ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, 23 ਸਾਲਾ ਨੌਜਵਾਨ ਦੀ ਬੱਸ ਹੇਠਾਂ ਆਉਣ ਕਾਰਣ ਮੌਤ
Saturday, Apr 20, 2024 - 06:19 PM (IST)

ਮਲੋਟ (ਜੁਨੇਜਾ) : ਬੀਤੀ ਦੇਰ ਸ਼ਾਮ ਮਲੋਟ ਬੱਸ ਸਟੈਂਡ ਦੇ ਬਾਹਰ ਹੋਏ ਹਾਦਸੇ ਵਿਚ ਇਕ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਲੱਕੜ ਦਾ ਮਿਸਤਰੀ ਸੀ। ਪਰਿਵਾਰ ਦਾ ਕਹਿਣਾ ਹੈ ਉਨ੍ਹਾਂ ਦੇ ਲੜਕੇ ਦੀ ਮੌਤ ਬੱਸ ਚਾਲਕ ਦੀ ਲਾਪ੍ਰਵਾਹੀ ਕਾਰਨ ਹੋਈ। ਸਿਟੀ ਮਲੋਟ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰੇਮ ਕੁਮਾਰ ਪੁੱਤਰ ਸਗਰੂ ਰਾਮ ਵਾਸੀ ਰਵੀਦਾਸ ਨਗਰ ਮਲੋਟ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਜਦਕਿ ਉਸਦਾ ਲੜਕਾ ਪਵਨ ਜਿਸ ਦੀ ਉਮਰ 23 ਸਾਲ ਹੈ, ਲੱਕੜ ਦਾ ਕੰਮ ਕਰਦਾ ਹੈ। ਪਵਨ ਕੁਮਾਰ ਕੱਲ ਦੇਰ ਸ਼ਾਮ ਗਿੱਦੜਬਾਹਾ ਤੋਂ ਕੰਮ ਕਰ ਕੇ ਬੱਸ ’ਤੇ ਆ ਰਿਹਾ ਸੀ। ਉਹ ਆਪਣੇ ਲੜਕੇ ਨੂੰ ਲੈਣ ਲਈ ਬੱਸ ਅੱਡੇ ’ਤੇ ਗਿਆ। ਸਮਾਂ ਰਾਤ ਸਾਢੇ 8 ਵਜੇ ਦਾ ਸੀ ਜਦੋਂ ਉਸਦਾ ਲੜਕਾ ਬੱਸ ਤੋਂ ਉਤਰ ਕੇ ਉਸ ਵੱਲ ਆਉਣ ਲੱਗਾ ਤਾਂ ਚਾਲਕ ਨੇ ਬਿਨਾਂ ਕੋਈ ਹਾਰਨ ਵਜਾਏ ਅਚਾਨਕ ਬੱਸ ਤੋਰ ਲਈ, ਜਿਸ ਕਰ ਕੇ ਬੱਸ ਨੇ ਪਵਨ ਨੂੰ ਸਾਈਡ ਤੋਂ ਟੱਕਰ ਮਾਰੀ ਅਤੇ ਉਹ ਅਗਲੇ ਟਾਇਰ ਥੱਲੇ ਆ ਗਿਆ ਜਿਸ ਕਰ ਕੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਪ੍ਰੇਮ ਕੁਮਾਰ ਦੇ ਬਿਆਨਾਂ ’ਤੇ ਬੱਸ ਚਾਲਕ ਕਰਮਜੀਤ ਸਿੰਘ ਪੁੱਤਰ ਮੱਖਣ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।