ਢਾਬਿਆਂ-ਬੇਕਰੀਆਂ ਅਤੇ ਦੁਕਾਨਾਂ ''ਤੇ ਕੀਤੀ ਛਾਪੇਮਾਰੀ

06/24/2017 7:53:38 AM

ਗਿੱਦੜਬਾਹਾ  (ਸੰਧਿਆ) - ਬਾਲ ਮਜ਼ਦੂਰੀ 'ਤੇ ਮੁਕੰਮਲ ਪਾਬੰਦੀ ਹੋਣ ਦੇ ਬਾਵਜੂਦ ਢਾਬਿਆਂ-ਬੇਕਰੀਆਂ ਅਤੇ ਦੁਕਾਨਾਂ 'ਤੇ ਬਾਲ ਮਜ਼ਦੂਰੀ ਅੱਜ ਵੀ ਜਾਰੀ ਹੈ। ਸ਼ਹਿਰ ਅੰਦਰ ਅਤੇ ਬਾਹਰ ਸਥਿਤ ਢਾਬਿਆਂ, ਬੇਕਰੀਆਂ, ਦੁਕਾਨਾਂ ਆਦਿ 'ਤੇ ਕੀਤੀ ਗਈ ਚੈਕਿੰਗ ਦੌਰਾਨ 10 ਨਾਬਾਲਿਗ ਬਾਲਕ ਮਜ਼ਦੂਰੀ ਕਰਦੇ ਮਿਲੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਮਾਨ ਸਿੰਘ ਨੇ 'ਜਗ ਬਾਣੀ' ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਸਬਜ਼ੀ ਮੰਡੀ ਕੋਲ ਸਥਿਤ ਇਕ ਬੇਕਰੀ ਵਾਲੀ ਦੁਕਾਨ ਦੀ ਚੈਕਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਆਉਣ ਵਾਲੇ ਸਮੇਂ ਦੌਰਾਨ ਵੀ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਤੋਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਘਰ ਦੇ ਅੰਦਰ ਬਾਲਕ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਲੇਬਰ ਕਮਿਸ਼ਨ ਜਾਂ ਲੇਬਰ ਇੰਸਪੈਕਟਰ ਨੂੰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਹੋਟਲਾਂ, ਕੱਪੜਿਆਂ ਅਤੇ ਚਾਹ ਵਾਲੀਆਂ ਦੁਕਾਨਾਂ, ਬੇਕਰੀਆਂ ਆਦਿ ਤੋਂ 10 ਬਾਲ ਮਜ਼ਦੂਰਾਂ ਦਾ ਵੇਰਵਾ ਲਿਆ ਗਿਆ ਹੈ ਅਤੇ ਲੇਬਰ ਇੰਸਪੈਕਟਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੇ ਮਾਲਕਾਂ ਤੋਂ ਬੱਚਿਆਂ ਦੇ ਜਨਮ ਅਤੇ ਆਧਾਰ ਕਾਰਡ ਦੇ ਸਬੂਤਾਂ ਦੀ ਮੰਗ ਕੀਤੀ ਹੈ। ਜੇਕਰ ਕੋਈ ਵੀ ਬੱਚਾ ਬਾਲ ਐਕਟ ਦੇ ਤਹਿਤ ਸ਼ੋਸ਼ਣ ਦਾ ਸ਼ਿਕਾਰ ਪਾਇਆ ਗਿਆ ਤਾਂ ਉਸ ਮਾਲਕ ਉਪਰ ਬਾਲ ਐਕਟ ਤਹਿਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਸਮੂਹ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਦੁਕਾਨ 'ਤੇ ਕੰਮ ਕਰਨ ਵਾਲੇ ਬੱਚਿਆਂ ਦੇ ਹਾਜ਼ਰੀ ਰਜਿਸਟਰ ਲਾਏ ਜਾਣ, 8 ਘੰਟੇ ਤੋਂ ਵੱਧ ਕੰਮ ਨਾ ਲਿਆ ਜਾਵੇ, 8 ਘੰਟੇ ਤੋਂ ਵੱਧ ਕੀਤੇ ਕੰਮ ਦਾ ਬੋਨਸ ਦਿੱਤਾ ਜਾਵੇ ਅਤੇ 7000 ਰੁਪਏ ਤਨਖਾਹ ਉਸ ਦੇ ਖਾਤੇ 'ਚ ਪਾਈ ਜਾਵੇ। ਜੇਕਰ ਕੋਈ ਵੀ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਉਹ ਲੇਬਰ ਇੰਸਪੈਕਟਰ ਨੂੰ ਕਰ ਸਕਦਾ ਹੈ। ਇਸ ਮੌਕੇ ਲੇਬਰ ਇੰਸਪੈਕਟਰ ਲਵਪ੍ਰੀਤ ਕੌਰ, ਸੁਪਰਵਾਈਜ਼ਰ ਜਸਵਿੰਦਰ ਕੌਰ, ਮੈਡੀਕਲ ਅਫ਼ਸਰ ਡਾ. ਧਮਿੰਦਰ ਗਰਗ, ਸਿਵਲ ਹਸਪਤਾਲ ਦੇ ਅਵਤਾਰ ਸਿੰਘ ਅਤੇ ਪੁਲਸ ਸਟੇਸ਼ਨ ਤੋਂ ਦੋ ਪੁਲਸ ਮੁਲਾਜ਼ਮ ਦਰਸ਼ਨ ਸਿੰਘ ਅਤੇ ਸਵਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ।


Related News