ਚੋਣ ਰੈਲੀ ''ਚ ਬੋਲੇ PM ਮੋਦੀ, ਭਰਾ ਮੁਹੰਮਦ ਸ਼ਮੀ ਵੱਲੋਂ ਕੀਤਾ ਗਿਆ ਕਮਾਲ ਪੂਰੀ ਦੁਨੀਆ ਨੇ ਦੇਖਿਆ
Friday, Apr 19, 2024 - 01:40 PM (IST)
ਅਮਰੋਹਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਇਕ ਚੋਣ ਰੈਲੀ ਦੌਰਾਨ ਗੋਡੇ ਦੀ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋਏ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਯਾਦ ਕੀਤਾ ਹੈ। ਲੋਕ ਸਭਾ ਚੋਣਾਂ ਵਿੱਚ ਅਮਰੋਹਾ ਵਿੱਚ ਭਾਜਪਾ ਦੇ ਕਰਨ ਸਿੰਘ ਤੰਵਰ ਦਾ ਮੁਕਾਬਲਾ ਕਾਂਗਰਸ ਗਠਜੋੜ ਦੇ ਦਾਨਿਸ਼ ਅਲੀ ਨਾਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਅਮਰੋਹਾ ਰੈਲੀ 'ਚ ਕਿਹਾ, 'ਭਾਈ ਮੁਹੰਮਦ ਸ਼ਮੀ ਨੇ ਕ੍ਰਿਕਟ ਵਿਸ਼ਵ ਕੱਪ 'ਚ ਜੋ ਸ਼ਾਨਦਾਰ ਕਾਰਨਾਮਾ ਕੀਤਾ, ਉਸ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਕੇਂਦਰ ਸਰਕਾਰ ਨੇ ਭਰਾ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਦਿੱਤਾ ਹੈ।
ਉਨ੍ਹਾਂ ਕਿਹਾ, 'ਯੋਗੀ ਜੀ ਦੀ ਸਰਕਾਰ ਦੋ ਕਦਮ ਅੱਗੇ ਵਧੀ ਹੈ। ਯੋਗੀ ਜੀ ਇੱਥੇ ਨੌਜਵਾਨਾਂ ਲਈ ਸਟੇਡੀਅਮ ਵੀ ਬਣਵਾ ਰਹੇ ਹਨ। ਮੈਂ ਅਮਰੋਹਾ ਦੇ ਲੋਕਾਂ ਨੂੰ ਇਸ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜ਼ਿਕਰਯੋਗ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਮਰੋਹਾ ਦੇ ਰਹਿਣ ਵਾਲੇ ਹਨ। ਪਿਛਲੇ ਸਾਲ, ਉਨ੍ਹਾਂ ਨੇ ਭਾਰਤ ਵਿੱਚ ਹੋਏ ਵਨਡੇ ਵਿਸ਼ਵ ਕੱਪ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਭ ਤੋਂ ਵੱਧ 24 ਵਿਕਟਾਂ ਲਈਆਂ।