ਲੋਕਤੰਤਰ ਦੇ ਸਭ ਤੋਂ ਵੱਡੇ ਉਤਸਵ ’ਚ ਹਿੰਸਾ, ਭੰਨ-ਤੋੜ ਅਤੇ ਪੱਥਰਬਾਜ਼ੀ

Monday, Apr 22, 2024 - 03:59 AM (IST)

ਲੋਕਤੰਤਰ ਦੇ ਸਭ ਤੋਂ ਵੱਡੇ ਉਤਸਵ ’ਚ ਹਿੰਸਾ, ਭੰਨ-ਤੋੜ ਅਤੇ ਪੱਥਰਬਾਜ਼ੀ

18ਵੀਂ ਲੋਕ ਸਭਾ ਦੀਆਂ ਚੋਣਾਂ ਲਈ ਦੇਸ਼ ਦੇ 21 ਸੂਬਿਆਂ ਦੀਆਂ 102 ਸੀਟਾਂ ’ਤੇ ਬੂਥ ਕੈਪਚਰਿੰਗ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਭੰਨਣ ਅਤੇ ਹਿੰਸਾ ਦੀਆਂ ਘਟਨਾਵਾਂ ਦੇ ਦਰਮਿਆਨ ਔਸਤਨ 61 ਫੀਸਦੀ ਵੋਟਾਂ ਪੈਣ ਦੇ ਨਾਲ ਵੋਟਾਂ ਪੈਣ ਦਾ ਪਹਿਲਾ ਪੜਾਅ 19 ਅਪ੍ਰੈਲ ਨੂੰ ਸੰਪੰਨ ਹੋ ਗਿਆ। ਇਸ ਵਿਚ ਸਭ ਤੋਂ ਵੱਧ ਪੋਲਿੰਗ ਤ੍ਰਿਪੁਰਾ (80.46 ਫੀਸਦੀ) ’ਚ ਅਤੇ ਸਭ ਤੋਂ ਘੱਟ ਬਿਹਾਰ (48.50 ਫੀਸਦੀ) ਵਿਚ ਹੋਈ।

ਪੱਛਮੀ ਬੰਗਾਲ ਦੀਆਂ 3 ਸੀਟਾਂ ’ਚੋਂ ਕੂਚਬਿਹਾਰ ’ਚ ਤ੍ਰਿਣਮੂਲ ਅਤੇ ਭਾਜਪਾ ਦੇ ਸਮਰਥਕ ਆਪਸ ’ਚ ਭਿੜ ਗਏ। ਕੂਚਬਿਹਾਰ ਦੇ ‘ਚਾਂਦਮਾੜੀ’ ਇਲਾਕੇ ’ਚ 2 ਧੜਿਆਂ ਦੇ ਦਰਮਿਆਨ ਖੁੱਲ੍ਹ ਕੇ ਹੋਏ ਪੱਥਰਾਅ ’ਚ ਕਈ ਵਿਅਕਤੀ ਜ਼ਖਮੀ ਹੋ ਗਏ। ਚਾਂਦਮਾੜੀ ਇਲਾਕੇ ’ਚ ਭਾਜਪਾ ਦੇ ਬੂਥ ਪ੍ਰਧਾਨ ਲੋਬ ਸਰਕਾਰ ਅਤੇ ਬਾਰੋਕੋਡਾਲੀ ਗ੍ਰਾਮ ਪੰਚਾਇਤ ਵਿਚ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ’ਤੇ ਹਮਲਾ ਕੀਤਾ ਗਿਆ। ਕਈ ਚੋਣ ਏਜੰਟਾਂ ’ਤੇ ਵੀ ਹਮਲੇ ਕੀਤੇ ਗਏ।

‘ਦਿਨਹਾਟਾ’ ਵਿਚ ਇਕ ਬੰਬ ਦਾ ਵੀਡੀਓ ਸੋਸ਼ਲ ਵੀਡੀਓ ’ਤੇ ਵਾਇਰਲ ਹੋਣ ’ਤੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਬੰਗਾਲ ’ਚ ਚੋਣ ਕਮਿਸ਼ਨ ਨੂੰ ਵੱਖ-ਵੱਖ ਧਿਰਾਂ ਵਲੋਂ 383 ਤੋਂ ਵੱਧ ਸ਼ਿਕਾਇਤਾਂ ਮਿਲੀਆਂ। ਤ੍ਰਿਣਮੂਲ ਕਾਂਗਰਸ ’ਤੇ ਭਾਜਪਾ ਦੇ ਕੁਝ ਵਰਕਰਾਂ ਨੂੰ ਕੁੱਟਣ ਅਤੇ ਆਪਣੇ ਸਮਰਥਕਾਂ ਨੂੰ ਪੋਲਿੰਗ ਕੇਂਦਰਾਂ ਤੱਕ ਪਹੁੰਚਾਉਣ ਤੋਂ ਰੋਕਣ ਲਈ ਹਿੰਸਾ ਦਾ ਸਹਾਰਾ ਲੈਣ ਦਾ ਦੋਸ਼ ਲਾਇਆ ਗਿਆ ਹੈ।

