ਰਿੰਕੂ ਅਤੇ ਅੰਗੁਰਾਲ ਦੀ ਐਂਟਰੀ ਨਾਲ ਭਾਜਪਾਈਆਂ ਨੂੰ ਸਤਾਉਣ ਲੱਗੀ ਆਪਣੀ ਚਿੰਤਾ, ਡੈਮੇਜ ਕੰਟਰੋਲ ਵਿਚ ਜੁਟੀ ‘ਆਪ’

Saturday, Mar 30, 2024 - 02:06 PM (IST)

ਰਿੰਕੂ ਅਤੇ ਅੰਗੁਰਾਲ ਦੀ ਐਂਟਰੀ ਨਾਲ ਭਾਜਪਾਈਆਂ ਨੂੰ ਸਤਾਉਣ ਲੱਗੀ ਆਪਣੀ ਚਿੰਤਾ, ਡੈਮੇਜ ਕੰਟਰੋਲ ਵਿਚ ਜੁਟੀ ‘ਆਪ’

ਜਲੰਧਰ (ਵਿਸ਼ੇਸ਼)– ਆਮ ਆਦਮੀ ਪਾਰਟੀ ਤੋਂ ਟਿਕਟ ਲੈ ਕੇ ਜਲੰਧਰ ਤੋਂ ਸੰਸਦ ਮੈਂਬਰ ਬਣੇ ਸੁਸ਼ੀਲ ਰਿੰਕੂ ਦਾ ਅਚਾਨਕ ਭਾਜਪਾ ਵਿਚ ਚਲੇ ਜਾਣਾ ਜਿਥੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੇ ਗਲੇ ਹੇਠੋਂ ਨਹੀਂ ਉਤਰ ਰਿਹਾ, ਉਥੇ ਹੀ ਰਿੰਕੂ ਦੇ ਇਸ ਕਦਮ ਤੋਂ ਬਾਅਦ ਭਾਜਪਾ ਅੰਦਰ ਵੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਰਿੰਕੂ ਵੱਲੋਂ ਪਾਰਟੀ ਵਿਚ ਲਿਆਂਦੇ ਗਏ ਆਗੂਆਂ ਅਤੇ ਵਰਕਰਾਂ ਨੂੰ ਸੰਭਾਲਣ ਵਿਚ ਜੁਟੇ ਹੋਏ ਹਨ। ਉੱਥੇ ਹੀ, ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਹੁਣ ਇਸ ਗੱਲ ਦੀ ਚਿੰਤਾ ਸਤਾਉਣ ਲੱਗੀ ਹੈ ਕਿ ਕਿਤੇ ਪਾਰਟੀ ਵਿਚ ਜਾ ਚੁੱਕੇ ਵਰਕਰ ਭਾਜਪਾ ਵਿਚ ਵਾਪਸ ਨਾ ਮੁੜ ਆਉਣ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਦਲ-ਬਦਲੂ ਘਟਨਾਵਾਂ ਵਧਣ ਪਿੱਛੋਂ ਆਪਣੇ ਘਰਾਂ ਨੂੰ ਸੰਭਾਲਣ ’ਚ ਜੁਟੀਆਂ ਸਾਰੀਆਂ ਪਾਰਟੀਆਂ

ਡੈਮੇਜ ਕੰਟਰੋਲ ਵਿਚ ਜੁਟੀ ‘ਆਪ’

ਮੀਟਿੰਗ ਦੌਰਾਨ ਆਗੂਆਂ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਸਾਰੇ ਵਰਕਰਾਂ ਨੂੰ ਉਨ੍ਹਾਂ ਦਾ ਮਾਣ-ਸਨਮਾਨ ਮਿਲੇਗਾ। ਜਿਥੋਂ ਤਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਿਗਮ ਚੋਣਾਂ ਦੀ ਗੱਲ ਹੈ ਤਾਂ ਸਾਰੇ ਵਰਕਰਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਐਡਜਸਟ ਕੀਤਾ ਜਾਵੇਗਾ। ਹਾਈ ਕਮਾਨ ਨੇ ਵਰਕਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਇਸ ਮਾਮਲੇ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਪ੍ਰਸਿੱਧੀ ਆਮ ਲੋਕਾਂ ਵਿਚ ਘਟੀ ਨਹੀਂ ਹੈ, ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ ਕਿ ਰਿੰਕੂ ਜਾਂ ਸ਼ੀਤਲ ਅੰਗੁਰਾਲ ਦੇ ਜਾਣ ਤੋਂ ਬਾਅਦ ਪਾਰਟੀ ਨੂੰ ਕੋਈ ਖਾਸ ਫਰਕ ਨਹੀਂ ਪਵੇਗਾ।

