‘ਚਿੱਟੇ’ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਤਲੁਜ ਦਰਿਆ ਕੰਢਿਓਂ ਮਿਲੀ ਲਾਸ਼

Wednesday, Apr 17, 2024 - 02:08 PM (IST)

‘ਚਿੱਟੇ’ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਤਲੁਜ ਦਰਿਆ ਕੰਢਿਓਂ ਮਿਲੀ ਲਾਸ਼

ਲਾਡੋਵਾਲ (ਰਵੀ) : ਪੁਲਸ ਥਾਣਾ ਲਾਡੋਵਾਲ ਅਧੀਨ ਪਿੰਡ ਤਲਵੰਡੀ ਕਲਾਂ ਪੰਜਢੇਰਾਂ‘ਚਿੱਟੇ’ ਵਰਗੇ ਖ਼ਤਰਨਾਕ ਨਸ਼ੇ ਨਾਲ ਗ੍ਰਸਤ ਹੈ l ਵੇਖਣ ’ਚ ਆਇਆ ਹੈ ਕਿ ਪਿੰਡ ਪੰਜਢੇਰਾਂ ਦੇ ਨੇੜਿਓਂ ਵਹਿ ਰਹੇ ਸਤਲੁਜ ਦਰਿਆ ਕੰਢਿਓਂ ਇਕ ਨੌਜਵਾਨ ਦੀ ਲਾਸ਼ ਪੁਲਸ ਨੂੰ ਬਰਾਮਦ ਹੋਈ ਹੈ, ਜੋ ਸਵੇਰ ਤੋਂ ਸ਼ਾਮ ਤੱਕ 8 ਘੰਟੇ ਦਰਿਆ ਦੇ ਕੰਢੇ ਪਈ ਰਹੀ l ਲੋਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ‘ਚਿੱਟੇ’ ਦੀ ਓਵਰਡੋਜ਼ ਨਾਲ ਮੌਤ ਹੋਣ ਤੋਂ ਬਾਅਦ ਨਸ਼ਾਂ ਤਸਕਰਾਂ ਦੇ ਕਰਿੰਦੇ ਇਸ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਤਹਿਤ ਲਿਆਏ ਹੋਣਗੇ ਅਤੇ ਕਿਸੇ ਦੀ ਨਜ਼ਰ ਪੈਣ ’ਤੇ ਲਾਸ਼ ਨੂੰ ਦਰਿਆ ਦੇ ਕੰਢੇ ’ਤੇ ਹੀ ਸੁੱਟ ਦਿੱਤਾ ਗਿਆ ਹੋਵੇਗਾ।

ਇਸ ਪਿੰਡ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਪਿੰਡ ਦੇ ਹੀ ਕੁੱਝ ਮੋਹਤਬਰ ਇਹੋ ਜਿਹੇ ਕੇਸਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਜਿਸ ਮਾਂ-ਬਾਪ ਦਾ ਨੌਜਵਾਨ ਪੁੱਤ ਚਲਿਆ ਜਾਂਦਾ ਹੈ, ਉਸ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ। ਸੁਣਨ ’ਚ ਆਇਆ ਹੈ ਕਿ ਪਿੰਡ ਤਲਵੰਡੀ ਕਲਾਂ ਪੰਜਢੇਰਾਂ ’ਚ ਇਹ ਪਹਿਲੀ ਮੌਤ ਨਹੀਂ ਹੈ।

ਇਸ ਤਰ੍ਹਾਂ ਦੀਆਂ ਪਹਿਲਾਂ ਵੀ ਕਈ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਪਰ ਨਸ਼ਾ ਸਮੱਗਲਰਾਂ ਨੇ ਇਨ੍ਹਾਂ ਮੌਤਾਂ ਨੂੰ ਐਕਸੀਡੈਂਟ ਜਾਂ ਹਾਰਟ ਅਟੈਕ ਦਾ ਰੂਪ ਦੇ ਕੇ ਮਾਮਲਾ ਰਫਾ-ਦਫਾ ਕਰ ਦਿੱਤਾ ਜਾਂਦਾ ਹੈ। ਨਸ਼ਾ ਤਸਕਰ ਕੁਝ ਲਾਸ਼ਾਂ ਨੂੰ ਨਜ਼ਦੀਕ ਦਰਿਆ ’ਚ ਸੁੱਟ ਦਿੰਦੇ ਹਨ, ਜਿਨ੍ਹਾਂ ਨੂੰ ਮੱਛੀਆਂ ਖਾ ਜਾਂਦੀਆਂ ਹਨ ਅਤੇ ਕੁਝ ਲਾਸ਼ਾਂ ਦੀ ਸੌਦੇਬਾਜ਼ੀ ਕੀਤੀ ਜਾਂਦੀ ਹੈl ਲਾਡੋਵਾਲ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News