ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ
Saturday, Oct 25, 2025 - 06:21 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਕਾਇਤ ਜ਼ਿਲ੍ਹਾ ਤਰਨਤਾਰਨ ਦੀ ਪੁਲਸ ਵਲੋਂ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਖ਼ਿਲਾਫ਼ ਗਲਤ ਵਿਵਹਾਰ ਅਤੇ ਝੂਠੇ ਕੇਸ ਦਰਜ ਕਰਨ ਸੰਬੰਧੀ ਕੀਤੀ ਗਈ ਹੈ। ਪਾਰਟੀ ਨੇ ਕਿਹਾ ਕਿ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਜਨਪ੍ਰੀਤ ਕੌਰ ਤੱਕ ਨੂੰ ਵੀ ਇਕ ਝੂਠੇ ਕੇਸ ਵਿਚ ਫ਼ਸਾਇਆ ਗਿਆ ਹੈ, ਜੋ ਤਰਨਤਾਰਨ ਪੁਲਸ ਦੇ ਪੱਖਪਾਤ ਅਤੇ ਦਬਾਅ ਨੂੰ ਪਰਿਭਾਸ਼ਤ ਕਰਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਡੀ ਘਬਰਾਹਟ ਵਿਚ ਹੈ ਕਿਉਂਕਿ ਉਹ ਤਰਨਤਾਰਨ ਦੀ ਉਪ-ਚੋਣ ਹਾਰ ਰਹੀ ਹੈ। ਘਬਰਾਹਟ ਵਿਚ ਸਰਕਾਰ ਵਲੋਂ ਪੁਲਸ ਦਾ ਗਲਤ ਵਰਤੋਂ ਕਰਕੇ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੂੰ ਤੰਗ-ਪਰੇਸ਼ਾਨ ਕਰਨ ਦੇ ਥੱਲੇ ਤੱਕ ਡਿੱਗੇ ਹਥਕੰਡੇ ਵਰਤੇ ਜਾ ਰਹੇ ਹਨ। ਪਾਰਟੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਤਰਨਤਾਰਨ ਵਿਚ ਕੇਂਦਰੀ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾਣ ਅਤੇ ਰਾਜ ਤੋਂ ਬਾਹਰ ਦੇ ਆਜ਼ਾਦ, ਨਿਰਪੱਖ ਅਤੇ ਤਜ਼ਰਬੇਕਾਰ ਅਬਜ਼ਰਵਰ ਭੇਜੇ ਜਾਣ, ਤਾਂ ਜੋ ਚੋਣਾਂ ਮੁਕੰਮਲ ਨਿਰਪੱਖ, ਸ਼ਾਂਤੀਪੂਰਨ ਅਤੇ ਡਰ-ਰਹਿਤ ਮਾਹੌਲ ਵਿਚ ਹੋ ਸਕਣ।