ਭਾਜਪਾ ਦੇ ਟਕਸਾਲੀ ਆਗੂ ਸ਼ਸ਼ੋਪੰਜ ਵਿਚ

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਿਚ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਆਉਣ ਤੋਂ ਬਾਅਦ ਬੇਸ਼ੱਕ ਖੁਸ਼ੀ ਦਿਖਾਈ ਦੇ ਰਹੀ ਹੈ ਪਰ ਸਥਾਨਕ ਆਗੂ ਅਤੇ ਵਰਕਰ ਇਨ੍ਹਾਂ ਦੋਵਾਂ ਆਗੂਆਂ ਦੇ ਆਉਣ ਨਾਲ ਓਨੇ ਖੁਸ਼ ਨਹੀਂ ਹਨ, ਜਿੰਨੇ ਦਿਖਾ ਰਹੇ ਹਨ। ਦਰਅਸਲ ਰਿੰਕੂ ਨਾਲ ਜਿਹੜੇ ਆਗੂ ਆਮ ਆਦਮੀ ਪਾਰਟੀ ਵਿਚ ਗਏ ਸਨ, ਹੁਣ ਉਨ੍ਹਾਂ ਦੇ ਵੀ ਵਾਪਸ ਭਾਜਪਾ ਵਿਚ ਆਉਣ ਦੀ ਸੰਭਾਵਨਾ ਪੈਦਾ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਸੀਟ ਲਈ ਭਾਜਪਾ ਤੇ ਅਕਾਲੀ ਆਗੂ CM ਮਾਨ ਦੇ ਸੰਪਰਕ 'ਚ! ਕੈਬਨਿਟ ਮੰਤਰੀ ਨੂੰ ਵੀ ਉਤਾਰ ਸਕਦੀ ਹੈ 'ਆਪ'

ਜਦੋਂ ਕਿ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਆਗੂਆਂ ਦੇ ‘ਆਪ’ ਵਿਚ ਜਾਣ ਤੋਂ ਬਾਅਦ ਖਾਲੀ ਹੋਈ ਥਾਂ ਨੂੰ ਭਰਨ ਲਈ ਬਹੁਤ ਸਾਰੇ ਆਗੂ ਮੈਦਾਨ ਵਿਚ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਹੁਣ ਭਾਜਪਾ ਵਿਚ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਮਿਲਣਗੀਆਂ। ਹੁਣ ਜੇਕਰ ਭਾਜਪਾ ਵਿਚੋਂ ਗਏ ਆਗੂ ਵਾਪਸ ਮੁੜ ਆਉਂਦੇ ਹਨ ਤਾਂ ਉਮੀਦ ਲਾਈ ਬੈਠੇ ਇਨ੍ਹਾਂ ਟਕਸਾਲੀ ਆਗੂਆਂ ਦੀਆਂ ਯੋਜਨਾਵਾਂ ’ਤੇ ਇਕ ਵਾਰ ਫਿਰ ਤੋਂ ਪਾਣੀ ਫਿਰ ਸਕਦਾ ਹੈ, ਇਸ ਲਈ ਭਾਜਪਾ ਵਿਚ ਇਸ ਸਮੇਂ ਬੇਹੱਦ ਅਜੀਬ ਸਥਿਤੀ ਪੈਦਾ ਹੋ ਗਈ ਹੈ। ਬੇਸ਼ੱਕ ਰਿੰਕੂ ਦੇ ਸਵਾਗਤ ਲਈ ਤਾਂ ਆਗੂ ਪਹੁੰਚ ਗਏ ਪਰ ਅੰਦਰਖਾਤੇ ਸਭ ਨੂੰ ਹੁਣ ਆਪਣੀ-ਆਪਣੀ ਚਿੰਤਾ ਸਤਾਉਣ ਲੱਗੀ ਹੈ।

ਰਿੰਕੂ ਨਾਲ ਆਏ ਆਗੂਆਂ ਨੂੰ ਰੋਕਣ ’ਚ ਜੁਟੀ 'ਆਪ'

ਜਾਣਕਾਰੀ ਅਨੁਸਾਰ ਵੀਰਵਾਰ ਨੂੰ ਜਲੰਧਰ ਵਿਚ ‘ਆਪ’ ਦੇ ਕੁਝ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਰਿੰਕੂ ਦੇ ਭਾਜਪਾ ਵਿਚ ਜਾਣ ’ਤੇ ਚਿੰਤਾ ਅਤੇ ਗੁੱਸਾ ਦੋਵੇਂ ਜ਼ਾਹਰ ਹੋਏ। ਸੂਤਰਾਂ ਅਨੁਸਾਰ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਦਫ਼ਤਰ ਵਿਚ ਉਕਤ ਮੀਟਿੰਗ ਹੋਈ, ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਕੁਝ ਬੋਰਡ ਚੇਅਰਮੈਨ ਅਤੇ ਕੁਝ ਸਾਬਕਾ ਕੌਂਸਲਰ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਆਗੂਆਂ ਨੇ ਰਿੰਕੂ ਦੇ ਇਸ ਰਵੱਈਏ ’ਤੇ ਰੋਸ ਪ੍ਰਗਟ ਕੀਤਾ ਅਤੇ ਨਾਲ ਹੀ ਹਾਈ ਕਮਾਨ ਦੇ ਭਰੋਸੇ ਤੋਂ ਵੀ ਵਰਕਰਾਂ ਅਤੇ ਸਾਬਕਾ ਕੌਂਸਲਰਾਂ ਨੂੰ ਜਾਣੂ ਕਰਵਾਇਆ। ਪਾਰਟੀ ਨੂੰ ਹੁਣ ਇਸ ਗੱਲ ਨੂੰ ਲੈ ਕੇ ਚਿਤਾ ਸਤਾ ਰਹੀ ਹੈ ਕਿ ਜਿਹੜੇ ਵਰਕਰ ਅਤੇ ਆਗੂ ਰਿੰਕੂ ਨਾਲ ਜਾਂ ਰਿੰਕੂ ਵੱਲੋਂ ਪਾਰਟੀ ਵਿਚ ਸ਼ਾਮਲ ਕਰਵਾਏ ਗਏ ਸਨ, ਉਹ ਵੀ ਕਿਤੇ ਦੂਜੀਆਂ ਪਾਰਟੀਆਂ ਵਿਚ ਨਾ ਚਲੇ ਜਾਣ। ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਕਾਫੀ ਹੱਦ ਤਕ ਨੁਕਸਾਨ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News