ਮਿਲਾਵਟੀ ਦੁੱਧ ਤੇ ਮਠਿਆਈਆਂ ਦਾ ਕਾਰੋਬਾਰ ਲੋਕਾਂ ਨੂੰ ਪਾ ਸਕਦੈ ਵੱਡੀ ਮੁਸ਼ਕਲ 'ਚ!
Saturday, Oct 18, 2025 - 12:54 AM (IST)

ਬੁਢਲਾਡਾ (ਬਾਂਸਲ) : ਜ਼ਿਲ੍ਹੇ 'ਚ ਆਬਾਦੀ ਅਨੁਸਾਰ ਦੁੱਧ ਦੀ ਪੈਦਾਵਾਰ ਘੱਟ ਹੋਣ ਦੇ ਚੱਲਦਿਆਂ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਦੁੱਧ ਦੀ ਕਮੀ ਨੂੰ ਪੂਰਾ ਕਰਨ ਲਈ ਕੁਝ ਲੋਕਾਂ ਵਲੋਂ ਕਥਿਤ ਤੌਰ 'ਤੇ ਕੈਮੀਕਲ ਦੀ ਮਦਦ ਨਾਲ ਕੁਵਿੰਟਲਾਂ ਦੇ ਹਿਸਾਬ ਨਾਲ ਨਕਲੀ ਅਤੇ ਮਿਲਾਵਟੀ ਦੁੱਧ ਤਿਆਰ ਕਰਨ ਦੀਆਂ ਕਨਸੋਹਾਂ ਮਿਲ ਰਹੀਆਂ ਹਨ ਜਿਸ ਦੀ ਵਰਤੋਂ ਜ਼ਿਆਦਾਤਰ ਪੰਜਾਬ ਹਰਿਆਣਾ ਹੱਦ ਦੇ ਇਲਾਕਿਆਂ 'ਚ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਥੇ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ 'ਚ ਵੱਖ-ਵੱਖ ਦੁਕਾਨਾਂ 'ਤੇ ਛਾਪਾਮਾਰੀ ਕਰਦਿਆਂ ਦੁੱਧ, ਬਰਫੀ, ਖੋਆ, ਸਿਲਵਰ ਵਰਕ ਵਾਲੀਆਂ ਮਠਿਆਈਆਂ, ਰੰਗ ਵਾਲੀਆਂ ਮਠਿਆਈਆਂ, ਦੇਸੀ ਘਿਓ, ਹਲਦੀ ਮਿਰਚ ਅਤੇ ਕੱਲਰ ਕੀਤੀਆਂ ਵੱਖ-ਵੱਖ ਵਸਤਾਂ ਦੇ 55 ਸੈਂਪਲ ਲਏ ਜਾ ਚੁੱਕੇ ਹਨ। ਡੁਪਲੀਕੇਟ ਸਾਮਾਨ ਵੇਚਣ ਵਾਲਿਆਂ 'ਚ ਹਫੜਾ-ਤਫੜੀ ਮਚੀ ਹੋਈ ਹੈ।