ਨਕਸਲਵਾਦ ਪ੍ਰਭਾਵਿਤ ਛੱਤੀਸਗੜ੍ਹ ਦੇ ਬੀਜਾਪੁਰ ’ਚ ਇਕ ਪੋਲਿੰਗ ਕੇਂਦਰ ’ਚ ਗ੍ਰੇਨੇਡ ਫਟਣ ਨਾਲ ਇਕ ਜਵਾਨ ਦੀ ਮੌਤ ਹੋ ਗਈ ਅਤੇ ਇਕ ਸਹਾਇਕ ਕਮਾਂਡੈਂਟ ਜ਼ਖਮੀ ਹੋ ਗਿਆ। ਹਿੰਸਾ ਪ੍ਰਭਾਵਿਤ ਅੰਦਰੂਨੀ ਅਤੇ ਬਾਹਰੀ ਮਣੀਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਵੱਖ-ਵੱਖ ਧੜਿਆਂ ਦਰਮਿਆਨ ਝੜਪਾਂ ਦੇ ਨਤੀਜੇ ਵਜੋਂ ਕੁਝ ਦੇਰ ਲਈ ਵੋਟਾਂ ਪੈਣ ਦਾ ਕੰਮ ਰੋਕਣਾ ਪਿਆ।

ਇੰਫਾਲ ਪੱਛਮ ਦੇ ਬੂਥ ’ਚ ਹਥਿਆਰਬੰਦ ਬਦਮਾਸ਼ਾਂ ਨੇ ਅੰਦਰ ਵੜ ਕੇ ਈ.ਵੀ.ਐੱਮ. ’ਚ ਭੰਨ-ਤੋੜ ਕੀਤੀ, ਗੋਲੀਆਂ ਚਲਾਈਆਂ ਅਤੇ ਕਈ ਥਾਵਾਂ ’ਤੇ ਬੂਥਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਮਣੀਪੁਰ ਦੇ ‘ਥਮਨਪੋਪਕੀ’ ਵਿਚ ਇਕ ਪੋਲਿੰਗ ਕੇਂਦਰ ’ਤੇ ਗੋਲੀਬਾਰੀ ’ਚ 3 ਵਿਅਕਤੀ ਜ਼ਖਮੀ ਹੋ ਗਏ। ਸੂਬੇ ’ਚ ਕੁਕੁ ਭਾਈਚਾਰੇ ਦੇ ‘ਯੰਗ ਕੁਕੀ ਗਰੁੱਪ’ ਨੇ ਵੋਟਾਂ ਪਾਉਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਬਿਹਾਰ ਦੇ ਨਵਾਦਾ ’ਚ ਇਕ ਸਿਪਾਹੀ ਦੀ ਐੱਸ. ਐੱਲ. ਆਰ. ਰਾਈਫਲ ਅਤੇ 20 ਗੋਲੀਆਂ ਚੋਰੀ ਹੋ ਗਈਆਂ। ਨਾਗਾਲੈਂਡ ਦੇ 6 ਜ਼ਿਲਿਆਂ ਦੇ 20 ਵਿਧਾਨ ਸਭਾ ਹਲਕਿਆਂ ’ਚ ਇਕ ਵੀ ਵੋਟ ਨਹੀਂ ਪਾਈ ਗਈ। ਈਸਟਰਨ ਨਾਗਾਲੈਂਡ ਪੀਪਲਜ਼ ਫਰੰਟ ਨੇ ਵੱਖਰੇ ਸੂਬੇ ਦੀ ਮੰਗ ਨੂੰ ਲੈ ਕੇ ਇਥੇ ਵੋਟਾਂ ਪਾਉਣ ਦਾ ਬਾਈਕਾਟ ਕੀਤਾ ਸੀ।

ਇਸ ਤਰ੍ਹਾਂ ਦੇ ਮਾਹੌਲ ’ਚ ਵੋਟਾਂ ਪੈਣ ਦਾ ਪਹਿਲਾ ਪੜਾਅ ਕੁਝ ਸਵਾਲ ਛੱਡ ਕੇ ਸੰਪੰਨ ਹੋ ਗਿਆ। ਅਸੀਂ ਕਹਿੰਦੇ ਹਾਂ ਕਿ ਵਿਸ਼ਵ ਵਿਚ ਸਾਡਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਪਰ ਕੀ ਸਾਡੇ ਸੰਵਿਧਾਨ ਘਾੜਿਆਂ ਨੇ ਇਸ ਤਰ੍ਹਾਂ ਦੇ ਲੋਕਤੰਤਰ ਦੀ ਕਲਪਨਾ ਕੀਤੀ ਸੀ। ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਸਾਡੇ ਚੋਣ ਕਮਿਸ਼ਨ ਨੂੰ, ਸਾਡੇ ਪੁਲਸ ਪ੍ਰਸ਼ਾਸਨ ਅਤੇ ਹੋਰ ਸੁਰੱਖਿਆ ਬਲਾਂ ਨੂੰ ਬੜਾ ਸੁਚੇਤ ਅਤੇ ਚੌਕਸ ਹੋਣਾ ਪਵੇਗਾ ਤਾਂ ਕਿ ਚੋਣਾਂ ’ਚ ਹਿੰਸਾ ਨਾ ਹੋਵੇ ਅਤੇ ਸਾਡਾ ਦੇਸ਼ ਸਹੀ ਅਰਥਾਂ ’ਚ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਦਾ ਹੱਕਦਾਰ ਬਣ ਸਕੇ।

ਅਜਿਹਾ ਨਹੀਂ ਹੈ ਕਿ ਪਹਿਲਾਂ ਵੀ ਚੋਣਾਂ ਦੌਰਾਨ ਹਿੰਸਾ ਨਹੀਂ ਹੋਈ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਹਿੰਸਾ ਦੀਆਂ ਅਜਿਹੀਆਂ ਵਾਰਦਾਤਾਂ ਦਾ ਹੋਣਾ ਯਕੀਨੀ ਤੌਰ ’ਤੇ ਚਿੰਤਾ ਵਾਲੀ ਗੱਲ ਹੈ।

-ਵਿਜੇ ਕੁਮਾਰ


author

Harpreet SIngh

Content Editor

Related News