ਭੇਤਭਰੀ ਹਾਲਤ ''ਚ ਨੌਜਵਾਨ ਦੀ ਮੌਤ

10/17/2017 6:57:25 AM

ਝਬਾਲ/ਬੀੜ ਸਾਹਿਬ,  (ਲਾਲੂਘੁੰਮਣ, ਬਖਤਾਵਰ, ਭਾਟੀਆ)-  ਪਿੰਡ ਝਬਾਲ ਵਾਸੀ ਵਿਅਕਤੀ ਸਵਿੰਦਰ ਸਿੰਘ ਦੇ ਨੌਜਵਾਨ ਲੜਕੇ ਸਤਪਾਲ ਸਿੰਘ ਉਰਫ ਕੱਦੂ (23) ਦੀ ਭੇਤਭਰੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਜਿਥੇ ਉਨ੍ਹਾਂ ਦੇ ਲੜਕੇ ਦੀ ਮੌਤ ਦਾ ਕਾਰਨ ਬੀਤੇ ਕੁਝ ਦਿਨ ਪਹਿਲਾਂ ਕੁਝ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਨੂੰ ਦੱਸਿਆ ਹੈ, ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਕਿਸੇ ਵਿਰੁੱਧ ਸ਼ਿਕਾਇਤ ਨਹੀਂ ਦਿੱਤੀ ਗਈ ਹੈ। 
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਜਸਬੀਰ ਕੌਰ, ਨਾਨੀ ਜੀਤੋ, ਬਲਕਾਰ ਸਿੰਘ ਅਤੇ ਸਰਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਨਸ਼ੇ ਕਰਨ ਦਾ ਆਦੀ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਲੜਕੇ ਦੀ ਇਸ ਕਰਕੇ ਹੀ ਕੁੱਟਮਾਰ ਕੀਤੀ ਗਈ ਕਿ ਉਹ ਨਸ਼ੇ ਕਰਦਾ ਅਤੇ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਸੱਟਾਂ ਗੁੱਝੀਆਂ ਲੱਗਣ ਕਾਰਨ ਹੀ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਹੈ ਕਿਉਂਕਿ ਮਰਨ ਤੋਂ ਪਹਿਲਾਂ ਉਸ ਨੂੰ ਖੂਨ ਦੀ ਉਲਟੀ ਆਈ ਸੀ। 
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਮ੍ਰਿਤਕ ਵੱਲੋਂ ਵੱਧ ਮਾਤਰਾ 'ਚ ਨਸ਼ੇ ਦੀ ਲਈ ਗਈ ਡੋਜ਼ ਉਸ ਲਈ ਜਾਨਲੇਵਾ ਸਾਬਤ ਹੋਈ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁਲਸ ਹੈਲਪ ਲਾਈਨ 181 'ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਥਾਣਾ ਮੁਖੀ ਝਬਾਲ ਪ੍ਰਭਜੋਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨਾਲ ਕੁੱਟਮਾਰ ਕਰਨ ਸਬੰਧੀ ਕਿਸੇ ਵਿਰੁੱਧ ਮ੍ਰਿਤਕ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। 


Related News