ਲੋਕਾਂ ਨੂੰ ਜਾਗਰੂਕ ਕਰਦਿਆਂ ਸਿਹਤ ਵਿਭਾਗ ਵੱਲੋਂ ਆਮ ਜਨਤਾ ਨੂੰ ਤਿਓਹਾਰਾਂ ਦੇ ਦਿਨਾਂ 'ਚ ਮਠਿਆਈਆਂ ਦੀ ਘੱਟੋ-ਘੱਟ ਵਰਤੋਂ ਕਰਨ ਲਈ ਸੁਚੇਤ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਤਿਉਹਾਰਾਂ ਦੇ ਦਿਨਾਂ 'ਚ ਵੱਡੀ ਪੱਧਰ 'ਤੇ ਨਕਲੀ ਖੋਆ, ਸਨਥੈਟਿਕ ਦੁੱਧ ਵਿਕਣ ਲਈ ਮਾਰਕੀਟ ਵਿੱਚ ਪੁੱਜ ਚੁੱਕਾ ਹੈ। ਹੈਰਾਨੀ ਦੀ ਗੱਲ ਹੈ ਹਲਵਾਈ ਨਾ ਹੋਣ ਦੇ ਬਾਵਜੂਦ ਮਠਿਆਈਆਂ ਲਿਆ ਕੇ ਵੇਚੀਆਂ ਜਾ ਰਹੀਆਂ ਹਨ। ਉਥੇ ਆਮ ਲੋਕਾਂ ਦਾ ਕਹਿਣਾ ਹੈ ਕਿ ਤਿਓਹਾਰਾਂ ਦੇ ਸੀਜ਼ਨ 'ਚ ਮਿਲਾਵਟੀ ਲੋਕਾਂ ਨੇ ਕਰਿਆਣੇ ਦੇ ਸਾਮਾਨ ਹਲਦੀ, ਮਿਰਚਾਂ, ਮਸਾਲੇ, ਰਿਫਾਇੰਡ ਵੀ ਮਾਰਕੀਟ ਵਿੱਚ ਡੁਪਲੀਕੇਟ ਵੇਚਣ ਦੀਆਂ ਕਨਸੋਹਾਂ ਹਨ ਪਰ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਸਿਰਫ ਕਾਗਜ਼ੀ ਕਾਰਵਾਈ ਤੱਕ ਹੀ ਸੀਮਿਤ ਹੁੰਦੇ ਵੇਖੇ ਜਾ ਸਕਦੇ ਹਨ ਜੋ ਹਰ ਵਾਰ ਦੀਵਾਲੀ ਦੇ ਸੀਜ਼ਨ ਦੌਰਾਨ ਹੀ ਨਜ਼ਰ ਆਉਂਦੀ ਹੈ। ਜ਼ਿਕਰਯੋਗ ਹੈ ਕਿ ਇਸ ਮਿਲਾਵਟੀ ਸਾਮਾਨ ਹਲਦੀ, ਮਿਰਚਾਂ, ਮਸਾਲਾ ਅਤੇ ਰਿਫਾਇੰਡ ਤੋਂ ਇਲਾਵਾ ਨਕਲੀ ਦੁੱਧ ਤੋਂ ਤਿਆਰ ਮਠਿਆਈਆਂ ਦੀ ਵਰਤੋਂ ਨਾਲ ਲੋਕ ਕੈਂਸਰ, ਆਂਤੜੀ ਰੋਗ, ਕਾਲਾ ਪੀਲੀਆ, ਕਿਡਨੀਆਂ ਦੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਜਿਸ ਨੂੰ ਸਮੇਂ ਤੇ ਰੋਕਣ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਬਹੁਤ ਜ਼ਿਆਦਾ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਭਿਆਨਕ ਬੀਮਾਰੀ ਦਾ ਕਹਿਰ, ਗੰਭੀਰ ਹੋਣ ਲੱਗੇ ਹਾਲਾਤ, ਹਸਪਤਾਲਾਂ 'ਚ...
