ਸੁਖਬੀਰ ਬਾਦਲ ਨੂੰ ਝਟਕਾ, ਮਾਣਹਾਨੀ ਮਾਮਲੇ ’ਚ ਹਾਈਕੋਰਟ ਨੇ ਪਟੀਸ਼ਨ ਕੀਤੀ ਰੱਦ

Saturday, Oct 18, 2025 - 09:38 AM (IST)

ਸੁਖਬੀਰ ਬਾਦਲ ਨੂੰ ਝਟਕਾ, ਮਾਣਹਾਨੀ ਮਾਮਲੇ ’ਚ ਹਾਈਕੋਰਟ ਨੇ ਪਟੀਸ਼ਨ ਕੀਤੀ ਰੱਦ

ਚੰਡੀਗੜ੍ਹ (ਗੰਭੀਰ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ। ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਦਾਇਰ ਮਾਣਹਾਨੀ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ। ਇਹ ਮਾਮਲਾ 2017 ਦਾ ਹੈ, ਜਦੋਂ ਬਾਦਲ ਨੇ ਇਕ ਬਿਆਨ ’ਚ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਦੀ ਆਪਣੀ ਫੇਰੀ ਦੌਰਾਨ ਅੱਤਵਾਦੀਆਂ ਨੂੰ ਮਿਲਣ ਦਾ ਦੋਸ਼ ਲਾਇਆ ਸੀ।

ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਅਖੰਡ ਕੀਰਤਨੀ ਜੱਥੇ ਦੇ ਮੈਂਬਰਾਂ ਨਾਲ ਨਾਸ਼ਤਾ ਕੀਤਾ, ਜੋ ਕਿ ਕਥਿਤ ਤੌਰ ’ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇਕ ਰਾਜਨੀਤਿਕ ਫਰੰਟ ਹੈ। ਉਨ੍ਹਾਂ ਕਿਹਾ ਸੀ ਕਿ ਰੱਬ ਨਾ ਕਰੇ ਜੇਕਰ ਆਮ ਆਦਮੀ ਪਾਰਟੀ ਪੰਜਾਬ ’ਚ ਸੱਤਾ ’ਚ ਆਈ ਤਾਂ ਸੂਬੇ ’ਚ ਅਰਾਜਕਤਾ ਫੈਲ ਜਾਵੇਗੀ। ਇਸ ਬਿਆਨ ਕਾਰਨ ਅਖੰਡ ਕੀਰਤਨੀ ਜਥੇ ਦੇ ਮੈਂਬਰ ਰਾਜਿੰਦਰ ਪਾਲ ਸਿੰਘ ਨੇ ਬਾਦਲ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਬਾਦਲ ਨੇ ਹਾਈਕੋਰਟ ’ਚ ਦਾਇਰ ਆਪਣੀ ਪਟੀਸ਼ਨ ’ਚ ਦਲੀਲ ਦਿੱਤੀ ਕਿ ਉਨ੍ਹਾਂ ਨੇ ਆਪਣੇ ਬਿਆਨ ’ਚ ਸ਼ਿਕਾਇਤਕਰਤਾ ਦਾ ਨਾਂ ਵੀ ਨਹੀਂ ਲਿਆ ਸੀ।

ਇਸ ਤੋਂ ਇਲਾਵਾ ਉਹ ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸਨ ਤੇ ਇਸ ਲਈ, ਰਾਜ ਦੀ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਟਿੱਪਣੀ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਸੀ। ਹਾਲਾਂਕਿ ਹਾਈਕੋਰਟ ਨੇ ਉਨ੍ਹਾਂ ਦੀ ਦਲੀਲ ਨੂੰ ਰੱਦ ਕਰ ਦਿੱਤਾ। ਇਹ ਸਪੱਸ਼ਟ ਕਰਦੇ ਹੋਏ ਕਿ ਮਾਮਲਾ ਪਹਿਲੀ ਨਜ਼ਰੇ ਸੁਣਵਾਈਯੋਗ ਸੀ ਤੇ ਇਸ ਪੜਾਅ ’ਤੇ ਸ਼ਿਕਾਇਤ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਅਦਾਲਤੀ ਹੁਕਮ ਤੋਂ ਬਾਅਦ ਸੁਖਬੀਰ ਬਾਦਲ ਨੂੰ ਹੁਣ ਹੇਠਲੀ ਅਦਾਲਤ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।
 


author

Babita

Content Editor

Related News