾਂ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਗਏ।

* 31 ਅਗਸਤ ਨੂੰ ਅਮਰੀਕਾ ਦੇ ਵਾਸ਼ਿੰਗਟਨ ਅਤੇ ਨਿਊਯਾਰਕ ਸ਼ਹਿਰਾਂ ’ਚ ਉਈਗਰ ਮੁਸਲਮਾਨ ਭਾਈਚਾਰੇ ਦੇ ਮੈਂਬਰਾਂ ਨੇ ਚੀਨ ’ਚ ਉਨ੍ਹਾਂ ’ਤੇ ਅੱਤਿਆਚਾਰਾਂ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਬੀਜਿੰਗ ਸਰਕਾਰ ਵਿਰੁੱਧ ਅਮਰੀਕੀ ਸਰਕਾਰ ਅਤੇ ਸੰਯੁਕਤ ਰਾਸ਼ਟਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ।

ਇਸੇ ਦਿਨ ਬੀਜਿੰਗ ’ਚ ਇਕ ਉਈਗਰ ਮੁਸਲਮਾਨ ਔਰਤ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਨਜਿਆਂਗ ਸੂਬੇ ਦੇ ਆਈਸੋਲੇਸ਼ਨ ਸੈਂਟਰ ’ਚ ਮੁਸਲਮਾਨ ਔਰਤਾਂ ਨੂੰ ਹਫਤੇ ’ਚ ਇਕ ਵਾਰ ਮੂੰਹ ਢੱਕ ਕੇ ਨਗਨ ਹੋਣਾ ਪੈਂਦਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਸਰੀਰ ’ਤੇ ਰੋਗਾਣੂਨਾਸ਼ਕ ਰਸਾਇਣ ਦਾ ਛਿੜਕਾਅ ਕੀਤਾ ਜਾਂਦਾ ਸੀ।

* 31 ਅਗਸਤ ਨੂੰ ਮੈਕਸੀਕੋ ਸਿਟੀ ’ਚ ਦਵਾਈਅਾਂ ਦੀ ਕਮੀ, ਬੇਰੋਜ਼ਗਾਰੀ ਅਤੇ ਗੈਂਗਵਾਰ ਦੇ ਚੱਲਦਿਅਾਂ ਜਾਰੀ ਹਿੰਸਾ ਦੇ ਵਿਰੁੱਧ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਐਂਡੇਰਸ ਮੈਨੂਅਲ ਵਿਰੁੱਧ ਨਾਅਰੇ ਲਗਾਏ ਅਤੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਅਾਂ ਨੇ ਕਿਹਾ ਕਿ ਦਵਾਈ ਨਾ ਮਿਲਣ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਸਰਕਾਰ ਚੁੱਪ ਹੈ।

* 31 ਅਗਸਤ ਨੂੰ ਹੀ ਪਾਕਿਸਤਾਨ ਦੇ ਖੈਬਰਪਖਤੂਨਖਵਾ ਸੂਬੇ ਦੇ ਦੱਖਣੀ ਵਜ਼ੀਰੀਸਤਾਨ ’ਚ ਫੌਜੀਅਾਂ ’ਤੇ ਅੱਤਵਾਦੀਅਾਂ ਵਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਦੇ ਨਤੀਜੇ ਵਜੋਂ ਤਿੰਨ ਫੌਜੀ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ।

ਪੂਰੀ ਦੁਨੀਆ ’ਚ ਫੈਲੀ ਹਿੰਸਾ ਅਤੇ ਅਸੰਤੋਸ਼ ਦੀਅਾਂ ਇਹ ਤਾਂ ਸਿਰਫ 7 ਦਿਨਾਂ ਦੀਅਾਂ ਕੁਝ ਉਦਾਹਰਣਾਂ ਹਨ ਜਦਕਿ ਇਨ੍ਹਾਂ ਤੋਂ ਇਲਾਵਾ ਵੀ ਦੁਨੀਆ ’ਚ ਇਸ ਸਮੇਂ ਦੌਰਾਨ ਹਿੰਸਾ ਦੀਅਾਂ ਪਤਾ ਨਹੀਂ ਕਿੰਨੀਅਾਂ ਘਟਨਾਵਾਂ ਹੋਈਅਾਂ ਹੋਣਗੀਅਾਂ ਅਤੇ ਹੋ ਰਹੀਅਾਂ ਹਨ।

ਸਿਆਸੀ ਦਰਸ਼ਕਾਂ ਦੇ ਅਨੁਸਾਰ ਪਿਛਲੇ 25 ਸਾਲਾਂ ’ਚ ਦੁਨੀਆ ’ਚ ਲੋਕਤੰਤਰ ਦੀ ਹਾਲਤ ਕਮਜ਼ੋਰ ਹੋਈ ਹੈ ਅਤੇ ਬੇਲਗਾਮ ਸ਼ਾਸਨ ਜਾਂ ਤਾਨਾਸ਼ਾਹੀ ਦਾ ਸਮਰਥਨ ਕਰਨ ਵਾਲੀਅਾਂ ਤਾਕਤਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਘਟਨਾਵਾਂ ਦੇ ਪਿੱਛੇ ਸਰਕਾਰਾਂ ਦੀਆਂ ਜ਼ਾਲਮਾਨਾ ਆਦਤਾਂ ਦਾ ਯੋਗਦਾਨ ਵੀ ਹੈ।

ਇਸ ਲਈ ਸਮਾਜ ’ਚ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਆਖਿਰ ਦੁਨੀਆ ’ਚ ਉਹ ਸਮਾਂ ਕਦੋਂ ਆਏਗਾ ਜਦ ਲੋਕਾਂ ਨੂੰ ਅਜਿਹੀਅਾਂ ਘਟਨਾਵਾਂ ਤੋਂ ਮੁਕਤੀ ਮਿਲੇਗੀ ਅਤੇ ਉਹ ਸੁੱਖ-ਸ਼ਾਂਤੀ ਨਾਲ ਰਹਿ ਸਕਣਗੇ।

–ਵਿਜੇ ਕੁਮਾਰ


Bharat Thapa

Content Editor

Related News