ਤੇਜ਼ੀ ਨਾਲ ਫੈਲ ਰਿਹਾ ਕਾਲਾ ਕਾਰੋਬਾਰ
ਪੰਜਾਬ ਹਰਿਆਣਾ ਹੱਦ ਦੇ ਖੇਤਰ 'ਚ ਚੈਕਿੰਗ ਦਾ ਡਰ ਨਾ ਹੋਣ ਕਾਰਨ ਕੁਝ ਮੁਨਾਫਾਖੋਰ ਵਪਾਰੀ ਨਕਲੀ ਅਤੇ ਮਿਲਾਵਟੀ ਦੁੱਧ, ਮਠਿਆਈਆਂ ਅਤੇ ਕਰਿਆਣੇ ਦਾ ਡੁਪਲੀਕੈਟ ਸਾਮਾਨ ਤਿਆਰ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਚਾਂਦੀ ਹੋ ਰਹੀ ਹੈ। ਕਿਉਂ ਕਿ ਪੰਜਾਬ ਹਰਿਆਣਾ ਹੱਦ ਦੇ ਬਾਰਡਰ ਤੇ ਸਵੇਰੇ ਮੂੰਹ ਹਨ੍ਹੇਰੇ ਦੁੱਧ ਨਾਲ ਭਰੇ ਟੈਂਕਰ ਅਤੇ ਮਠਿਆਈਆਂ ਹਰਿਆਣੇ ਵਾਲੇ ਪਾਸਿਓਂ ਪੰਜਾਬ 'ਚ ਦਾਖਲ ਹੋਣ ਦੀਆਂ ਕਨਸੋਹਾਂ ਹਨ ਜਿਨ੍ਹਾਂ ਦੀ ਵਿਭਾਗੀ ਕੋਈ ਚੈਂਕਿੰਗ ਨਹੀਂ ਕੀਤੀ ਜਾ ਰਹੀ। ਮੁਨਾਫਾਖੋਰਾਂ ਨੇ ਸਫੇਦ ਦੁੱਧ ਨੂੰ ਕਾਲਾ ਧੰਦਾ ਬਣਾ ਲਿਆ ਹੈ।
ਕਿਸ ਤਰ੍ਹਾਂ ਤਿਆਰ ਹੁੰਦੈ ਨਕਲੀ ਦੁੱਧ
ਸੂਤਰਾਂ ਤੋਂ ਪਤਾ ਲੱਗਾ ਹੈ ਜ਼ਿਆਦਾ ਮੁਨਾਫਾ ਹਾਸਲ ਕਰਨ 'ਚ ਲੱਗੇ ਕੁਝ ਲੋਕ ਨਕਲੀ ਅਤੇ ਮਿਲਾਵਟੀ ਦੁੱਧ ਨੂੰ ਤਿਆਰ ਕਰਨ ਲਈ ਪਹਿਲਾਂ ਮਾਲਟੋਡੈਕਸ ਪਾਉਡਰ ਪਾਣੀ, ਰਿਫਾਇੰਡ ਆਇਲ ਮਿਲਾਉਂਦੇ ਹੋਏ ਇਕ ਘੋਲ ਅਤੇ ਮਸ਼ੀਨ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਗਰੈਵਟੀ ਨੂੰ ਵਧਾਉਣ ਲਈ ਬੀ ਆਰ (ਗੂੰਦ ਵਰਗੇ ਪਦਾਰਥ) ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਨਕਲੀ ਦੁੱਧ ਅਸਲੀ ਵਾਂਗ ਤਿਆਰ ਹੋ 50 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜ਼ਹਿਰ ਬਣ ਲੋਕਾਂ ਤੱਕ ਪੁੱਜ ਰਿਹਾ ਹੈ। ਇਸ ਨੂੰ ਤਿਆਰ ਕਰਨ ਲਈ ਕਈ ਵਾਰ ਯੂਰੀਆ, ਤੇਲ, ਕਾਸਟਿਕ ਸੋਡਾ ਅਤੇ ਸੈਂਟ ਦੀ ਵੀ ਵਰਤੋਂ ਕੀਤੀ ਜਾਂਦੀ ਹੈ।
ਰੁਕ ਸਕਦਾ ਹੈ ਸਰੀਰਕ ਵਿਕਾਸ : ਡਾ. ਸੁਮਿਤ
ਸਿਵਲ ਹਸਪਤਾਲ ਦੇ ਸੀਨੀਅਰ ਡਾ. ਸੁਮਿਤ ਐੱਮ. ਡੀ. ਮੈਡੀਸਨ ਨੇ ਦੱਸਿਆ ਕਿ ਮਿਲਾਵਟੀ ਦੁੱਧ ਦੀ ਵਰਤੋਂ ਨਾਲ ਬੱਚਿਆਂ ਦਾ ਜਿੱਥੇ ਸਰੀਰਕ ਵਿਕਾਸ ਰੁਕ ਜਾਂਦਾ ਹੈ ਉੱਥੇ ਉਹ ਦਿਮਾਗੀ ਤੌਰ ਉੱਪਰ ਵੀ ਕਮਜ਼ੋਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਦੁੱਧ ਅਤੇ ਦਹੀਂ ਦੇਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਹੱਡੀਆਂ 'ਚ ਮਜ਼ਬੂਤੀ ਪੈਦਾ ਹੁੰਦੀ ਹੈ ਜੋ ਸਰੀਰਕ ਵਿਕਾਸ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ 20 ਸਾਲ ਤੱਕ ਦੇ ਵਿਕਾਸ ਵਾਲੇ ਸਮੇਂ 'ਚ ਦੁੱਧ ਅਹਿਮ ਰੋਲ ਨਿਭਾਉਂਦਾ ਹੈ। ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬੱਚਿਆਂ ਨੂੰ ਵਧਣ-ਫੁੱਲਣ ਲਈ ਕੈਲਸ਼ੀਅਮ ਯੁੱਕਤ ਦੁੱਧ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਸਰੀਰ ਦਾ ਬਿਹਤਰ ਵਿਕਾਸ ਹੋ ਸਕੇ। ਦੁੱਧ ਪੀਣ ਦੀ ਸਲਾਹ ਡਾਕਟਰਾਂ ਵਲੋਂ ਵੀ ਦਿੱਤੀ ਜਾਂਦੀ ਹੈ ਪ੍ਰੰਤੂ ਅੱਜ ਕੱਲ ਬਾਜ਼ਾਰ ਚ ਮਿਲਾਵਟੀ ਦੁੱਧ ਦੇ ਨਾਲ-ਨਾਲ ਨਕਲੀ ਦੁੱਧ ਦੇ ਮਿਲਣ ਕਾਰਨ ਬੱਚਿਆਂ ਦਾ ਭਵਿੱਖ ਖਤਰੇ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਡਾ. ਸੁਮਿਤ ਨੇ ਦੱਸਿਆ ਕਿ ਕੈਮੀਕਲ ਨਾਲ ਤੇ ਤਿਆਰ ਕੀਤੇ ਗਏ ਨਕਲੀ ਦੁੱਧ ਦੀ ਵਰਤੋਂ ਨਾਲ ਬੱਚੇ ਕਾਲਾ ਪੀਲੀਆ, ਲੀਵਰ 'ਚ ਖਰਾਬੀ, ਆਂਤੜੀ ਰੋਗ, ਬਦਹਜ਼ਮੀ, ਕਿਡਨੀਆਂ ਖਰਾਬ ਹੋਣ ਦੇ ਸ਼ਿਕਾਰ ਹੋ ਸਕਦੇ ਹਨ।
ਨਕਲੀ ਦੁੱਧ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਦੋਧੀ
ਦੋਧੀ ਬਲਜੀਤ ਸਿੰਘ ਨੇ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਨਕਲੀ ਦੁੱਧ ਦਾ ਕਾਰੋਬਾਰ ਕਰਦਾ ਫੜਿਆ ਗਿਆ ਤਾਂ ਯੂਨੀਅਨ ਉਸਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਲੋਕਾਂ ਨੂੰ ਪੁਲਸ ਹਵਾਲੇ ਕੀਤਾ ਜਾਵੇ।
ਕੀ ਕਹਿਣਾ ਹੈ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦਾ
ਨਕਲੀ ਮਿਲਾਵਟੀ ਕਾਰੋਬਾਰ 'ਤੇ ਚੋਟ ਕਰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਰਾਏ ਨੇ ਕਿਹਾ ਕਿ ਮਿਲਾਵਟ ਕਰਨ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ ਅਤੇ ਧਿਆਨ ਹਿੱਤ ਆਉਣ ਤੇ ਸੈਂਪਲ ਲਏ ਜਾਣਗੇ ਅਤੇ ਜਾਂਚ ਕਰਵਾਈ ਜਾਵੇਗੀ। ਜ਼ਿਲ੍ਹੇ 'ਚ ਹੁਣ ਤੱਕ ਖਾਣ-ਪੀਣ ਵਾਲੀਆਂ ਵਸਤਾਂ ਦੀ ਵੱਡੀ ਪੱਧਰ 'ਤੇ ਚੈਕਿੰਗ ਕੀਤੀ ਜਾ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8