ਐਲਾਨੇ ਸਮੇਂ ਵਿਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇ ਕੇ ਪੰਜਾਬ ਸਰਕਾਰ ਨੇ ਕਾਇਮ ਕੀਤੀ ਮਿਸਾਲ : ਅਰੋੜਾ
Friday, Oct 17, 2025 - 12:31 PM (IST)

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਪੰਜਾਬ ਸਰਕਾਰ ਨੇ ਕੀਤੇ ਐਲਾਨ ਮੁਤਾਬਕ ਹੜ੍ਹ ਪੀੜਤਾਂ ਨੂੰ ਦੀਵਾਲੀ ਤੋਂ ਪਹਿਲਾਂ (30 ਦਿਨਾਂ ਵਿਚ) ਮੁਆਵਜ਼ਾ/ਰਾਹਤ ਰਾਸ਼ੀ ਪ੍ਰਦਾਨ ਕਰ ਕੇ ਮਿਸਾਲ ਕਾਇਮ ਕੀਤੀ ਹੈ। ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਕਿਸੇ ਕੁਦਰਤੀ ਕਰੋਪੀ ਦਾ ਮੁਆਵਜ਼ਾ ਐਨੇ ਘੱਟ ਸਮੇਂ ’ਚ ਦਿੱਤਾ ਹੋਵੇ। ਇਹ ਗੱਲ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੇ ਅੱਜ ਇਥੇ ਆਪਣੇ ਰਿਹਾਇਸ਼ ਵਿਖੇ ਵਿਧਾਨ ਸਭਾ ਹਲਕਾ ਸੁਨਾਮ ਦੇ ਭਾਰੀ ਬਰਸਾਤ/ ਹੜ੍ਹਾਂ ਨਾਲ ਪ੍ਰਭਾਵਿਤ ਹੋਏ 9 ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪਣ ਮੌਕੇ ਕੀਤਾ। ਇਨ੍ਹਾਂ ਪੀੜਤਾਂ ’ਚ ਅਨੋਖ ਸਿੰਘ ਸੁਨਾਮ ਏ, ਅਕਾਲਗੜ੍ਹ ਤੋਂ ਸੁਖਵਿੰਦਰ ਸਿੰਘ ਤੇ ਪਰਮਜੀਤ ਸਿੰਘ, ਝਾੜੋਂ ਤੋਂ ਸਤਗੁਰ ਸਿੰਘ, ਚਮਕੌਰ ਸਿੰਘ, ਲਾਭ ਸਿੰਘ, ਸਰਬਜੀਤ ਸਿੰਘ, ਕੋਟੜਾ ਅਮਰੂ ਤੋਂ ਗੁਰਮੇਲ ਸਿੰਘ ਅਤੇ ਮਹਿੰਦਰ ਸਿੰਘ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 170,00,00,000 ਰੁਪਏ ਦਾ ਵੱਡਾ ਘਪਲਾ! ਹੋਸ਼ ਉਡਾ ਦੇਣਗੇ ਖ਼ੁਲਾਸੇ
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਸੂਬੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ, ਜਿਸ ’ਚੋਂ ਜ਼ਿਲਾ ਸੰਗਰੂਰ ਦੇ ਹੜ੍ਹ ਪੀੜਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਅਜਨਾਲਾ ’ਚ 631 ਕਿਸਾਨਾਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡ ਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕੀਤੀ ਸੀ।
ਭਾਰੀ ਮੀਂਹ ਅਤੇ ਹੜ੍ਹ ਕਾਰਨ ਸੂਬੇ ਭਰ ’ਚ ਵੱਡੀ ਪੱਧਰ ’ਤੇ ਫਸਲਾਂ ਖਰਾਬ ਹੋ ਗਈਆਂ ਸਨ। ਕਈ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਢਹਿ ਗਈਆਂ ਸਨ। ਹਰੇਕ ਪ੍ਰਭਾਵਿਤ ਪਰਿਵਾਰ ਨੂੰ ਹੋਏ ਨੁਕਸਾਨ ਦੀ ਪੜਤਾਲ ਉਪਰੰਤ ਰਾਹਤ ਰਾਸ਼ੀ ਦਿੱਤੀ ਜਾਵੇਗੀ। ਇਹ ਵੀ ਪਹਿਲੀ ਵਾਰ ਹੈ ਕਿ ਨੁਕਸਾਨੇ ਗਏ ਹਰੇਕ ਘਰ ਨੂੰ 40 ਹਜ਼ਾਰ ਰੁਪਏ ਅਤੇ ਕਿਸਾਨਾਂ ਨੂੰ ਫਸਲ ਦੇ ਖਰਾਬੇ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਮਿਲਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਪੜ੍ਹੋ ਪੂਰੀ List
ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਪੂਰੀ ਤਾਕਤ ਲਾ ਕੇ ਹੜ੍ਹਾਂ ਦਾ ਮੁਕਾਬਲਾ ਕੀਤਾ ਹੈ। ਜੇਕਰ ਸਮੇਂ ਸਿਰ ਬਚਾਅ ਅਤੇ ਰਾਹਤ ਕਾਰਜ ਨਾ ਸ਼ੁਰੂ ਕੀਤੇ ਜਾਂਦੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਹਾਲ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਇਸ ਮੌਕੇ ਐੱਸ.ਡੀ.ਐੱਮ. ਪ੍ਰਮੋਦ ਸਿੰਗਲਾ, ਤਹਿਸੀਲਦਾਰ ਰਾਜਵਿੰਦਰ ਕੌਰ, ਪਟਵਾਰੀ ਪੱਲਵੀ, ਹਰਦੀਪ, ਗੁਰਜਿੰਦਰ, ਵਰਿੰਦਰ ਕਾਨੰਗੋ, ਜਗਸੀਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।