ਸਬਸਿਡੀ ’ਤੇ ਲਈਆਂ ਮਸ਼ੀਨਾਂ ਨੂੰ ਬਣਾਇਆ ਰੁਜ਼ਗਾਰ ਦਾ ਸਾਧਨ, ਕਿਸਾਨ ਨੇ ਕਾਇਮ ਕੀਤੀ ਮਿਸਾਲ
Friday, Jun 16, 2023 - 11:43 AM (IST)
ਗੁਰਦਾਸਪੁਰ (ਹਰਮਨ) : ਅਜੋਕੇ ਦੌਰ ’ਚ ਖੇਤੀਬਾੜੀ ਨੂੰ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਕਿਸਾਨ ਖੇਤੀਬਾੜੀ ਦਾ ਧੰਦਾ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਦੂਜੇ ਪਾਸੇ ਗੁਰਦਾਸਪੁਰ ਦੇ ਪਿੰਡ ਮਾੜੇ ਨਾਲ ਸਬੰਧਿਤ ਕਿਸਾਨ ਗੁਰਮੰਗਲ ਸਿੰਘ ਆਪਣੇ ਹੱਥੀਂ ਟਰੈਕਟਰ ਚਲਾ ਕੇ ਲੱਖਾਂ ਰੁਪਏ ਕਮਾ ਰਿਹਾ ਹੈ। ਕਿਸਾਨ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸੁਪਰਸੀਡਰ, ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ, ਤੂੜੀ ਅਤੇ ਪਰਾਲੀ ਬਣਾਉਣ ਵਾਲੀ ਮਸ਼ੀਨ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਸਾਲ-2015 ਵਿੱਚ ਖ਼ਰੀਦੀ ਸੀ, ਪਹਿਲੇ ਸਾਲ ਹੀ ਉਨ੍ਹਾਂ ਨੇ ਲੋਕਾਂ ਦੇ 75 ਕਿੱਲਿਆਂ ’ਚ ਸਿੱਧੀ ਬਿਜਾਈ ਕੀਤੀ ਸੀ, ਜਿਸ ਨਾਲ ਮਿਲੇ ਕਿਰਾਏ ਤੋਂ ਮਸ਼ੀਨ ਦੇ ਪੈਸੇ ਪਹਿਲੇ ਸੀਜ਼ਨ ਦੌਰਾਨ ਹੀ ਪੂਰੇ ਹੋ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਖੇਤੀਬਾੜੀ ਨੂੰ ਲੈ ਕੇ ਇੱਕ ਹੋਰ ਵੱਡਾ ਕਦਮ, ਕਿਸਾਨਾਂ 'ਚ ਖ਼ੁਸ਼ੀ ਦੀ ਲਹਿਰ
ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਨੇ 210 ਕਿੱਲਿਆਂ 'ਚ ਸਿੱਧੀ ਬਿਜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵੱਖ ਵੱਖ ਕਿਸਾਨਾਂ ਦੇ ਖੇਤਾਂ ਵਿਚ ਲਗਭਗ 100 ਤੋਂ 125 ਏਕੜ ਰਕਬੇ ਵਿਚ ਹਰ ਸੀਜ਼ਨ ਦੌਰਾਨ ਸਿੱਧੀ ਬਿਜਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਵਾਲੀ ਮਸ਼ੀਨ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ 70 ਹਜ਼ਾਰ ਰੁਪਏ ਵਿਚ ਖ਼ਰੀਦੀ ਸੀ, ਜਿਸ 'ਤੇ 19 ਹਜ਼ਾਰ ਰੁਪਏ ਸਬਸਿਡੀ ਆਈ ਸੀ। ਉਨ੍ਹਾਂ ਦੱਸਿਆ ਕਿ ਹਰੇਕ ਸੀਜ਼ਨ ਦੌਰਾਨ ਉਹ ਸਿੱਧੀ ਬਿਜਾਈ ਵਾਲੀ ਮਸ਼ੀਨ ਨਾਲ 1 ਲੱਖ ਤੋਂ ਡੇਢ ਲੱਖ ਰੁਪਏ ਤੱਕ ਕਮਾਈ ਕਰ ਲੈਂਦੇ ਹਨ, ਜਿਸ ਤੋਂ ਹੁਣ ਤੱਕ ਕਰੀਬ 8 ਲੱਖ ਰੁਪਏ ਦੀ ਕਮਾਈ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੁਪਰਸੀਡਰ ਵੀ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਖ਼ਰੀਦਿਆ ਸੀ, ਜਿਸ ਤੋਂ ਉਹ ਕਰੀਬ 15 ਤੋਂ 20 ਦਿਨਾਂ ’ਚ ਦੋ ਤੋਂ ਢਾਈ ਲੱਖ ਰੁਪਏ ਕਮਾ ਲੈਂਦੇ ਹਨ।
ਇਹ ਵੀ ਪੜ੍ਹੋ : IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ ਬਦਲਾਅ
ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇੱਕ ਰੀਪਰ ਵੀ ਹੈ, ਜਿਸ ਤੋਂ ਵੀ ਉਹ ਕਰੀਬ 15 ਦਿਨਾਂ ’ਚ ਲੱਖ ਤੋਂ ਡੇਢ ਲੱਖ ਰੁਪਏ ਕਮਾ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਸਖ਼ਤ ਮਿਹਨਤ ਕਰ ਕੇ ਉਹ ਇੱਕ ਮਹੀਨੇ ਅੰਦਰ ਕਰੀਬ 4 ਲੱਖ ਰੁਪਏ ਕਮਾਈ ਕਰ ਲੈਂਦਾ ਹੈ। ਉਨ੍ਹਾਂ ਕੋਲ 6 ਤੋਂ 7 ਏਕੜ ਖੇਤੀਯੋਗ ਜ਼ਮੀਨ ਹੈ, ਜਿੱਥੇ ਉਹ ਗੰਨਾ, ਕਣਕ-ਝੋਨਾ, ਘਰ ਖਾਣ ਲਈ ਸਬਜ਼ੀਆਂ, ਸੌਂਫ ਅਤੇ ਅਜਵੈਣ ਦੀ ਵੀ ਬਿਜਾਈ ਕਰਦਾ ਹਨ। ਉਨ੍ਹਾਂ ਕਿਸਾਨਾਂ ਨੂੰ ਵਿਦੇਸ਼ਾਂ 'ਚ ਜਾਣ ਦੀ ਬਜਾਏ ਹੱਥੀਂ ਮਿਹਨਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਇਥੇ ਹੀ ਸਖ਼ਤ ਮਿਹਨਤ ਕੀਤੀ ਜਾਵੇ ਤਾਂ ਪੈਸਿਆਂ ਦੀ ਵੀ ਘਾਟ ਨਹੀਂ ਰਹਿੰਦੀ ਅਤੇ ਨਾ ਹੀ ਕਿਸਾਨਾਂ ਨੂੰ ਕੋਈ ਕਰਜ਼ਾ ਲੈਣ ਜਾਂ ਵਿਦੇਸ਼ ਜਾਣ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ : ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਰਦੇ ਕਮਾਈ, ਸੌਖੀ ਨਹੀਂ ਕਮਲ ਦੇ ਫੁੱਲਾਂ ਤੇ ਭੇਅ ਦੀ ਖੇਤੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